ਭੋਜੋਵਾਲ ‘ਚ ਟਿਕਾਊ ਵਿਕਾਸ ਮਾਡਲ ਦੀ ਸ਼ੁਰੂਆਤ
ਵਿਸ਼ੇਸ਼ ਪ੍ਰੋਗਰਾਮ ’ਚ ਵਿਦਿਆਰਥੀਆਂ
Publish Date: Sat, 02 May 2026 08:23 PM (IST)
Updated Date: Sun, 03 May 2026 04:18 AM (IST)

ਵਿਸ਼ੇਸ਼ ਪ੍ਰੋਗਰਾਮ ’ਚ ਵਿਦਿਆਰਥੀਆਂ ਤੇ ਮਾਪਿਆਂ ਦੀ ਵੱਡੀ ਭਾਗੀਦਾਰੀ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ ਜਲੰਧਰ ਦੇ ਭੋਜੋਵਾਲ ਪਿੰਡ ’ਚ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਟਿਕਾਊ ਗ੍ਰਾਮੀਣ ਵਿਕਾਸ ਮਾਡਲ ਦੀ ਸ਼ੁਰੂਆਤ ਸਬੰਧੀ ਇੱਕ ਵਿਸ਼ੇਸ਼ ਤੇ ਵਿਸਤ੍ਰਿਤ ਪ੍ਰੋਗਰਾਮ ਪਿੰਡ ਦੇ ਪ੍ਰਾਇਮਰੀ ਸਮਾਰਟ ਸਕੂਲ ’ਚ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਪਿੰਡ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਤੇ ਪ੍ਰੋਗਰਾਮ ਨੂੰ ਸਫਲ ਬਣਾਇਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਭੋਜੋਵਾਲ ਪਿੰਡ ਨੂੰ ਇੱਕ ਮਿਸਾਲੀ ਤੇ ਆਤਮ-ਨਿਰਭਰ ਮਾਡਲ ਵਜੋਂ ਵਿਕਸਤ ਕਰਨਾ ਹੈ, ਜਿਸ ’ਚ ਪਾਣੀ ਸੰਭਾਲ, ਟਿਕਾਊ ਖੇਤੀਬਾੜੀ, ਉੱਚ ਗੁਣਵੱਤਾ ਵਾਲੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ, ਸਾਫ਼ ਊਰਜਾ ਤੇ ਸਥਾਨਕ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਖੇਤਰ ’ਚ ਵੀ ਵੱਡੇ ਬਦਲਾਅ ਲਿਆਉਣ ਦੀ ਯੋਜਨਾ ਹੈ। ਕਿਸਾਨਾਂ ਨੂੰ ਰਵਾਇਤੀ ਕਣਕ ਤੇ ਝੋਨੇ ਦੇ ਚੱਕਰ ਤੋਂ ਹਟ ਕੇ ਮੱਕੀ, ਦਾਲਾਂ, ਫਲ ਤੇ ਸਬਜ਼ੀਆਂ ਵੱਲ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਮਦਨ ’ਚ ਵਾਧਾ ਹੋ ਸਕੇ। ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਸਿੱਖਿਆ ਤੇ ਹੁਨਰ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੀ ਕਈ ਉਪਰਾਲੇ ਕੀਤੇ ਜਾਣਗੇ। ਇਸ ਦੇ ਨਾਲ ਹੀ ਪਿੰਡ ’ਚ ਸਾਫ਼ ਊਰਜਾ ਤੇ ਆਧੁਨਿਕ ਬੁਨਿਆਦੀ ਢਾਂਚੇ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਛੱਤਾਂ ’ਤੇ ਸੂਰਜੀ ਊਰਜਾ ਪ੍ਰਣਾਲੀਆਂ, ਸੂਰਜੀ ਸਟਰੀਟ ਲਾਈਟਾਂ, ਕੂੜਾ ਪ੍ਰਬੰਧਨ ਪ੍ਰਣਾਲੀ, ਬਾਇੋਗੈਸ ਪਲਾਂਟ ਤੇ ਸੜਕਾਂ ਤੇ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾਣਗੇ। ਪਿੰਡ ਦੇ ਆਰਥਿਕ ਵਿਕਾਸ ਲਈ ਸਥਾਨਕ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੀ ਯਤਨ ਕੀਤੇ ਜਾਣਗੇ। ਇਸ ’ਚ ਪਿੰਡ ਪੱਧਰੀ ਵਪਾਰ ਪ੍ਰੋਤਸਾਹਨ ਕੇਂਦਰ, ਮਹਿਲਾ ਸਵੈ-ਸਹਾਇਤਾ ਸਮੂਹ, ਡਿਜੀਟਲ ਕੰਮ ਕੇਂਦਰ ਤੇ ਹਫਤਾਵਾਰੀ ਕਿਸਾਨ ਮੰਡੀ ਵਰਗੇ ਉਪਰਾਲੇ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ ਦੇ ਚੇਅਰਮੈਨ ਤੇ ਚਾਂਸਲਰ ਬਲਜੀਤ ਸਿੰਘ ਨੇ ਆਪਣੇ ਸੰਬੋਧਨ ’ਚ ਪੰਜਾਬ ਦੇ ਵਿਕਾਸ ਲਈ ਆਪਣੇ ਵਿਜ਼ਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਇਸ ਮੌਕੇ ਸਕੂਲ ’ਚ ਹੋਏ ਇਸ ਪ੍ਰੋਗਰਾਮ ਦੌਰਾਨ ਸਰਪੰਚ ਰੇਨੂ ਰਾਣੀ, ਪੰਚਾਇਤ ਮੈਂਬਰ ਪਰਮ ਕੁਮਾਰ, ਸੁਰਜੀਤ ਸਿੰਘ, ਕਿਸਾਨ ਵਿੰਗ ਬਲਾਕ ਮੁਖੀ ਸੁਖਵਿੰਦਰ ਸਿੰਘ (ਸੁਖਾ), ਗੁਰਮਿੰਦਰ ਸਿੰਘ, ਹਰਕਮਲ ਸਿੰਘ ਤੇ ਬਿਕਰਮਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਪ੍ਰੋਗਰਾਮ ’ਚ ਜੀਪੀਐੱਸ ਭੋਜੋਵਾਲ ਤੋਂ ਨਵਨੀਤ ਕੌਰ, ਰੇਸ਼ਮੋ ਸੋਂਧੀ ਤੇ ਐੱਸਐੱਮਸੀ ਚੇਅਰਪਰਸਨ ਬਲਵੰਤ ਕੌਰ ਸ਼ਾਮਲ ਸਨ। ਇਸ ਤੋਂ ਇਲਾਵਾ ਅਧਿਆਪਕਾਂ ’ਚ ਜੀਐੱਚਐੱਸ ਭੋਜੋਵਾਲ ਤੋਂ ਜਗਦੀਸ਼ ਸਿੰਘ, ਗੁਰਜੀਤ ਸਿੰਘ, ਕਮਲਜੀਤ ਕੌਰ ਤੇ ਕਵਿਤਾ ਵੀ ਮੌਕੇ ’ਤੇ ਮੌਜੂਦ ਰਹੇ।