ਪ੍ਰੇਮ ’ਚ ਅਥਾਹ ਸ਼ਕਤੀ ਹੁੰਦੀ ਹੈ : ਭਾਰਤੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 02 May 2026 06:54 PM (IST)
Updated Date: Sun, 03 May 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਿਓਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ੍ਰੀ ਰਾਮ ਮੰਦਿਰ, ਜੰਞ ਘਰ, ਭੋਗਪੁਰ ਵਿਖੇ ਚਾਰ ਰੋਜ਼ਾ ਸ਼੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਇਸ ਤਹਿਤ ਦੂਜੇ ਦਿਨ ਦਿਵਯ ਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਮੇਧਾਵੀ ਭਾਰਤੀ ਜੀ ਨੇ ਕਿਹਾ ਕਿ ਪ੍ਰਮਾਤਮਾ ਸਿਰਫ਼ ਦੁਸ਼ਟਾਂ ਦਾ ਨਾਸ਼ ਕਰਨ ਲਈ ਹੀ ਅਵਤਾਰ ਲੈ ਕੇ ਨਹੀਂ ਆਉਂਦੇ ਸਗੋਂ ਉਨ੍ਹਾਂ ਦੇ ਅਵਤਾਰ ਦਾ ਟੀਚਾ ਭਗਤ ਦਾ ਪ੍ਰੇਮ ਪਾਉਣਾ ਵੀ ਹੁੰਦਾ ਹੈ, ਕਿਉਂਕਿ ਪ੍ਰੇਮ ’ਚ ਅਥਾਹ ਸ਼ਕਤੀ ਹੁੰਦੀ ਹੈ। ਭਗਤ ਦੇ ਪ੍ਰੇਮ ਵੱਸ ਹੋ ਕੇ ਹੀ ਪ੍ਰਭੂ ਸਾਕਾਰ ਰੂਪ ਧਾਰਨ ਕਰਦੇ ਹਨ ਤੇ ਉਨ੍ਹਾਂ ਦੇ ਵਿਹੜੇ ’ਚ ਖੇਡਣ ਲਈ ਵੀ ਮਜਬੂਰ ਹੋ ਜਾਂਦੇ ਹਨ। ਪ੍ਰਭੂ ਪ੍ਰੇਮ ਦੇ ਭੁੱਖੇ ਹਨ, ਭਗਤ ਹੀ ਉਨ੍ਹਾਂ ਦੀ ਸ਼ਾਨ ਤੇ ਉਨ੍ਹਾਂ ਦੇ ਮੁਕਟ ਦੀ ਮਣੀ ਹਨ। ਪ੍ਰਭੂ ਜੇਕਰ ਸੰਪੂਰਨ ਸੱਤਵ ਦੇ ਨਾਲ ਖਿੜੇ ਹੋਏ ਫੁੱਲ ਹਨ ਤਾਂ ਭਗਤ ਉਹ ਜ਼ਮੀਨ ਹੈ ਜੋ ਉਸ ਫੁੱਲ ਨੂੰ ਖਿੜਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸੇ ਲਈ ਤੁਲਸੀਦਾਸ ਜੀ ਕਹਿੰਦੇ ਹਨ ਕਿ ਰਾਮ ਜੀ ਦੇ ਚਰਿੱਤਰ ਨੂੰ ਅਕਾਸ਼ ਵਰਗੀ ਉਚਾਈ ਇਸ ਲਈ ਮਿਲ ਸਕੀ, ਕਿਉਂਕਿ ਉਨ੍ਹਾਂ ਨੂੰ ਭਰਤ ਦੇ ਪ੍ਰੇਮ ਵਰਗੀ ਜ਼ਮੀਨ ਮਿਲੀ। ਸਾਧਵੀ ਜੀ ਨੇ ਕਿਹਾ ਕਿ ਅਜਿਹਾ ਪ੍ਰੇਮ ਉਦੋਂ ਪੈਦਾ ਹੁੰਦਾ ਹੈ ਜਦੋਂ ਇੱਕ ਭਗਤ ਉਸ ਭਗਤੀ ਨਾਲ ਜੁੜਦਾ ਹੈ। ਇਸ ਲਈ ਮਹਾਂਪੁਰਖ ਕਹਿੰਦੇ ਹਨ ਕਿ ਪ੍ਰਮਾਤਮਾ ਨੂੰ ਜਾਣੇ ਬਿਨਾਂ ਇਹ ਪ੍ਰੇਮ ਪੈਦਾ ਨਹੀਂ ਹੋ ਸਕਦਾ। ਪ੍ਰਕਾਸ਼ ਸਰੂਪ ਜਗਤ ਜਨਨੀ ਮਾਂ ਜਗਦੰਬਾ ਨੂੰ ਆਪਣੇ ਅੰਤਰ ਮਨ ’ਚ ਦੇਖ ਲੈਣਾ ਹੀ ਬ੍ਰਹਮ ਵਿੱਦਿਆ ਯਾਨੀ ਅਪਰਾ ਵਿੱਦਿਆ ਹੈ ਤੇ ਇਸ ਵਿੱਦਿਆ ਨੂੰ ਪ੍ਰਾਪਤ ਕਰ ਕੇ ਹੀ ਮਨੁੱਖ ਦੇ ਅੰਦਰ ਨਿਮਰਤਾ ਦਾ ਭਾਵ ਆਉਂਦਾ ਹੈ। ਇਸ ਲਈ ਭਗਵਾਨ ਸ਼ਿਵ ਦਾ ਜਾਗ੍ਰਿਤ ਤੀਜਾ ਨੇਤਰ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਪੂਰਨ ਗੁਰੂ ਦੀ ਸ਼ਰਨ ਪ੍ਰਾਪਤ ਕਰ ਕੇ ਆਪਣਾ ਇਹ ਸ਼ਿਵ-ਨੇਤਰ ਜਾਗ੍ਰਿਤ ਕਰਵਾਈਏ, ਜਿਵੇਂ ਹੀ ਸਾਡਾ ਇਹ ਨੇਤਰ ਖੁੱਲ੍ਹੇਗਾ ਅਸੀਂ ਆਪਣੇ ਅੰਦਰ ਸਮਾਈ ਬ੍ਰਹਮ-ਸੱਤਾ, ਜੋ ਕਿ ਪ੍ਰਕਾਸ਼ ਰੂਪ ਵਿੱਚ ਮੌਜੂਦ ਹੈ, ਉਸ ਦਾ ਸਾਖਸ਼ਾਤਕਾਰ ਕਰਾਂਗੇ। ਸ਼ਿਵ ਕਥਾ ਦੌਰਾਨ ਸਾਧਵੀ ਮਨਜਿੰਦਰ ਭਾਰਤੀ, ਸਾਧਵੀ ਰੀਤਾ ਭਾਰਤੀ, ਸਾਧਵੀ ਆਰਤੀ ਭਾਰਤੀ ਤੇ ਸਾਧਵੀ ਰੇਖਾ ਭਾਰਤੀ ਵੱਲੋਂ ਸ਼ਿਵਮਈ ਭਜਨ ਗਾਏ ਗਏ। ਕਥਾ ਦੇ ਅੰਤ ’ਚ ਪ੍ਰਭੂ ਦੀ ਪਾਵਨ ਆਰਤੀ ਕੀਤੀ ਗਈ। ਇਸ ਮੌਕੇ ਜਸਪਾਲ ਜੀ, ਤਲਵਾੜ ਜੀ, ਇੰਦਰਜੀਤ ਮਹਿਤਾ, ਨੀਤੀ ਅਰੋੜਾ (ਐੱਮਸੀ), ਜੀਤ ਰਾਣੀ (ਐੱਮਸੀ), ਮਨੀਸ਼ ਕੁਮਾਰ (ਐੱਮਸੀ), ਰਾਕੇਸ਼ ਕੁਮਾਰ ਬੱਗਾ (ਐੱਮਸੀ), ਚਰਨ ਦਾਸ, ਅੰਮ੍ਰਿਤ ਵਰਸ਼ਾ ਅਰੋੜਾ, ਸਕੀਨੀ ਅਰੋੜਾ, ਰਾਜ ਕੁਮਾਰ ਰਾਜਾ (ਪ੍ਰਧਾਨ ਨਗਰ ਕੌਂਸਲ ਭੋਗਪੁਰ), ਰਾਜੀਵ ਖੋਸਲਾ, ਜਤਿੰਦਰ ਕੁਮਾਰ, ਸ਼ਾਕਿਨੀ ਅਰੋੜਾ, ਕਿਸ਼ੋਰੀ ਲਾਲ ਤੇ ਸੰਦੇਸ਼ ਭੱਲਾ ਨੇ ਸ਼ਰਧਾ ਨਾਲ ਹਿੱਸਾ ਲਿਆ।