ਨਸ਼ੇ ਵਾਲੇ ਪਦਾਰਥਾਂ ਸਮੇਤ 3 ਗ੍ਰਿਫਤਾਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Sat, 02 May 2026 10:18 PM (IST)
Updated Date: Sun, 03 May 2026 04:20 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਬੱਲ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਏਐੱਸਆਈ ਸਰਵਣ ਸਿੰਘ ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੀਏਵਾਲ ਮੌਲਵੀਆਂ ਫਲਾਈਓਵਰ ਕੋਲੋਂ ਗੁਰਪ੍ਰੀਤ ਉਰਫ ਭਿੰਡੀ ਵਾਸੀ ਹਾਜੀਪੁਰ ਨੂੰ 30 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਉਕਤ ਮੁਲਜ਼ਮ ਖਿਲਾਫ ਪਹਿਲਾਂ ਵੀ ਲੁੱਟ-ਖੋਹ, ਅਸਲਾ ਐਕਟ ਤੇ ਨਸ਼ਾ ਤਸਕਰੀ ਦੇ 4 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਥਾਣਾ ਮਹਿਤਪੁਰ ਦੇ ਐੱਸਆਈ ਹਰਕੀਰਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਵੇਹਰਾਂ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੁਲਜ਼ਮ ’ਤੇ ਵੀ ਥਾਣਾ ਮਹਿਤਪੁਰ ਵਿਖੇ ਪਹਿਲਾਂ 2020 ਤੇ 2024 ਦੇ 2 ਅਪਰਾਧਿਕ ਮਾਮਲੇ ਦਰਜ ਹਨ। ਥਾਣਾ ਲੋਹੀਆਂ ਦੇ ਏਐੱਸਆਈ ਕਸ਼ਮੀਰ ਸਿੰਘ ਨੇ ਬਲਜਿੰਦਰ ਸਿੰਘ ਉਰਫ ਨੱਥਾ ਵਾਸੀ ਕੰਗ ਖੁਰਦ ਨੂੰ 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਰਿਕਾਰਡ ਅਨੁਸਾਰ ਇਸ ਮੁਲਜ਼ਮ ਖਿਲਾਫ ਪਹਿਲਾਂ ਵੀ 2025 ’ਚ ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।