ਨਕੋਦਰ ’ਚ ਲੱਗੇ ਗੱਦਾਰ ਦੇ ਪੋਸਟਰ ਲੋਕਤੰਤਰ ਮਰਿਆਦਾ ਖਿਲਾਫ : ਦਾਹੀਆ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Sat, 02 May 2026 10:15 PM (IST)
Updated Date: Sun, 03 May 2026 04:20 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ ਹਲਕੇ ਦੇ ਵੱਖ-ਵੱਖ ਇਲਾਕਿਆਂ ’ਚ ਕਈ ਥਾਵਾਂ ’ਤੇ ਅਜਿਹੇ ਬੋਰਡ ਲਾਏ ਗਏ ਹਨ, ਜਿਨ੍ਹਾਂ ’ਤੇ ਪੰਜਾਬ ਦੇ 6 ਰਾਜ ਸਭਾ ਮੈਂਬਰਾਂ ਦੀਆਂ ਤਸਵੀਰਾਂ ਲਾ ਕੇ ਹੇਠਾਂ ‘ਗੱਦਾਰ’ ਲਿਖਿਆ ਗਿਆ ਹੈ। ਇਹ ਕਾਰਵਾਈ ਜਿੱਥੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਉਥੇ ਹੀ ਲੋਕਤੰਤਰਕ ਮਰਿਆਦਾਵਾਂ ਦੇ ਖ਼ਿਲਾਫ਼ ਹੈ ਤੇ ਰਾਜਨੀਤੀ ਦੇ ਡਿੱਗਦੇ ਮਿਆਰ ਨੂੰ ਦਰਸਾਉਂਦੀ ਹੈ। ਇਨ੍ਹਾੀਂ ਵਿਚਾਰਾਂ ਦਾ ਪ੍ਰਗਟਾਵਾ ਨਕੋਦਰ ਕਾਂਗਰਸ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਨੇ ਇਕ ਪ੍ਰੈੱਸ ਨੋਟ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਬੋਰਡ ਲਾਉਣ ਵਾਲੇ ਕੌਣ ਹਨ? ਜੇਕਰ ਕਿਸੇ ਨੂੰ ਆਪਣੀ ਗੱਲ ’ਤੇ ਇੰਨਾ ਹੀ ਭਰੋਸਾ ਹੈ ਤਾਂ ਉਹ ਆਪਣੀ ਪਛਾਣ ਵੀ ਸਾਹਮਣੇ ਲਿਆਏ। ਲੁਪ ਕੇ ਦੂਜਿਆਂ ’ਤੇ ਦੋਸ਼ ਲਾਉਣਾ ਕਾਇਰਤਾ ਦੀ ਨਿਸ਼ਾਨੀ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਰਾਜ ਸਭਾ ਦੇ ਮੈਂਬਰ ਸਿੱਧੇ ਲੋਕਾਂ ਵੱਲੋਂ ਨਹੀਂ ਚੁਣੇ ਜਾਂਦੇ ਸਗੋਂ ਵਿਧਾਇਕਾਂ ਵੱਲੋਂ ਚੁਣੇ ਜਾਂਦੇ ਹਨ। ਪੰਜਾਬ ’ਚ ਇਹ ਚੋਣਾਂ ਵੀ ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਕੀਤੀਆਂ। ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰ ਕੇ ਕਿਸੇ ਨੂੰ ‘ਗੱਦਾਰ’ ਕਹਿਣਾ ਸਿਰਫ਼ ਰਾਜਨੀਤਕ ਨਾਟਕਬਾਜ਼ੀ ਹੈ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਹੋਰ ਪਾਰਟੀਆਂ ਦੇ ਨੇਤਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ ਪਰ ਜਦੋਂ ਉਹੀ ਨੇਤਾ ਪਾਰਟੀ ਛੱਡਦੇ ਹਨ ਤਾਂ ਉਨ੍ਹਾਂ ਨੂੰ ‘ਗੱਦਾਰ’ ਦਾ ਟੈਗ ਲਗਾ ਦਿੱਤਾ ਜਾਂਦਾ ਹੈ। ਇਹ ਦੋਹਰਾ ਮਾਪਦੰਡ ਸਾਫ਼ ਦਰਸਾਉਂਦਾ ਹੈ ਕਿ ਇਹ ਸਾਰੀ ਰਾਜਨੀਤੀ ਸਿਰਫ਼ ਸਹੂਲਤ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਪੰਜਾਬ ਦੀ ਜਨਤਾ ਸਮਝਦਾਰ ਹੈ ਤੇ ਅਸਲ ਗੱਦਾਰੀ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਅਸਲ ਗੱਦਾਰੀ ਉਹ ਹੈ, ਜਦ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕੀਤੀ ਜਾਵੇ, ਜਦੋਂ ਨਸ਼ੇ ਖਤਮ ਕਰਨ ਦੇ ਦਾਅਵੇ ਸਿਰਫ਼ ਕਾਗਜ਼ਾਂ ’ਤੇ ਰਹਿ ਜਾਣ, ਜਦੋਂ ਬੇਰੁਜ਼ਗਾਰੀ ਘਟਣ ਦੀ ਥਾਂ ਵਧਦੀ ਜਾਵੇ, ਜਦੋਂ ਕਿਸਾਨ ਅਜੇ ਵੀ ਇਨਸਾਫ ਲਈ ਭਟਕਦੇ ਰਹਿਣ। ਅੱਜ ਪੰਜਾਬ ’ਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਤੇ ਹਰ ਮੋਰਚੇ ’ਤੇ ਸੂਬਾ ਪਿੱਛੇ ਧੱਕਿਆ ਜਾ ਰਿਹਾ ਹੈ। ਇਹ ਹੈ ਅਸਲ ਗੱਦਾਰੀ। ਲੋਕਾਂ ਦੇ ਭਰੋਸੇ ਨਾਲ ਧੋਖਾ। ਅਸੀਂ ਸਪੱਸ਼ਟ ਕਹਿਣਾ ਚਾਹੁੰਦੇ ਹਾਂ ਕਿ ਜੇ ਕਿਸੇ ਨੂੰ ‘ਗੱਦਾਰ’ ਕਹਿਣਾ ਹੈ ਤਾਂ ਪਹਿਲਾਂ ਆਪਣੇ ਗਿਰੇਬਾਨ ’ਚ ਝਾਤ ਮਾਰਨੀ ਚਾਹੀਦੀ ਹੈ। ਨਕੋਦਰ ਦੀ ਧਰਤੀ ’ਤੇ ਡਰ ਤੇ ਲੁਕ ਕੇ ਰਾਜਨੀਤੀ ਨਹੀਂ ਚੱਲੇਗੀ, ਜਿਨ੍ਹਾਂ ਲੋਕਾਂ ਨੇ ਇਹ ਬੋਰਡ ਲਾਏ ਹਨ ਉਹ ਅੱਗੇ ਆ ਕੇ ਆਪਣੀ ਪਛਾਣ ਦੱਸਣ। ਪੰਜਾਬ ਦੀ ਜਨਤਾ ਹੁਣ ਜਾਗ ਚੁੱਕੀ ਹੈ ਤੇ ਸਮਾਂ ਆਉਣ ’ਤੇ ਇਸ ਤਰ੍ਹਾਂ ਦੀ ਨਾਕਾਰਾਤਮਕ ਰਾਜਨੀਤੀ ਦਾ ਢੁੱਕਵਾਂ ਜਵਾਬ ਦੇਵੇਗੀ।