330 ਗ੍ਰਾਮ ਹੈਰੋਇਨ, ਚਾਰ ਪਿਸਤੌਲਾਂ ਤੇ ਅੱਠ ਰੌਂਦਾਂ ਸਣੇ ਅੱਠ ਗ੍ਰਿਫ਼ਤਾਰ
8 ਨਸ਼ਾ ਤਸਕਰ ਤੇ ਮੁਲਜ਼ਮ ਗ੍ਰਿਫ਼ਤਾਰ
Publish Date: Sun, 19 Apr 2026 10:56 PM (IST)
Updated Date: Mon, 20 Apr 2026 04:13 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਵਾਰ ਫਿਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਾਲੇ ਮੁਲਜ਼ਮਾਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਇਸ ਦੌਰਾਨ ਸੀਆਈਏ ਸਟਾਫ ਦੀ ਟੀਮ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨਾ ਦੇ ਕਬਜ਼ੇ ’ਚੋਂ 330 ਗ੍ਰਾਮ ਹੈਰੋਇਨ, 4 ਗ਼ੈਰ-ਕਾਨੂੰਨੀ ਪਿਸਤੌਲਾਂ ਤੇ 8 ਕਾਰਤੂਸ ਬਰਾਮਦ ਕੀਤੇ ਹਨ। ਦਮੋਰੀਆ ਪੁਲ ਨੇੜੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੀ ਪਹਿਲੀ ਟੀਮ ਨੇ ਅਮਰਜੀਤ ਸਿੰਘ ਉਰਫ਼ ਬੱਗਾ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਪੁਲਿਸ ਨੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ’ਚੋਂ 100 ਗ੍ਰਾਮ ਹੈਰੋਇਨ, ਇਕ ਉੱਚ-ਗੁਣਵੱਤਾ ਵਾਲੀ ਗਲੌਕ ਪਿਸਤੌਲ ਤੇ 2 ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਦੇ ਸਾਥੀ ਗੁਰਬੇਜ ਸਿੰਘ ਨੂੰ ਵੀ 1 ਪਿਸਤੌਲ ਤੇ 2 ਕਾਰਤੂਸਾਂ ਸਮੇਤ ਹਿਰਾਸਤ ’ਚ ਲਿਆ ਗਿਆ। ਇਕ ਹੋਰ ਮਹੱਤਵਪੂਰਨ ਸਫਲਤਾ ’ਚ ਪੁਲਿਸ ਨੇ ਗਾਂਧੀ ਕੈਂਪ ਕਰਾਸਿੰਗ ਨੇੜੇ ਦੋ ਭਰਾਵਾਂ ਅਜੇ ਮਸੀਹ ਉਰਫ਼ ਕਾਲੂ ਤੇ ਵਿਜੇ ਮਸੀਹ ਉਰਫ਼ ਕਾਕੂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ’ਚੋਂ ਪੁਲਿਸ ਨੇ 2 ਗ਼ੈਰ-ਕਾਨੂੰਨੀ ਪਿਸਤੌਲ ਤੇ 4 ਕਾਰਤੂਸ ਬਰਾਮਦ ਕੀਤੇ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਤੇ ਕਾਰਵਾਈ ਕਰਦੇ ਸੰਨੀ ਕੁਮਾਰ ਉਰਫ਼ ਸੋਨੀ ਵਾਸੀ ਬਾਬਰੀਕ ਚੌਕ ਤੋਂ 100 ਗ੍ਰਾਮ ਹੈਰੋਇਨ, ਮੁਨੀਸ਼ ਕੁਮਾਰ ਉਰਫ਼ ਸੋਨੀ ਬਾਬਾ ਬੁੱਧ ਜੀ ਪੁਲ ਨੇੜੇ 20 ਗ੍ਰਾਮ ਹੈਰੋਇਨ, ਅਰਸ਼ਦੀਪ ਉਰਫ਼ ਪਵਨ: ਬਾਬਾ ਬੁੱਧ ਜੀ ਪੁਲ ਨੇੜੇ 40 ਗ੍ਰਾਮ ਹੈਰੋਇਨ ਤੇ ਪ੍ਰਿਤਪਾਲ ਸਿੰਘ ਉਰਫ਼ ਪ੍ਰੀਤ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚੋਂ ਅਜੈ ਮਸੀਹ ਉਰਫ਼ ਕਾਲੂ ਇਕ ਬਦਨਾਮ ਮੁਲਜ਼ਮ ਹੈ ਜਿਸਦੇ ਵਿਰੁੱਧ ਪਹਿਲਾਂ ਹੀ ਲਗਭਗ 12 ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ (ਧਾਰਾ 302), ਕਤਲ ਦੀ ਕੋਸ਼ਿਸ਼ (ਧਾਰਾ 307), ਤੇ ਅਸਲਾ ਐਕਟ ਤਹਿਤ ਉਲੰਘਣਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਉਸਦੇ ਭਰਾ ਵਿਜੇ ਮਸੀਹ ਖ਼ਿਲਾਫ਼ ਕਤਲ ਤੇ ਅਸਲਾ ਐਕਟ ਨਾਲ ਸਬੰਧਤ 5 ਮਾਮਲੇ ਦਰਜ ਹਨ।