ਬਿਜਲੀ ਕਨੈਕਸ਼ਨ ਨਾ ਮਿਲਣ ਕਾਰਨ 35 ਟਿਊਬਵੈੱਲ ਬੰਦ, 40 ਨਵੇਂ ਲਗਣ ਵਿੱਚ ਲੱਗਣਗੇ ਦੋ ਮਹੀਨੇ, ਗਰਮੀਆਂ ’ਚ ਵਧੇਗੀ ਪਾਣੀ ਦੀ ਕਮੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਾਪਮਾਨ ਵਧਣ ਨਾਲ ਸ਼ਹਿਰ ਦੇ ਕਈ ਇਲਾਕਿਆਂ ’ਚ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਵਿਚ ਲਗਪਗ 75 ਨਵੇਂ ਟਿਊਬਵੈੱਲਾਂ ਦੀ ਲੋੜ ਹੈ। ਲੋਕਾਂ ਦੀ ਮੰਗ ਦੇ ਮੱਦੇਨਜ਼ਰ ਕੌਂਸਲਰਾਂ ਵੱਲੋਂ ਟਿਊਬਵੈੱਲਾਂ ਦੇ ਐਸਟੀਮੇਟ ਤਿਆਰ ਕਰਵਾ ਕੇ ਨਿਗਮ ਹਾਊਸ ਵਿਚ ਮਨਜ਼ੂਰ ਕਰਵਾਏ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 40 ਟਿਊਬਵੈੱਲ ਲੱਗ ਚੁੱਕੇ ਹਨ ਪਰ ਬਿਜਲੀ ਦੇ ਕੁਨੈਕਸ਼ਨ ਨਾ ਹੋਣ ਕਾਰਨ ਅਜੇ ਤੱਕ ਚਾਲੂ ਨਹੀਂ ਹੋ ਸਕੇ।
ਇਸ ਵਾਰ ਮੌਸਮ ਠੀਕ ਰਹਿਣ ਕਾਰਨ ਪਾਣੀ ਦੀ ਮੰਗ ਵੱਧ ਨਹੀਂ ਸੀ ਪਰ ਹੁਣ ਗਰਮੀ ਵਧਣ ਨਾਲ ਕਈ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਸਮੇਂ ਰੋਜ਼ਾਨਾ ਤਿੰਨ-ਚਾਰ ਸ਼ਿਕਾਇਤਾਂ ਹੀ ਆ ਰਹੀਆਂ ਹਨ, ਜਿਨ੍ਹਾਂ ਨੂੰ ਨਿਗਮ ਦੁਰੁਸਤ ਕਰਵਾ ਰਿਹਾ ਹੈ ਪਰ ਜਿਵੇਂ ਹੀ ਪਾਣੀ ਦੀ ਖਪਤ ਵਧੇਗੀ, ਪੁਰਾਣੇ ਟਿਊਬਵੈੱਲ ਫੇਲ੍ਹ ਹੋ ਸਕਦੇ ਹਨ। ਇਸ ਸਥਿਤੀ ਵਿਚ ਨਿਗਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿੱਥੇ ਨਵੇਂ ਟਿਊਬਵੈੱਲ ਲਗਾਏ ਗਏ ਹਨ ਜਾਂ ਮਨਜ਼ੂਰ ਹੋਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ‘ਤੇ ਪੁਰਾਣੇ ਟਿਊਬਵੈੱਲਾਂ ਨੂੰ ਬਦਲਿਆ ਜਾ ਰਿਹਾ ਹੈ। ਇਹ ਬਦਲਾਅ ਉਥੇ ਕੀਤਾ ਜਾਂਦਾ ਹੈ ਜਿੱਥੇ ਪੁਰਾਣਾ ਟਿਊਬਵੈੱਲ ਖਰਾਬ ਹੋ ਜਾਂਦਾ ਹੈ ਜਾਂ ਪਾਣੀ ਦੀ ਸਪਲਾਈ ਪੂਰੀ ਨਹੀਂ ਹੋ ਰਹੀ। ਇਸ ਲਈ ਇਨ੍ਹਾਂ ਨੂੰ ਜਲਦੀ ਚਾਲੂ ਕਰਨਾ ਜ਼ਰੂਰੀ ਹੈ।
ਗੁਰੂ ਅਮਰਦਾਸ ਨਗਰ ਦੇ ਫਲੈਟਾਂ ਵਿਚ ਪਿਛਲੇ ਦੋ ਦਿਨਾਂ ਤੋਂ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਬੰਦ ਹੈ। ਨਿਗਮ ਵੱਲੋਂ ਮੋਟਰ ਬਦਲਣ ਲਈ ਟੀਮ ਲਾਈ ਗਈ ਹੈ। ਇਸ ਤੋਂ ਇਲਾਵਾ ਭਾਰਗੋ ਕੈਂਪ, ਖਾਂਬਰਾ ਅਤੇ ਸੋਫੀ ਪਿੰਡ ਵਿੱਚ ਵੀ ਪਾਣੀ ਦੀ ਕਮੀ ਦੀ ਸਮੱਸਿਆ ਹੈ। ਪਾਣੀ ਦੀ ਘਾਟ ਕਾਰਨ ਲੋਕਾਂ ਦੇ ਰੋਜ਼ਾਨਾ ਕੰਮ ਪ੍ਰਭਾਵਿਤ ਹੋਣ ਲੱਗ ਪਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਹ ਮੁਸ਼ਕਲ ਹੋਰ ਵਧ ਸਕਦੀ ਹੈ। ਪਿਛਲੇ ਸਮੇਂ ਵੀ ਮਕਸੂਦਾਂ, ਸੰਤੋਖਪੁਰਾ ਤੇ ਭਾਰਗੋ ਕੈਂਪ ’ਚ ਪਾਣੀ ਦੀ ਕਮੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਆਈਆਂ ਸਨ। ਕਮੀ ਹੋਣ ‘ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਖਰੀਦਣਾ ਪੈਂਦਾ ਹੈ। ਇਸ ਲਈ ਨਗਰ ਨਿਗਮ ਨੂੰ ਪਾਣੀ ਦੇ ਟੈਂਕਰਾਂ ਦੀ ਵੀ ਵਿਵਸਥਾ ਕਰਨੀ ਪਵੇਗੀ।
--------------------------------
ਪਾਵਰਕਾਮ ਤੋਂ ਕੁਨੈਕਸ਼ਨ ਲੈਣ ’ਚ ਲੱਗ ਰਿਹਾ ਸਮਾਂ
ਨਗਰ ਨਿਗਮ ਨੂੰ ਹਰ ਟਿਊਬਵੈੱਲ ਲਈ ਪਾਵਰਕਾਮ ਤੋਂ ਨਵਾਂ ਬਿਜਲੀ ਕੁਨੈਕਸ਼ਨ ਲੈਣਾ ਪੈਂਦਾ ਹੈ। ਦੋ ਸਰਕਾਰੀ ਵਿਭਾਗਾਂ ਵਿਚਾਲੇ ਲੰਬੀ ਪ੍ਰਕਿਰਿਆ ਹੋਣ ਕਰਕੇ ਕੁਨੈਕਸ਼ਨ ਮਿਲਣ ’ਚ ਦੋ-ਤਿੰਨ ਮਹੀਨੇ ਲੱਗ ਜਾਂਦੇ ਹਨ। ਇਸ ਕਾਰਨ ਪਾਣੀ ਦੀ ਸਪਲਾਈ ਵਿਚ ਦੇਰੀ ਹੁੰਦੀ ਹੈ ਤੇ ਨਿਗਮ ਦੇ ਮੁਲਾਜ਼ਮਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ। ਇਸ ਵੇਲੇ ਕਰੀਬ 35 ਟਿਊਬਵੈੱਲਾਂ ਲਈ ਬਿਜਲੀ ਕੁਨੈਕਸ਼ਨ ਦੀ ਪ੍ਰਕਿਰਿਆ ਜਾਰੀ ਹੈ। ਨਿਗਮ ਦੇ ਓਐਂਡਐੱਮ ਬ੍ਰਾਂਚ ਦੇ ਐੱਸਈ ਜਸਪਾਲ ਸਿੰਘ ਮੁਤਾਬਕ, ਜਿਨ੍ਹਾਂ ਟਿਊਬਵੈੱਲਾਂ ਦੇ ਕਨੈਕਸ਼ਨ ਬਾਕੀ ਹਨ, ਉਨ੍ਹਾਂ ਨੂੰ ਚਾਲੂ ਕਰਨ ਵਿੱਚ ਹੋਰ 15 ਤੋਂ 20 ਦਿਨ ਲੱਗ ਸਕਦੇ ਹਨ।
-----------------------
ਇਨ੍ਹਾਂ ਥਾਵਾਂ ‘ਤੇ ਟਿਊਬਵੈੱਲ ਲੱਗੇ ਪਰ ਕੁਨੈਕਸ਼ਨ ਨਾ ਹੋਣ ਕਾਰਨ ਬੰਦ
ਰਣਜੀਤ ਨਗਰ, ਦਾਤਾਰ ਨਗਰ, ਗ੍ਰੀਨ ਐਨਕਲੇਵ, ਪਰਾਗਪੁਰ, ਸਿਮਰਨ ਐਨਕਲੇਵ, ਕਮਲ ਵਿਹਾਰ, ਜੋਗਿੰਦਰ ਨਗਰ, ਦੁਰਗਾ ਕਾਲੋਨੀ, ਮਖਦੂਮਪੁਰਾ, ਉੱਚਾ ਸਵਰਾਜਗੰਜ, ਸਿੱਕਾ ਕਾਲੋਨੀ, ਅਕਾਲ ਐਵੀਨਿਊ, ਰਾਜ ਨਗਰ, ਚਿੰਤਪੁਰਨੀ ਮੰਦਰ, ਈਸ਼ਵਰ ਨਗਰ, ਗ੍ਰੀਨ ਐਵੀਨਿਊ, ਟੈਗੋਰ ਨਗਰ, ਮਨਜੀਤ ਨਗਰ, ਰਾਜਪੂਤ ਨਗਰ, ਅਵਤਾਰ ਨਗਰ, ਭਾਰਗੋ ਕੈਂਪ, ਦਸ਼ਮੇਸ਼ ਨਗਰ, ਅਰਬਨ ਐਸਟੇਟ ਫੇਜ਼, ਰੋਇਲ ਐਸਟੇਟ, ਦੀਪ ਨਗਰ, ਸੁਭਾਨਾ, ਟਾਵਰ ਟਾਊਨ, ਢੀਨਾ, ਸੋਫੀ ਪਿੰਡ, ਖਾਂਬੜਾ, ਧਰਮਪੁਰਾ ਆਬਾਦੀ, ਸਤ ਨਗਰ, ਗੋਪਾਲ ਨਗਰ, ਅਮਰ ਗਾਰਡਨ, ਕੈਲਾਸ਼ ਨਗਰ, ਸੁਭਾਸ਼ ਨਗਰ, ਕਬੀਰ ਨਗਰ, ਬੈਂਕ ਕਾਲੋਨੀ ਪਾਰਕ, ਮਕਸੂਦਾਂ, ਨਿਊ ਆਨੰਦ ਨਗਰ, ਸੁੰਦਰ ਨਗਰ।
-------------------------
ਨਵੇਂ ਟਿਊਬਵੈੱਲਾਂ ਦੇ ਟੈਂਡਰ 30 ਨੂੰ ਖੁੱਲ੍ਹਣਗੇ
ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਨਗਰ ਨਿਗਮ ਵੱਲੋਂ ਕਰੀਬ 40 ਨਵੇਂ ਟਿਊਬਵੈੱਲਾਂ ਲਈ ਟੈਂਡਰ ਜਾਰੀ ਕੀਤੇ ਗਏ ਹਨ। ਇਹ ਟੈਂਡਰ 30 ਅਪ੍ਰੈਲ ਨੂੰ ਖੁੱਲ੍ਹਣਗੇ। ਇਸ ਤੋਂ ਬਾਅਦ ਫਾਈਲ ਵਿੱਤ ਕਮੇਟੀ ਕੋਲ ਮਨਜ਼ੂਰੀ ਲਈ ਜਾਵੇਗੀ। ਮਨਜ਼ੂਰੀ ਤੋਂ ਬਾਅਦ ਵਰਕ ਆਰਡਰ ਜਾਰੀ ਕੀਤੇ ਜਾਣਗੇ। ਅਧਿਕਾਰੀਆਂ ਮੁਤਾਬਕ ਵਰਕ ਆਰਡਰ ਮਿਲਣ ਤੋਂ ਬਾਅਦ ਵੀ ਟਿਊਬਵੈੱਲ ਲਗਾਉਣ ’ਚ ਲਗਭਗ ਇਕ ਮਹੀਨਾ ਲੱਗੇਗਾ। ਇਸ ਤਰ੍ਹਾਂ ਮਈ ਦੇ ਆਖ਼ਰੀ ਹਫ਼ਤੇ ਤੱਕ ਹੀ ਨਵੇਂ ਟਿਊਬਵੈੱਲਾਂ ਤੋਂ ਪਾਣੀ ਦੀ ਸਪਲਾਈ ਸ਼ੁਰੂ ਹੋ ਸਕੇਗੀ।
------------------------
ਇਨ੍ਹਾਂ ਇਲਾਕਿਆਂ ’ਚ ਲੱਗਣਗੇ ਨਵੇਂ ਟਿਊਬਵੈੱਲ
ਦਸ਼ਮੇਸ਼ ਨਗਰ, ਬੋਹੜ ਵਾਲਾ ਚੌਕ (ਵਾਰਡ 49), ਆਗਿਆ ਸਿੰਘ ਪਾਰਕ, ਧਰਮਪੁਰਾ ਆਬਾਦੀ, ਹਰਦਿਆਲ ਨਗਰ, ਆਰਸੀਐਫ ਕਾਲੋਨੀ, ਮਾਤਾ ਚਾਮੁੰਡਾ ਦੇਵੀ ਮੰਦਰ ਨਿਊ ਜਵਾਹਰ ਨਗਰ, ਇੰਡਸਟ੍ਰੀਅਲ ਐਸਟੇਟ, ਆਰਿਆ ਸਮਾਜ ਮੰਦਰ (ਵਾਰਡ 33), ਖਾਂਬਰਾ (ਵਾਰਡ 39), ਡਿਫੈਂਸ ਕਾਲੋਨੀ (ਵਾਰਡ 18), ਮਾਡਰਨ ਹਸਪਤਾਲ ਦੇ ਪਿੱਛੇ ਪਾਰਕ (ਵਾਰਡ 33), ਗ੍ਰੀਨ ਵੈਲੀ (ਵਾਰਡ 38), ਰਾਮ ਮੰਦਰ ਵਾਲੀ ਗਲੀ (ਵਾਰਡ 35), ਦਸ਼ਮੇਸ਼ ਨਗਰ ਬਲਾਕ ਏ, ਆਦਰਸ਼ ਨਗਰ ਕੈਪਟਨ ਕੰਵਲਜੀਤ ਪਾਰਕ, ਉਜਾਲਾ ਨਗਰ, ਪਿੰਡ, ਗੜ੍ਹਾ, ਵਾਰਡ 31 ਜੌਹਲ ਮਾਰਕੀਟ, ਆਗਿਆ ਸਿੰਘ ਪਾਰਕ 120 ਫੁੱਟ ਰੋਡ।