ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਜ਼ਿਲ੍ਹੇ ’ਚ ਲਾਏ ਜਾਣਗੇ 6.50 ਲੱਖ ਬੂਟੇ
ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਭਰ ’ਚ ਲਗਾਏ ਜਾਣਗੇ 6.50 ਲੱਖ ਬੂਟੇ
Publish Date: Mon, 11 May 2026 06:58 PM (IST)
Updated Date: Mon, 11 May 2026 07:00 PM (IST)

-ਏਡੀਸੀ ਵੱਲੋਂ ਵਿਭਾਗਾਂ ਨੂੰ ਬੂਟਿਆਂ ਦੀ ਮੰਗ ਤੇ ਲਾਉਣ ਦੀ ਥਾਂ ਦਾ ਵੇਰਵਾ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਦੇ ਨਿਰਦੇਸ਼ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਵਿਚ 6.50 ਲੱਖ ਬੂਟੇ ਲਗਾਏ ਜਾਣਗੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਭਰ ਵਿਚ 6.50 ਲੱਖ ਬੂਟੇ ਲਗਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇਜਦੀਪ ਸਿੰਘ ਸੈਣੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਬੂਟੇ ਵਣ ਵਿਭਾਗ ਵੱਲੋਂ ਸਪਲਾਈ ਕੀਤੇ ਜਾਣਗੇ ਅਤੇ ਬੂਟੇ ਲਗਾਉਣ ਦਾ ਕੰਮ ਕਰਵਾਉਣ ਦਾ ਜ਼ਿੰਮਾ ਅਤੇ ਉਸ ਦੀ ਦੇਖ-ਰੇਖ ਸਬੰਧਿਤ ਵਿਭਾਗ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਬੂਟਿਆਂ ਦੀ ਮੰਗ ਸਮੇਤ ਪੌਦੇ ਲਗਾਉਣ ਵਾਲੀ ਜਗ੍ਹਾ ਦਾ ਵੇਰਵਾ 10 ਦਿਨਾਂ ਦੇ ਅੰਦਰ-ਅੰਦਰ ਭੇਜਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਬੂਟੇ ਸਪਲਾਈ ਕਰਨ ਅਤੇ ਲਗਾਉਣ ਦਾ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ। ਮੀਟਿੰਗ ਵਿਚ ਸਮੂਹ ਐੱਸ.ਡੀ.ਐੱਮਜ਼, ਵਣ ਮੰਡਲ ਅਫ਼ਸਰ ਜਲੰਧਰ, ਫਿਲੌਰ ਜਰਨੈਲ ਸਿੰਘ, ਵਣ ਰੇਂਜ ਅਫ਼ਸਰ ਜਲੰਧਰ ਹਰਗੁਰਨੇਕ ਸਿੰਘ, ਵਣ ਬਲਾਕ ਅਅਸਰ ਗੁਰਬਖ਼ਸ਼ ਰਾਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।