ਜਲੰਧਰ ਸਟੇਸ਼ਨ ’ਤੇ ਲੱਗਾ 140 ਕਿੱਲੋਵਾਟ ਦਾ ਸੋਲਰ ਸਿਸਟਮ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Tue, 26 May 2026 11:20 PM (IST)
Updated Date: Tue, 26 May 2026 11:22 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਫਿਰੋਜ਼ਪੁਰ ਮੰਡਲ ਵੱਲੋਂ ਸੂਰਜੀ ਊਰਜਾ ਦੇ ਵਿਸਥਾਰ ਰਾਹੀਂ ਗਰੀਨ ਐਨਰਜੀ ਦੀ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵਧਣ ਦੇ ਕਦਮ ਚੁੱਕੇ ਜਾ ਰਹੇ ਹਨ। ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਤਹਿਤ ਰੇਲਵੇ ਸਟੇਸ਼ਨਾਂ ਤੇ ਵੱਡੇ ਪੱਧਰ ਤੇ ਰੂਫਟਾਪ ਸੋਲਰ ਪਾਵਰ ਸਿਸਟਮ ਸਥਾਪਤ ਕੀਤੇ ਜਾ ਰਹੇ ਹਨ। ਇਹ ਪਹਿਲ ਭਾਰਤੀ ਰੇਲ ਦੀ ਵਾਤਾਵਰਣ-ਮਿਤ੍ਰ, ਊਰਜਾ ਕੁਸ਼ਲਤਾ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਮੌਜੂਦਾ ਸਮੇਂ ’ਚ ਮੰਡਲ ਦੇ 22 ਰੇਲਵੇ ਸਟੇਸ਼ਨਾਂ ਤੇ ਰੂਫਟਾਪ ਸੋਲਰ ਪਾਵਰ ਸਿਸਟਮ ਸਫਲਤਾਪੂਰਵਕ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਸਮਰੱਥਾ 846 ਕਿੱਲੋਵਾਟ ਹੈ। ਇਸ ਤੋਂ ਇਲਾਵਾ ਹਾਲ ਹੀ ਵਿਚ 12 ਹੋਰ ਰੇਲਵੇ ਸਟੇਸ਼ਨਾਂ ਤੇ ਲਗਪਗ 400 ਕਿੱਲੋਵਾਟ ਸਮਰੱਥਾ ਦੇ ਸੋਲਰ ਪਲਾਂਟ ਸਫਲਤਾਪੂਰਵਕ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸੋਲਰ ਪ੍ਰਣਾਲੀਆਂ ਤੋਂ ਪੈਦਾ ਹੋਈ ਬਿਜਲੀ ਦੀ ਵਰਤੋਂ ਸਿੱਧਾ ਸਟੇਸ਼ਨ ’ਤੇ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਵਿਚ ਕੀਤਾ ਜਾ ਰਿਹਾ ਹੈ, ਜਿਸ ਨਾਲ ਰਵਾਇਤੀ ਬਿਜਲੀ ਗ੍ਰਿਡ ’ਤੇ ਨਿਰਭਰਤਾ ਘੱਟ ਰਹੀ ਹੈ ਤੇ ਬਿਜਲੀ ਦੀ ਖਪਤ ’ਚ ਕਮੀ ਆ ਰਹੀ ਹੈ। ਵਿੱਤੀ ਸਾਲ 2025–26 ਦੌਰਾਨ ਇਸ ਸੋਲਰ ਇੰਫ੍ਰਾਸਟਰਕਚਰ ਤੋਂ ਲਗਪਗ 531076 ਯੂਨਿਟ ਗਰੀਨ ਐਨਰਜੀ ਦਾ ਉਤਪਾਦਨ ਹੋਣ ਨਾਲ ਲਗਪਗ 37.18 ਲੱਖ ਰੁਪਏ ਦੀ ਬਿਜਲੀ ਲਾਗਤ ਦੀ ਬਚਤ ਹੋਈ ਹੈ। ਜੇਕਰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ 140 ਕਿੱਲੋਵਾਟ ਦਾ ਸੋਲਰ ਸਿਸਟਮ ਲੱਗਾ ਹੋਇਆ ਹੈ, ਜਿਸ ’ਚੋਂ 21524 ਯੂਨਿਟ ਬਿਜਲੀ ਨਾਲ ਕਰੀਬ 1.60 ਲੱਖ ਰੁਪਏ ਦੀ ਬਚਤ ਪ੍ਰਤੀ ਸਾਲ ਹੋ ਰਹੀ ਹੈ। ਇਸ ਪਹਿਲ ਨਾਲ ਰਵਾਇਤੀ ਊਰਜਾ ਸਰੋਤਾਂ ਤੋਂ ਬਿਜਲੀ ਦੀ ਖਪਤ ਵਿਚ ਕਮੀ, ਊਰਜਾ ਖਪਤ ’ਚ ਮਹੱਤਵਪੂਰਨ ਬੱਚਤ, ਰੇਲਵੇ ਸਟੇਸ਼ਨਾਂ ਤੇ ਊਰਜਾ ਸੁਰੱਖਿਆ ਤੇ ਭਰੋਸੇਯੋਗਤਾ ਵਿਚ ਵਾਧਾ, ਸਾਫ, ਨਵੀਨੀਕਰਨਯੋਗ ਅਤੇ ਸਥਾਈ ਊਰਜਾ ਨੂੰ ਹੁਲਾਰਾ, ਕਾਰਬਨ ਨਿਕਾਸੀ ’ਚ ਕਮੀ ਤੇ ਵਾਤਾਵਰਨ ਸੰਭਾਲ ਨੂੰ ਮਜ਼ਬੂਤੀ ਮਿਲੀ ਹੈ। ਫਿਰੋਜ਼ਪੁਰ ਮੰਡਲ ਨੇ ਆਪਣੀ ਸਥਾਈ ਵਿਕਾਸ ਯੋਜਨਾ ਤਹਿਤ ਵਿੱਤੀ ਸਾਲ 2026–27 ਵਿਚ ਵਾਧੂ 1.15 ਮੈਗਾਵਾਟ ਸੋਲਰ ਊਰਜਾ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦੇ ਪੂਰਾ ਹੋਣ ਤੇ ਮੰਡਲ ਦੀ ਊਰਜਾ ਕੁਸ਼ਲਤਾ ਹੋਰ ਵੀ ਮਜ਼ਬੂਤ ਹੋਵੇਗੀ, ਬਿਜਲੀ ਦੀ ਸਪਲਾਈ ਦੀ ਭਰੋਸੇਯੋਗਤਾ ਵਧੇਗੀ ਤੇ ਵਾਤਾਵਰਣ ਸੰਭਾਲ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਉਪਲੱਬਧੀ ਹੋਵੇਗੀ।