ਅਗਲੇ ਹਫ਼ਤੇ ਤੋਂ ਮਿਲੇਗੀ 6 ਕਿੱਲੋ 200 ਗ੍ਰਾਮ ਦੀ ਰਾਸ਼ਨ ਕਿੱਟ
ਅਗਲੇ ਹਫ਼ਤੇ ਤੋਂ 2.78 ਲੱਖ ਖਪਤਕਾਰਾਂ ਨੂੰ ਮਿਲੇਗੀ 6 ਕਿਲੋ 200 ਗ੍ਰਾਮ ਦੀ ਰਾਸ਼ਨ ਕਿੱਟ
Publish Date: Wed, 20 May 2026 11:17 PM (IST)
Updated Date: Wed, 20 May 2026 11:19 PM (IST)

-‘ਮੇਰੀ ਰਸੋਈ ਯੋਜਨਾ’ ਤਹਿਤ ਹੋਵੇਗੀ ਰਾਸ਼ਨ ਦੀ ਵੰਡ -ਰਾਸ਼ਨ ਡੀਪੂ ਹੋਲਡਰ ਪਹਿਲਾਂ ਵੰਡਣਗੇ ਕਿੱਟ, ਬਾਅਦ ’ਚ ਕਣਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਰੀ ਰਸੋਈ ਯੋਜਨਾ ਤਹਿਤ ਜ਼ਿਲ੍ਹੇ ਦੇ 2.78 ਲੱਖ ਕਾਰਡ ਹੋਲਡਰਾਂ ਨੂੰ ਅਗਲੇ ਹਫ਼ਤੇ ਤੋਂ 6 ਕਿੱਲੋ 200 ਗ੍ਰਾਮ ਭਾਰ ਵਾਲੀਆਂ ਰਾਸ਼ਨ ਕਿੱਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਸਾਰੇ ਰਾਸ਼ਨ ਡੀਪੂ ਸੰਚਾਲਕਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉੱਧਰ, ਰਾਸ਼ਨ ਡੀਪੂ ਹੋਲਡਰਾਂ ਵੱਲੋਂ ਇਸ ਲਈ ਖਪਤਕਾਰਾਂ ਨੂੰ ਪਰਚੀਆਂ ਜਾਰੀ ਕਰਨ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਪਰਚੀਆਂ ਦੇ ਆਧਾਰ ’ਤੇ ਰਾਸ਼ਨ ਕਿੱਟਾਂ ਆਉਣ ’ਤੇ ਲੋਕਾਂ ਨੂੰ ਵੰਡੀਆਂ ਜਾਣਗੀਆਂ। ਹਾਲਾਂਕਿ ਇਸ ਤੋਂ ਪਹਿਲਾਂ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਦੀ ਸਪਲਾਈ ਵੀ ਦਿੱਤੀ ਜਾਵੇਗੀ ਪਰ ਪਹਿਲਾਂ ਲੋਕਾਂ ਨੂੰ ਰਾਸ਼ਨ ਕਿੱਟਾਂ ਹੀ ਜਾਰੀ ਕੀਤੀਆਂ ਜਾਣਗੀਆਂ। ਜਨਤਕ ਵੰਡ ਪ੍ਰਣਾਲੀ ਤਹਿਤ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਅਧੀਨ ਹੁਣ ਤੱਕ ਸਿਰਫ਼ ਕਣਕ ਦੀ ਵੰਡ ਕੀਤੀ ਜਾ ਰਹੀ ਸੀ। ਹੁਣ ਪੰਜਾਬ ਸਰਕਾਰ ਵੱਲੋਂ ਇਸ ’ਚ ਵਾਧਾ ਕਰਦੇ ਹੋਏ ਰਸੋਈ ਨਾਲ ਸਬੰਧਤ ਹੋਰ ਜ਼ਰੂਰੀ ਸਾਮਾਨ ਵੀ ਦੇਣਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ ਕਰੀਬ 15 ਸਾਲਾਂ ਬਾਅਦ ਖੰਡ ਤੋਂ ਲੈ ਕੇ ਦਾਲ ਤੱਕ ਦੀ ਵੰਡ ਵੀ ਕੀਤੀ ਜਾਵੇਗੀ। ਇਸ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ’ਚ ਡੀਪੂ ਹੋਲਡਰਾਂ ਨਾਲ ਮੀਟਿੰਗਾਂ ਕਰਨ ਤੋਂ ਲੈ ਕੇ ਖਪਤਕਾਰਾਂ ਦਾ ਡਾਟਾ ਅਪਡੇਟ ਕਰਨਾ ਵੀ ਸ਼ਾਮਲ ਹੈ। ਇਹ ਯੋਜਨਾ ਅਗਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲਾਂ ਕਿੱਟਾਂ ਦੀ ਵੰਡ 15 ਮਈ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਖਰੀਦ ਪ੍ਰਕਿਰਿਆ ਤੇ ਨਵੇਂ ਰਾਸ਼ਨ ਡੀਪੂਆਂ ਲਈ ਇੰਟਰਵਿਊ ਪ੍ਰਕਿਰਿਆ ਕਾਰਨ ਹੁਣ ਇਹ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਬਾਰੇ ਡੀਐੱਫਐੱਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਰਸੋਈ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਪੱਧਰ ’ਤੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। -------------------------------- ਰਾਸ਼ਨ ਕਿੱਟ ’ਚ ਕੀ-ਕੀ ਹੋਵੇਗਾ ਸ਼ਾਮਲ ‘ਮੇਰੀ ਰਸੋਈ ਯੋਜਨਾ’ ਤਹਿਤ ਦਿੱਤੀ ਜਾਣ ਵਾਲੀ ਕਿੱਟ ’ਚ ਕਈ ਤਰ੍ਹਾਂ ਦਾ ਸਮਾਨ ਸ਼ਾਮਲ ਹੋਵੇਗਾ। ਇਸ ’ਚ ਦੋ ਕਿੱਲੋ ਦਾਲ, ਦੋ ਕਿੱਲੋ ਚੀਨੀ, ਕਿੱਲੋ ਆਇਓਡੀਨ ਯੁਕਤ ਨਮਕ, ਕਿੱਲੋ ਸਰ੍ਹੋਂ ਦਾ ਤੇਲ ਤੇ 200 ਗ੍ਰਾਮ ਹਲਦੀ ਸ਼ਾਮਲ ਹੋਵੇਗੀ। ਇਸ ਤਰ੍ਹਾਂ ਕੁੱਲ 6.200 ਕਿੱਲੋ ਰਾਸ਼ਨ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ। ਯੋਜਨਾ ਦਾ ਟੀਚਾ ਗਰੀਬ ਪਰਿਵਾਰਾਂ ਦੀ ਰਸੋਈ ਦਾ ਖਰਚ ਘਟਾਉਣਾ ਤੇ ਪੋਸ਼ਣ ਪੱਧਰ ਨੂੰ ਵਧਾਉਣਾ ਹੈ। ---------------------------- ਡੀਪੂ ਹੋਲਡਰਾਂ ਵੱਲੋਂ ਕਮਿਸ਼ਨ ਵਧਾਉਣ ਦੀ ਮੰਗ ਬਰਕਰਾਰ ਉੱਧਰ, ਜ਼ਿਲ੍ਹੇ ਦੇ ਰਾਸ਼ਨ ਡੀਪੂ ਹੋਲਡਰ ਕਮਿਸ਼ਨ ’ਚ ਵਾਧੇ ਦੀ ਮੰਗ ਕਰ ਰਹੇ ਹਨ। ਹਾਲਾਂਕਿ ਡੀਪੂ ਹੋਲਡਰ ਰਾਸ਼ਨ ਕਿੱਟਾਂ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਤਿਆਰ ਹਨ ਪਰ ਕਮਿਸ਼ਨ ਵਧਾਉਣ ਦੀ ਮੰਗ ਵੀ ਜਾਰੀ ਰਹੇਗੀ। ਵਿਭਾਗ ਤੇ ਡੀਪੂ ਹੋਲਡਰਾਂ ਵਿਚਾਲੇ ਗੱਲਬਾਤ ਤੋਂ ਬਾਅਦ ਡੀਪੂ ਸੰਚਾਲਕ 3.10 ਰੁਪਏ ਪ੍ਰਤੀ ਕਿੱਟ ਕਮਿਸ਼ਨ ’ਤੇ ਵੰਡ ਲਈ ਰਾਜ਼ੀ ਹੋ ਗਏ ਸਨ, ਜਦਕਿ ਯੂਨੀਅਨ ਵੱਲੋਂ 15 ਤੋਂ 18 ਰੁਪਏ ਪ੍ਰਤੀ ਕਿੱਟ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਰਾਸ਼ਨ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਅਨੂਪ ਸਰੀਨ ਨੇ ਕਿਹਾ ਕਿ ਕਿੱਟਾਂ ਦੀ ਵੰਡ ਦੌਰਾਨ ਡੀਪੂ ਹੋਲਡਰਾਂ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ, ਇਸ ਲਈ ਘੱਟੋ-ਘੱਟ 15 ਤੋਂ 18 ਰੁਪਏ ਪ੍ਰਤੀ ਕਿੱਟ ਕਮਿਸ਼ਨ ਦਿੱਤਾ ਜਾਣਾ ਚਾਹੀਦਾ ਹੈ।