ਮੋਟਰਸਾਈਕਲ ਸਵਾਰ ਔਰਤ ਦੀ ਵਾਲੀ ਝਪਟ ਕੇ ਫ਼ਰਾਰ
ਮਨਦੀਪ ਸਿੰਘ, ਪੰਜਾਬੀ ਜਾਗਰਣ,
Publish Date: Sat, 02 May 2026 09:20 PM (IST)
Updated Date: Sun, 03 May 2026 04:20 AM (IST)

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਰਾਮਪੁਰ ’ਚ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਔਰਤ ਦੀ ਵਾਲੀ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਿਤ ਸ਼ੀਲਾ ਰਾਣੀ ਵਾਸੀ ਰਾਮਪੁਰ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਉਹ ਪਿੰਡ ’ਚ ਕਰਿਆਨੇ ਦੀ ਦੁਕਾਨ ਤੋਂ ਕੁਝ ਜ਼ਰੂਰੀ ਸਾਮਾਨ ਲੈਣ ਗਏ ਸਨ, ਜਦੋਂ ਦੁਕਾਨ ਤੋਂ ਸਾਮਾਨ ਲੈ ਕੇ ਵਾਪਸ ਆ ਰਹੇ ਸਨ ਤਾਂ ਗਲੀ ’ਚ ਇੱਕ ਮੋਟਰਸਾਈਕਲ ’ਤੇ ਹੈਲਮਟ ਪਾਈ ਵਿਅਕਤੀ ਘੁੰਮ ਰਿਹਾ ਸੀ, ਜਿਸ ਨੇ ਉਸ ਕੋਲ ਆ ਕੇ ਪਤਾ ਪੁੱਛਣ ਦੇ ਬਹਾਨੇ ਇੱਕਦਮ ਵਾਲੀ ਝਪਟ ਲਈ ਤੇ ਮੋਟਰਸਾਈਕਲ ’ਤੇ ਪਿੰਡ ਦੇ ਬਾਹਰਲੇ ਪਾਸੇ ਨੂੰ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਪੀੜਿਤਾ ਨੇ ਰੌਲਾ ਪਾ ਦਿੱਤਾ ਤੇ ਆਸ-ਪਾਸ ਦੇ ਘਰਾਂ ਦੇ ਲੋਕ ਬਾਹਰ ਆ ਗਏ ਪਰ ਬਾਈਕ ਸਵਾਰ ਲੁਟੇਰਾ ਵਾਲੀ ਝਪਟ ਕੇ ਫਰਾਰ ਹੋ ਗਿਆ। ਪੀੜਤ ਪਰਿਵਾਰ ਵੱਲੋਂ ਇਸ ਸੂਚਨਾ ਥਾਣਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਥੇ ਪਿੰਡ ਰਾਮਪੁਰ ਦੇ ਸਰਪੰਚ ਪ੍ਰਭ ਦਿਆਲ ਨੇ ਦੱਸਿਆ ਕਿ ਲੁੱਟਾਂ-ਖੋਹਾਂ ਦਾ ਸਿਲਸਿਲਾ ਇੰਨਾ ਵਧ ਚੁੱਕਾ ਹੈ ਕਿ ਪਿੰਡ ’ਚ ਲੋਕਾਂ ਦਾ ਘਰ ’ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਵੀ ਹੈਲਮਟ ਪਾ ਕੇ ਘੁੰਮ ਰਹੇ ਲੁਟੇਰੇ ਵੱਲੋਂ ਪਿੰਡ ਦੇ ਇੱਕ ਹੋਰ ਲੜਕੀ ਨੂੰ ਨਿਸ਼ਾਨਾ ਬਣਾ ਕੇ ਉਸ ਤੋਂ ਵਾਲੀ ਝਪਟੀ ਗਈ ਸੀ। ਸਰਪੰਚ ਪ੍ਰਭ ਦਿਆਲ ਨੇ ਦੱਸਿਆ ਕਿ ਪੀੜਿਤਾ ਦਾ ਨਾਂ ਹੈਪੀ ਹੈ, ਜੋ ਕਿ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਸੈਰ ਕਰ ਰਹੀ ਸੀ ਤੇ ਜਦੋਂ ਘਰ ਨੂੰ ਵਾਪਸ ਆ ਰਹੀ ਸੀ ਤਾਂ ਇਸੇ ਹੀ ਮੋਟਰਸਾਈਕਲ ਸਵਾਰ ਨੌਜਵਾਨ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕਦਮ ਵਾਲੀ ਝਪਟ ਕੇ ਲਾਂਬੜੇ ਵੱਲ ਫ਼ਰਾਰ ਹੋ ਗਿਆ ਸੀ। ਸਰਪੰਚ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਕੁੱਲ 50 ਹਜ਼ਾਰ ਦੇ ਆਸ ਪਾਸ ਨੁਕਸਾਨ ਹੋ ਚੁੱਕਾ ਹੈ। ਹਰ ਰੋਜ਼ ਵਾਪਰਦੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀਆਂ ਦੇ ਦਿਲਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਰ ਕੇ ਇਲਾਕੇ ’ਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉੰਝ ਤਾਂ ਮਾਨ ਸਰਕਾਰ ਵੱਲੋਂ ਨਸ਼ਾਖੋਰੀ ਤੇ ਭਰਿਸ਼ਟਾਚਾਰ ਨੂੰ ਬੰਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੋ ਚਿੱਟੇ ਦਿਨ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ ਤੇ ਪੁਲਿਸ ਦੇ ਹੱਥ ਖਾਲੀ ਨਜ਼ਰ ਆਉਂਦੇ ਹਨ। ਇਲਾਕਾ ਨਿਵਾਸੀਆਂ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਅਪੀਲ ਹੈ ਕਿ ਲਾਂਬੜਾ ਇਲਾਕੇ ’ਚ ਪੁਲਿਸ ਗਸ਼ਤ ਨੂੰ ਵਧਾਇਆ ਜਾਵੇ ਤੇ ਨਾਕਾਬੰਦੀ ਕੀਤੀ ਜਾਵੇ।