51ਵਾਂ ਸਾਲਾਨਾ ਨੀਂਹ ਪੱਥਰ ਦਿਵਸ ਮਨਾਇਆ
ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਾਤਸ਼ਾਹੀ ਛੇਵੀਂ ਵਿਖੇ 51ਵਾਂ ਸਾਲਾਨਾ ਨੀਂਹ ਪੱਥਰ ਦਿਵਸ ਮਨਾਇਆ
Publish Date: Fri, 01 May 2026 07:03 PM (IST)
Updated Date: Fri, 01 May 2026 07:05 PM (IST)

-ਸੰਤ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਨੇ ਉਚੇਚੇ ਤੌਰ ਤੇ ਭਰੀ ਹਾਜ਼ਰੀ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰੇ ਬਾਬੇ ਸ਼ਹੀਦ ਸਿੰਘਾ ਪਾਤਸ਼ਾਹੀ ਛੇਵੀਂ ਪਿੰਡ ਸੱਗਰਾਂਵਾਲੀ ਵਿਖੇ 51ਵਾਂ ਸਲਾਨਾ ਨੀਂਹ ਪੱਥਰ ਦਿਵਸ ਮਨਾਇਆ ਗਿਆ। ਇਸ ਮੌਕੇ 11 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਬਾਣੀ ਕੀਰਤਨ ਤੇ ਕਥਾ ਦਾ ਪਰਵਾਹ ਚੱਲਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਹਾਜ਼ਰ ਸੰਗਤ ਨੂੰ ਗੁਰਬਾਣੀ ਤੇ ਗੁਰੂ ਇਤਿਹਾਸ ਤੋਂ ਜਾਣ ਕਰਵਾਇਆ। ਇਸ ਮੌਕੇ ਸੰਤ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਉਨ੍ਹਾਂ ਨੇ ਇਸ ਅਸਥਾਨ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਕਰਤਾਰਪੁਰ ਦੀ ਜੰਗ ਤੋਂ ਬਾਅਦ ਆਪਣੇ ਸ਼ਹੀਦ ਹੋਏ ਸਿੰਘਾਂ ਦੀਆਂ ਅਸਥੀਆਂ ਇਸ ਅਸਥਾਨ ਉੱਤੇ ਮਿੱਟੀ ਦੇ ਭਾਂਡਿਆਂ ’ਚ ਦੱਬੀਆਂ ਸਨ। ਅੱਜ ਤੋਂ 51 ਸਾਲ ਪਹਿਲਾਂ ਸੰਤ ਗਿਆਨ ਸਿੰਘ ਨੇ ਆਪਣੀ ਦਿਬ-ਦ੍ਰਿਸ਼ਟੀ ਨਾਲ ਇਸ ਅਸਥਾਨ ਦਾ ਪਤਾ ਲਾਇਆ ਤੇ ਪਿੰਡ ਸੱਗਰਾਂਵਾਲੀ ਦੇ ਲੋਕਾਂ ਨੂੰ ਇਹ ਮਹਾਨ ਅਸਥਾਨ ਸੌਂਪਿਆ। ਸੰਤ ਜੀਤ ਸਿੰਘ ਨੇ ਹਾਜ਼ਰ ਸੰਗਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ ਤੇ ਬਾਣੀ ਤੇ ਬਾਣੇ ਦੀ ਧਾਰਨੀ ਹੋਣ ਲਈ ਆਖਿਆ। ਸਮਾਗਮ ’ਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀ ਭਰੀ।