ਨਸ਼ਿਆਂ ਵਿਰੁੱਧ ਜੰਗ : ਸੀਪੀ ਵੱਲੋਂ 31 ਪੁਲਿਸ ਮੁਲਾਜ਼ਮ ਸਨਮਾਨਿਤ
ਨਸ਼ਿਆਂ ਵਿਰੁੱਧ ਜੰਗ : ਸੀਪੀ ਵੱਲੋਂ 31 ਪੁਲਿਸ ਮੁਲਾਜ਼ਮ ਸਨਮਾਨਿਤ
Publish Date: Mon, 27 Apr 2026 09:41 PM (IST)
Updated Date: Mon, 27 Apr 2026 09:43 PM (IST)
- ਮਿਸਾਲੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ 2.11 ਲੱਖ ਦੇ ਕਲਾਸ-1 ਸਰਟੀਫਿਕੇਟ ਤੇ ਨਕਦ ਇਨਾਮ ਦਿੱਤੇ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਨਸ਼ੇ ਵਿਰੁੱਧ ਜੰਗ ਮੁਹਿੰਮ ਜੋ ਕਿ ਇਕ ਨਸ਼ਾਮੁਕਤ ਸਮਾਜ ਦੀ ਉਸਾਰੀ ਦੇ ਉਦੇਸ਼ ਨਾਲ ਇਕ ਪਹਿਲਕਦਮੀ ਹੈ, ਤਹਿਤ ਸ਼ਾਨਦਾਰ ਡਿਊਟੀਆਂ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਪੁਲਿਸ ਲਾਈਨਜ਼ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ 31 ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਪਿਛਲੇ ਮਹੀਨੇ ਦੌਰਾਨ ਪੂਰੀ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਸਨ। ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਨੇ ਇਨ੍ਹਾਂ ਅਧਿਕਾਰੀਆਂ ਨੂੰ ਕਲਾਸ-1 ਸਰਟੀਫਿਕੇਟ ਅਤੇ ਕੁੱਲ 2,11,000 ਦਾ ਨਕਦ ਇਨਾਮ ਭੇਟ ਕੀਤਾ। ਸਨਮਾਨਿਤ ਕੀਤੇ ਗਏ 31 ਅਧਿਕਾਰੀਆਂ ’ਚੋਂ 08 ਸਬ ਇੰਸਪੈਕਟਰ, 15 ਸਹਾਇਕ ਸਬ ਇੰਸਪੈਕਟਰ ਤੇ 8 ਹੈੱਡ ਕਾਂਸਟੇਬਲ ਸ਼ਾਮਲ ਹਨ। ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਬਹੁਤ ਮਿਹਨਤ ਅਤੇ ਵਫ਼ਾਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਹਨ, ਜਿਸ ਨਾਲ ਨਸ਼ਾ ਸਮੱਗਲਰਾਂ ’ਤੇ ਪੁਲਿਸ ਦੀ ਪਕੜ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮਾਗਮ ਕਮਿਸ਼ਨਰੇਟ ਪੁਲਿਸ ਦੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ। ਡੀਸੀਪੀ (ਜਾਂਚ), ਮਨਪ੍ਰੀਤ ਸਿੰਘ ਢਿੱਲੋਂ ਵੀ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਸਨਮਾਨਿਤ ਕੀਤੇ ਗਏ ਅਧਿਕਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ।