ਪਿਸਤੌਲ ਦੇ ਜ਼ੋਰ ’ਤੇ ਕਰਿਆਨੇ ਦੀ ਦੁਕਾਨ ਤੋਂ ਲੁੱਟੇ 40 ਹਜ਼ਾਰ ਰੁਪਏ
ਸ਼ਾਹਕੋਟ ‘ਚ ਪਿਸਤੌਲ ਦੀ ਨੋਕ ‘ਤੇ ਕਰਿਆਨੇ ਦੀ ਦੁਕਾਨ ਤੋਂ ਲੁੱਟੇ 40 ਹਜ਼ਾਰ ਰੁਪਏ
Publish Date: Thu, 14 May 2026 07:18 PM (IST)
Updated Date: Thu, 14 May 2026 07:21 PM (IST)

-ਦੋ ਨਕਾਬਪੋਸ਼ ਵਾਰਦਾਤ ਨੂੰ ਅੰਜਾਮ ਦੇ ਕੇ ਪੈਦਲ ਹੀ ਹੋਏ ਫ਼ਰਾਰ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਢੰਡੋਵਾਲ ਰੋਡ ਸਥਿਤ ਗਣਪਤੀ ਕਰਿਆਨਾ ਸਟੋਰ ‘ਤੇ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਦੇਸੀ ਕੱਟਾ (ਪਿਸਤੌਲ) ਦਿਖਾ ਕੇ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਵਿਚ ਹੋਈ ਇਸ ਵਾਰਦਾਤ ਕਾਰਨ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਨਰੇਸ਼ ਕੁਮਾਰ ਪੁੱਤਰ ਮਾਲਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਦੇਰ ਰਾਤ ਤੱਕ ਗਾਹਕਾਂ ਦੀ ਆਵਾਜਾਈ ਰਹਿੰਦੀ ਹੈ। ਬੀਤੀ ਰਾਤ ਕਰੀਬ 8 ਵਜੇ ਜਦੋਂ ਕੁਝ ਗਾਹਕ ਦੁਕਾਨ ਤੋਂ ਸਾਮਾਨ ਲੈ ਕੇ ਗਏ ਹੀ ਸਨ ਤਾਂ ਅਚਾਨਕ ਦੋ ਨਕਾਬਪੋਸ਼ ਨੌਜਵਾਨ ਉਨ੍ਹਾਂ ਦੇ ਕੈਬਿਨ ਵਿਚ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਆਉਂਦਿਆਂ ਹੀ ਉਨ੍ਹਾਂ ’ਤੇ ਦੇਸੀ ਕੱਟਾ ਤਾਣ ਦਿੱਤਾ ਅਤੇ ਗੱਲੇ ਵਿਚ ਪਈ ਸਾਰੀ ਨਕਦੀ ਹਵਾਲੇ ਕਰਨ ਦੀ ਧਮਕੀ ਦਿੱਤੀ। ਡਰ ਦੇ ਮਾਰੇ ਜਦੋਂ ਉਹ ਪਿੱਛੇ ਹਟ ਗਏ ਤਾਂ ਲੁਟੇਰੇ ਗੱਲੇ ਵਿਚ ਪਈ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਪੈਦਲ ਹੀ ਫਰਾਰ ਹੋ ਗਏ। ਪੀੜਤ ਦੁਕਾਨਦਾਰ ਵੱਲੋਂ ਵਾਰਦਾਤ ਸਬੰਧੀ ਮਾਡਲ ਥਾਣਾ ਸ਼ਾਹਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਚਓ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਐੱਸਐੱਚਓ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।