ਕਾਲਜ ਬੱਸ ਘਟਨਾ ’ਚ 6 ਕਾਬੂ, ਵਾਹਨ ਤੇ ਹਥਿਆਰ ਬਰਾਮਦ
ਜਾਸ, ਜਲੰਧਰ : ਕਾਲਜ
Publish Date: Wed, 29 Apr 2026 10:34 PM (IST)
Updated Date: Wed, 29 Apr 2026 10:37 PM (IST)
ਜਾਸ, ਜਲੰਧਰ : ਕਾਲਜ ਦੀ ਬੱਸ ਨੂੰ ਘੇਰ ਕੇ ਇਕ ਵਿਦਿਆਰਥੀ ਨਾਲ ਮਾਰਕੁੱਟ ਕਰਨ ਤੇ ਇਲਾਕੇ ’ਚ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 28 ਅਪ੍ਰੈਲ ਨੂੰ ਸੀ.ਟੀ. ਕਾਲਜ ਜਲੰਧਰ ਦੀ ਬੱਸ ਵਿਦਿਆਰਥੀਆਂ ਨੂੰ ਛੱਡਣ ਲਈ ਜਲੰਧਰ ਤੋਂ ਨਕੋਦਰ ਵੱਲ ਜਾ ਰਹੀ ਸੀ। ਜਦੋਂ ਬੱਸ ਜਿਉਂ ਪੈਟਰੋਲ ਪੰਪ ਨੇੜੇ ਸ਼ਾਮ ਦੇ ਕਰੀਬ 5 ਵਜੇ ਪੁੱਜੀ ਤਿੰਨ ਗੱਡੀਆਂ ਬਲੈਰੋ, ਥਾਰ ਰਾਕਸ, ਸਕਾਰਪਿਓ ਤੇ ਕੁਝ ਮੋਟਰਸਾਈਕਲ ਸਵਾਰਾਂ ਨੇ ਬੱਸ ਨੂੰ ਘੇਰ ਕੇ ਰੋਕ ਲਿਆ। ਜਲੰਧਰ ਦਿਹਾਤੀ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਗੰਭੀਰ ਅਪਰਾਧਾਂ ਖ਼ਿਲਾਫ਼ ਚਲਾਏ ਜਾ ਰਹੇ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਹਥਿਆਰਾਂ ਤੇ ਵਾਹਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਡੀਐੱਸਪੀ ਨਕੋਦਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟ, ਹਾਕੀ, ਕਿਰਪਾਨ ਆਦਿ ਹਥਿਆਰਾਂ ਨਾਲ ਲੈਸ ਹੋ ਕੇ ਬੱਸ ’ਚ ਦਾਖਲ ਹੋ ਕੇ ਵਿਦਿਆਰਥੀ ਹਰ ਸਾਹਿਲ ਸਿੰਘ ਉਰਫ਼ ਸਾਹਿਲ, ਜੋ ਇਸਮਾਈਲਪੁਰ ਦਾ ਰਹਿਣ ਵਾਲਾ ਹੈ, ਨਾਲ ਮਾਰਕੁੱਟ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਘਟਨਾ ਨਾਲ ਬੱਸ ’ਚ ਸਵਾਰ ਵਿਦਿਆਰਥੀਆਂ ਤੇ ਆਸ-ਪਾਸ ਦੇ ਇਲਾਕੇ ਚ ਡਰ ਦਾ ਮਾਹੌਲ ਬਣ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਅਧਿਕਾਰੀ (ਜਾਂਚ) ਵਿਨੀਤ ਅਹਲਾਵਤ ਤੇ ਓਂਕਾਰ ਸਿੰਘ ਬਰਾੜ ਦੀ ਅਗਵਾਈ ’ਚ ਇੰਸਪੈਕਟਰ ਪਲਵਿੰਦਰ ਸਿੰਘ, ਥਾਣਾ ਸਦਰ ਨਕੋਦਰ ਦੇ ਇੰਚਾਰਜ ਤੇ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ 13 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਤੇ 10 ਅਣਪਛਾਤਿਆਂ ਖ਼ਿਲਾਫ਼ ਥਾਣਾ ਸਦਰ ਨਕੋਦਰ ’ਚ ਮਾਮਲਾ ਦਰਜ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਦਲਵੀਰ ਸਿੰਘ ਉਰਫ਼ ਬਾਵਾ (ਇਸਮਾਈਲਪੁਰ), ਤਲਵਿੰਦਰ ਸਿੰਘ ਉਰਫ਼ ਤੇਜ਼ੀ (ਖਾਨਪੁਰ ਢੱਡਾ), ਅਸ਼ਨ ਕੁਮਾਰ ਉਰਫ਼ ਅਸ਼ਨ (ਤਲਵੰਡੀ ਸਲੇਮ), ਪਰਵਿੰਦਰ ਸਿੰਘ ਉਰਫ਼ ਪਰਮ (ਨਸ਼ੀਰਵਾਲ, ਜ਼ਿਲ੍ਹਾ ਕਪੂਰਥਲਾ), ਹਰਦੀਪ ਸਿੰਘ ਦੀਪਾ (ਤਲਵੰਡੀ ਸਲੇਮ) ਤੇ ਸਾਗਰ (ਤਲਵੰਡੀ ਸਲੇਮ) ਸ਼ਾਮਲ ਹਨ। ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕਰੇਗੀ।