ਕਣਕ ਦੀ ਖਰੀਦ ਦਾ 98 ਫੀਸਦੀ ਟੀਚਾ ਮੁਕੰਮਲ : ਤਜਿੰਦਰ ਕੁਮਾਰ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ,
Publish Date: Sat, 02 May 2026 08:29 PM (IST)
Updated Date: Sun, 03 May 2026 04:18 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਇਸ ਵਾਰ ਕਣਕ ਦੇ ਪੱਕਣ ਵਾਲੇ ਦਿਨਾਂ ਦੌਰਾਨ ਮੌਸਮ ਦੇ ਬਦਲਦੇ ਰਹੇ ਮਿਜ਼ਾਜ, ਬੀਜਾਂਦ ਹੇਠ ਘਟੇ ਰਕਬੇ ਦੀਆਂ ਕਿਆਸ ਅਰਾਈਆਂ ਕਾਰਨ ਅੰਦਾਜ਼ੇ ਲਾਏ ਜਾ ਰਹੇ ਸਨ, ਕਿ ਫਸਲ ਦੀ ਆਮਦ ਪਿਛਲੇ ਸਾਲ ਦੇ ਮੁਕਾਬਲਤਨ ਕਾਫੀ ਘਟੇਗੀ। ਸ਼ਨਿੱਚਰਵਾਰ ਨੂੰ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ 11 ਮੰਡੀਆ ਦੀ ਇੱਕਤਰ ਕੀਤੀ ਰਿਪੋਰਟ ਅਨੁਸਾਰ 4,44,711 ਕੁਇੰਟਲ ਕਣਕ ਖਰੀਦੀ ਜਾ ਚੁੱਕੀ ਹੈ। ਇਹ ਖਰੀਦ ਪਿਛਲੇ ਸਾਲ ਦੀ 4,52,522 ਕੁਇੰਟਲ ਖਰੀਦ ਦੇ ਮੁਕਾਬਲੇ 7811 ਕੁਇੰਟਲ ਯਾਨੀ 2 ਫੀਸਦੀ ਘੱਟ ਹੈ। ਅੰਦਾਜ਼ੇ ਲਾਏ ਜਾ ਰਹੇ ਸਨ ਕਿ ਕਣਕ ਦੀ ਖਰੀਦ 15 ਤੋਂ 20 ਫੀਸਦੀ ਘੱਟ ਸਕਦੀ ਹੈ। ਉੱਪ ਜ਼ਿਲ੍ਹਾ ਮੰਡੀ ਅਫ਼ਸਰ ਤਜਿੰਦਰ ਕੁਮਾਰ ਜਿਹੜੇ ਮਾਰਕੀਟ ਕਮੇਟੀ ਸ਼ਾਹਕੋਟ ਦਾ ਕੰਮ ਵੀ ਦੇਖਦੇ ਹਨ, ਨੇ ਜਾਣਕਾਰੀ ਦਿੱਤੀ ਕਿ ਖ਼ਦਸ਼ਿਆਂ ਦੇ ਬਾਵਜੂਦ ਇਸ ਖੇਤਰ ’ਚ ਕਣਕ ਦੀ ਚੰਗੀ ਪੈਦਵਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਲਿਫ਼ਟਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਫਿਰ ਵੀ ਦੋ ਮਈ ਤੱਕ 67 ਫੀਸਦੀ ਲਿਫਟਿੰਗ ਦਾ ਕੰਮ ਹੋ ਚੁੱਕਾ ਹੈ। ਉੱਪ ਜ਼ਿਲਾ ਮੰਡੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਮਾਰਕਫੈੱਡ, ਪਨਸਪ, ਵੇਅਰਹਾਊਸ ਤੇ ਪਨਗਰੇਨ ਵੱਲੋਂ ਖਰੀਦ ਕੀਤੀ ਗਈ ਹੈ। ਸਾਰੀਆਂ ਖਰੀਦ ਏਜੰਸੀਆਂ ’ਚੋਂ ਪਨਸਪ ਖਰੀਦ ਕਰਨ ’ਚ ਮੋਹਰੀ ਰਹੀ। ਇਸ ਨੇ 2,94,706 ਕੁਇੰਟਲ ਕਣਕ ਖਰੀਦੀ ਹੈ। 2 ਮਈ ਤੱਕ ਮਾਰਕਫੈੱਡ ਨੇ 41186 ਕੁਇੰਟਲ, ਵੇਅਰਹਾਊਸ ਨੇ 76320 ਕੁਇੰਟਲ ਤੇ ਪਨਗਰੇਨ ਨੇ 32500 ਕੁਇੰਟਲ ਕਣਕ ਖਰੀਦੀ ਹੈ। ਖਰੀਦੀ ਗਈ ਕਣਕ ਦੀ ਖਰੀਦ ਏਜੰਸੀਆਂ ਵੱਲੋਂ 20 ਅਪ੍ਰੈਲ ਤੋਂ 26 ਅਪ੍ਰੈਲ ਤੱਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਯਾਰਡ ਸ਼ਾਹਕੋਟ ’ਚ 1,01,963 ਕੁਇੰਟਲ, ਸਬ-ਯਾਰਡ ਮਲਸੀਆਂ ’ਚ 12900 ਕੁਇੰਟਲ, ਖਰੀਦ ਕੇਂਦਰ ਪੂਨੀਆ ’ਚ 73243 ਕੁਇੰਟਲ, ਲਸੂੜੀ ’ਚ 51192 ਕੁਇੰਟਲ, ਪਰਜੀਆ ਕਲਾਂ ’ਚ 79776 ਕੁਇੰਟਲ, ਰੂਪੇਵਾਲ 198 ਕੁਇੰਟਲ, ਕੁਲਾਰ 493 ਕੁਇੰਟਲ, ਭੁੱਲਰ 8178 ਕੁਇੰਟਲ, ਤਲਵੰਡੀ 28614 ਕੁਇੰਟਲ, ਕੋਹਾੜ ਕਲਾਂ 44074 ਕੁਇੰਟਲ ਤੇ ਸੋਹਲ ਜਗੀਰ ’ਚ 44081 ਕੁਇੰਟਲ ਦੀ ਖਰੀਦ ਹੋਈ।