17 ਨਵੀਆਂ ਗੱਡੀਆਂ ਦੀ ਚੋਰੀ ਹੋਈਆਂ ਬੈਟਰੀਆਂ ਦੀ ਪੜਤਾਲ ਠੰਢੇ ਬਸਤੇ ’ਚ
ਚੋਰੀ ਨੂੰ ਨਿਗਮ ਪ੍ਰਸ਼ਾਸਨ
Publish Date: Sat, 02 May 2026 09:11 PM (IST)
Updated Date: Sun, 03 May 2026 04:18 AM (IST)

ਚੋਰੀ ਨੂੰ ਨਿਗਮ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ ਲੱਗਭਗ 4 ਮਹੀਨੇ ਪਹਿਲਾਂ ਨਗਰ ਨਿਗਮ ਕੈਂਪਸ ’ਚ ਆਈਆਂ 17 ਚਾਰ ਪਹੀਆ ਇਲੈਕਟ੍ਰਾਨਿਕ ਗੱਡੀਆਂ ਦੀਆਂ ਚੋਰੀ ਹੋਈਆਂ ਬੈਟਰੀਆਂ ਦੇ ਮਾਮਲੇ ਨੂੰ ਨਿਗਮ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਸ ਮਾਮਲੇ ’ਚ ਅਜੇ ਤਕ ਕਿਸੇ ਦੋਸ਼ੀ ਦਾ ਪਤਾ ਨਹੀਂ ਲਾਇਆ ਜਾ ਸਕਿਆ ਤੇ ਨਾ ਹੀ ਪੁਲਿਸ ’ਚ ਕੇਸ ਦਰਜ ਕਰਾਇਆ ਗਿਆ। ਇਸ ਤੋਂ ਇਲਾਵਾ ਚੋਰੀ ਬੈਟਰੀਆਂ ਦੀ ਜਾਂਚ ਅਮਲਾ ਸੁਪਰਡੈਂਟ ਨੂੰ ਦਿੱਤੀ ਗਈ ਸੀ, ਉਸ ਨੂੰ ਵੀ ਅਜੇ ਤਕ ਜਨਤਕ ਨਹੀਂ ਕੀਤਾ ਜਾ ਸਕਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਾਂਚ ਵੀ ਠੰਢੇ ਬਸਤੇ ’ਚ ਬੰਦ ਕਰ ਕੇ ਰੱਖ ਦਿੱਤੀ ਗਈ ਹੈ। ਨਗਰ ਨਿਗਮ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਨਿਗਮ ਕੈਂਪਸ ’ਚ ਜਿੱਥੇ ਰਾਤ ਨੂੰ ਬਕਾਇਦਾ ਚੌਕੀਦਾਰ ਦਾ ਪਹਿਰਾ ਹੁੰਦਾ ਹੈ, 17 ਨਵੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਜਾਣ। ਇਸ ਤੋਂ ਪਹਿਲਾਂ ਨਗਰ ਨਿਗਮ ’ਚ ਚੋਰੀ ਦੀਆਂ ਮੁਾਮੁਲੀ ਘਟਨਾਵਾਂ ਤਾਂ ਹੁੰਦੀਆਂ ਰਹੀਆਂ ਹਨ ਪਰ ਇਹ ਤਾਂ ਬਹੁਤ ਹੀ ਵੱਡਾ ਮਾਮਲਾ ਹੈ ਕਿ ਚੌਕੀਦਾਰ ਦੀ ਮੌਜੂਦਗੀ ’ਚ ਨਵੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਜਾਣ। ਇਸ ਮਾਮਲੇ ’ਚ ਜਦ ਕਿਸੇ ਸਬੰਧਤ ਅਧਿਕਾਰੀ ਨਾਲ ਗਲਬਾਤ ਕੀਤੀ ਜਾਂਦੀ ਹੈ ਤਾਂ ਉਸ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਨਿਗਮ ਕਮਿਸ਼ਨਰ ਦੀ ਹਦਾਇਤ ’ਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਭੇਜ ਦਿੱਤਾ ਗਿਆ ਹੈ ਪਰ ਅੱਗੇ ਕੇਸ ਦਰਜ ਹੋਇਆ ਜਾਂ ਨਹੀਂ ਇਸ ਬਾਰੇ ਕਿਸੇ ਵੀ ਅਧਿਕਾਰੀ ਨੇ ਪਤਾ ਲਾਉਣ ਦਾ ਯਤਨ ਤਕ ਨਹੀਂ ਕੀਤਾ। ਬਾਕਸ-- ਓਐਂਡਐੱਮ ਅਧੀਨ ਸਨ ਗੱਡੀਆਂ ਉਕਤ ਚਾਰਪਹੀਆ ਇਲੈਕਟ੍ਰਾਨਿਕ ਗੱਡੀਆਂ ਨਗਰ ਨਿਗਮ ਦੀ ਓਐਂਡਐੱਮ ਬਰਾਂਚ ਅਧੀਨ ਸਨ ਤੇ ਜਦ ਇਹ ਏਜੰਸੀ ਤੋਂ ਲਿਆਂਦੀਆਂ ਗਈਆਂ ਤਾਂ ਇਨ੍ਹਾਂ ਨੂੰ ਲੰਮਾ ਪਿੰਡ ਚੌਕ ਸਥਿਤ ਵਰਕਸ਼ਾਪ ਦੀ ਥਾਂ ’ਤੇ ਨਗਰ ਨਿਗਮ ਕੈਂਪਸ ’ਚ ਖੜ੍ਹਾ ਕਰ ਦਿੱਤਾ ਗਿਆ ਤੇ ਇਹ ਗੱਡੀਆਂ ਲੱਗਭਗ ਇਕ ਮਹੀਨਾ ਉਥੇ ਖੜ੍ਹੀਆਂ ਰਹੀਆਂ ਤੇ ਇਹ ਕਿਹਾ ਜਾਂਦਾ ਰਿਹਾ ਕਿ ਇਨ੍ਹਾਂ ਦੀ ਟਰਾਂਸਪੋਰਟ ਮਹਿਕਮੇ ’ਚ ਰਜਿਸਟ੍ਰੇਸ਼ਨ ਹੋਣੀ ਹੈ ਤੇ ਉਸ ਤੋਂ ਬਾਅਦ ਸੜਕ ’ਤੇ ਆਉਣੀਆਂ ਸਨ ਪਰ ਇਸ ਦੌਰਾਨ ਉਕਤ 17 ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ। ਉਕਤ ਗੱਡੀਆਂ ਦੀਆਂ ਬੈਟਰੀਆਂ ਚੋਰੀ ਦਾ ਪਤਾ ਜਦ ਮੇਅਰ ਵਿਨੀਤ ਧੀਰ ਨੂੰ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਸੀ, ਜਿਸ ’ਤੇ ਕਮਿਸ਼ਨਰ ਨੇ ਤੁਰੰਤ ਐੱਫਆਈਆਰ ਦਰਜ ਕਰਾਉਣ ਦੀ ਹਦਾਇਤ ਓਐਂਡਐੱਮ ਬਰਾਂਚ ਦੇ ਐੱਸਈ ਜਸਪਾਲ ਸਿੰਘ ਨੂੰ ਕੀਤੀ ਸੀ, ਜਿਨ੍ਹਾਂ ਨੇ ਅੱਗੇ ਐੱਸਡੀਓ ਨੂੰ ਐੱਫਆਈਆਰ ਦਰਜ ਕਰਾਉਣ ਲਈ ਹਦਾਇਤ ਕੀਤੀ ਸੀ, ਜਿਸ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ ਕਿ ਕੇਸ ਦਰਜ ਹੋਇਆ ਜਾਂ ਨਹੀਂ, ਜੇ ਕੇਸ ਦਰਜ ਹੋਇਆ ਹੁੰਦਾ ਤਾਂ ਅੱਜ ਤਕ ਬੈਟਰੀ ਚੋਰਾਂ ਦਾ ਪਤਾ ਲੱਗ ਜਾਣਾ ਸੀ ਤੇ ਇਹ ਵੀ ਪਤਾ ਚੱਲ ਜਾਣਾ ਸੀ ਕਿ ਉਹ ਕੌਣ ਸਨ ਤੇ ਕਿੱਥੇ ਦੇ ਸਨ। ਉਕਤ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਸਬੰਧੀ ਅੱਜ ਤਕ ਚੌਕੀਦਾਰ ਤੋਂ ਪੁੱਛਗਿੱਛ ਤਕ ਨਹੀਂ ਕੀਤੀ ਗਈ, ਕਿਉਂਕਿ ਉਸ ਦੀ ਡਿਊਟੀ ਦੌਰਾਨ ਹੀ ਉਕਤ ਚੋਰੀ ਕਾਂਡ ਹੋਇਆ ਸੀ। ਬਾਕਸ-- ਐੱਫਆਈਆਰ ਦਾ ਪਤਾ ਨਹੀ : ਮੇਅਰ ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਉਕਤ ਮਾਮਲੇ ’ਚ ਐੱਫਆਈਆਰ ਦੇ ਹੁਕਮ ਤਾਂ ਹੋਏ ਸਨ ਪਰ ਇਸ ਬਾਰੇ ਅਜੇ ਪੂਰਾ ਪਤਾ ਨਹੀਂ ਹੈ ਤੇ ਹੋ ਸਕਦਾ ਹੈ ਕਿ ਅਣਪਛਾਤੇ ਵਿਅਕਤੀਆਂ ’ਤੇ ਐੱਫਆਈਆਰ ਦਰਜ ਹੋਈ ਹੋਵੇ ਤੇ ਇਸ ਦਾ ਪਤਾ ਸੋਮਵਾਰ ਨੂੰ ਹੀ ਲੱਗ ਸਕਦਾ ਹੈ।