ਬਹਿਸ ਮਗਰੋਂ 10ਵੀਂ ਦੇ ਵਿਦਿਆਰਥੀ ਨੂੰ ਸਕੂਲ ਦੇ ਬਾਹਰ ਕੁੱਟਿਆ
-ਪੀੜਤ ਵਿਦਿਆਰਥੀ ਦੇ ਪਿਤਾ
Publish Date: Fri, 15 May 2026 11:07 PM (IST)
Updated Date: Fri, 15 May 2026 11:09 PM (IST)
-ਪੀੜਤ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਪੁਲਿਸ ਮੌਕੇ 'ਤੇ ਨਹੀਂ ਪੁੱਜੀ
ਜਾਸ, ਜਲੰਧਰ : ਗੁਰੂ ਨਾਨਕਪੁਰਾ ਮਾਰਗ 'ਤੇ ਸਥਿਤ ਇਕ ਸਕੂਲ ਦੇ ਬਾਹਰ 10ਵੀਂ ਕਲਾਸ ਦੇ ਵਿਦਿਆਰਥੀ ਦੀ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ। 6ਵੀਂ ਦੇ ਵਿਦਿਆਰਥੀ ਦੀ 10ਵੀਂ ਕਲਾਸ ਦੇ ਵਿਦਿਆਰਥੀ ਨਾਲ ਕਿਸੇ ਗੱਲ 'ਤੇ ਬਹਿਸ ਹੋ ਗਈ ਸੀ, ਜਿਸ ਕਾਰਨ 6ਵੀਂ ਵਿਦਿਆਰਥੀ ਨੇ ਆਪਣੇ ਜਾਣ-ਪਛਾਣ ਵਾਲੇ ਨੌਜਵਾਨਾਂ ਨੂੰ ਸੱਦ ਕੇ 10ਵੀਂ ਕਲਾਸ ਦੇ ਵਿਦਿਆਰਥੀ ਦੀ ਕੁੱਟਮਾਰੀ ਕਰਵਾਈ। ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਪਰਿਵਾਰ ਨੇ ਥਾਣਾ ਰਾਮਾ ਮੰਡੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਪੁਲਿਸ ਮੌਕੇ 'ਤੇ ਨਹੀਂ ਪੁੱਜੀ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਦੋਵਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਗੱਲ ਕਰਨ ਲਈ ਸਕੂਲ ਬੁਲਾਇਆ ਗਿਆ ਹੈ, ਜਦੋਂਕਿ ਪੀੜਤ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਸ਼ਿਕਾਇਤ ਦੇਣ ਦੇ ਬਾਅਦ ਵੀ ਪੁਲਿਸ ਮੌਕੇ 'ਤੇ ਨਹੀਂ ਪੁੱਜੀ। ਜਾਂਚ ਕਰ ਰਹੇ ਜਗਸੀਰ ਸਿੰਘ ਨੇ ਕਿਹਾ ਕਿ ਮਾਮਲਾ ਬੱਚਿਆਂ ਦਾ ਹੈ ਤੇ ਦੋਵੇਂ ਨਾਬਾਲਿਗ ਹਨ। ਸਕੂਲ ਮੈਨੇਜਮੈਂਟ ਨਾਲ ਗੱਲਬਾਤ ਹੋ ਚੁੱਕੀ ਹੈ।
ਇਹ ਘਟਨਾ ਵੀਰਵਾਰ ਦੁਪਹਿਰ ਦੀ ਹੈ ਤੇ ਇਸ ਦੀ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਫੁਟੇਜ ਵਿਚ ਦਿਖਾਈ ਦਿੰਦਾ ਹੈ ਕਿ ਦੋ ਬਾਈਕ ਸਵਾਰ ਸਕੂਲ ਦੇ ਬਾਹਰ ਆਉਂਦੇ ਹਨ ਅਤੇ ਉਕਤ ਵਿਦਿਆਰਥੀ ਨੂੰ ਰੋਕਦੇ ਹਨ। ਜਦੋਂ ਵਿਦਿਆਰਥੀ ਮੌਕੇ ਤੋਂ ਭੱਜਦਾ ਹੈ, ਤਾਂ ਦੋਵੇਂ ਪਿੱਛੇ ਭੱਜਦੇ ਹਨ। ਇਸ ’ਚ ਕੁਝ ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ। ਮਾਰਕੁੱਟ ’ਚ ਜ਼ਖਮੀ ਹੋਏ 10ਵੀਂ ਕਲਾਸ ਦੇ ਵਿਦਿਆਰਥੀ ਦੇ ਪਿਤਾ ਰਵੀ ਜੱਸਲ ਨੇ ਕਿਹਾ ਕਿ ਜਾਣਕਾਰੀ ਮਿਲਣ 'ਤੇ ਉਹ ਉਥੇ ਪਹੁੰਚੇ। ਆਪਣੇ ਪੁੱਤਰ ਨੂੰ ਹਸਪਤਾਲ ਲੈ ਗਏ ਤੇ ਥਾਣਾ ਰਾਮਾ ਮੰਡੀ ’ਚ ਸ਼ਿਕਾਇਤ ਦਿੱਤੀ। ਸਕੂਲਾਂ ’ਚ ਛੋਟੇ ਬੱਚਿਆਂ ਵਿਚ ਖਿੱਚੋਤਾਣ ਚੱਲਦੀ ਹੈ ਪਰ ਬਾਹਰੋਂ ਕਿਸੇ ਨੂੰ ਬੁਲਾ ਕੇ ਸਕੂਲ ਦੇ ਬਾਹਰ ਕੁੱਟਮਾਰ ਕਰਵਾਉਣੀ ਕਿੱਥੋਂ ਤੱਕ ਜਾਇਜ਼ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦੇ ਕਹਿਣ 'ਤੇ ਨੌਜਵਾਨ ਆਏ ਉਹ ਵੀ ਛੋਟਾ ਬੱਚਾ ਹੈ ਪਰ ਜਿਨ੍ਹਾਂ ਨੇ ਮਾਰਕੁੱਟ ਕੀਤੀ ਉਹ ਵੱਡੇ ਸਨ, ਇਸ ਲਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਸਕੂਲ ਦੇ ਪ੍ਰਿੰਸੀਪਲ ਨੇ ਦੋਵਾਂ ਧਿਰਾਂ ਨੂੰ ਸ਼ਨਿਚਰਵਾਰ ਸਕੂਲ ’ਚ ਬੁਲਾਇਆ ਹੈ। ਸ਼ਿਕਾਇਤ ਦੀ ਜਾਂਚ ਕਰ ਰਹੇ ਜਗਸੀਰ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪੀੜਤ ਨਾਲ ਮਿਲਣਾ ਸੀ ਪਰ ਕੋਰਟ ਵਿਚ ਡਿਊਟੀ ਹੋਣ ਕਾਰਨ ਨਹੀਂ ਮਿਲ ਪਾਏ। ਸ਼ਨਿਚਰਵਾਰ ਨੂੰ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਹੈ। ਬਾਲਗ ਮੁਲਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ।