ਮੋਬਾਈਲ ਖੋਹਣ ਦੇ ਮਾਮਲੇ ’ਚ 10 ਸਾਲ ਦੀ ਕੈਦ
ਬਿਊਟੀਸ਼ੀਅਨ ਦਾ ਮੋਬਾਈਲ ਖੋਹਣ ਦੇ ਮਾਮਲੇ ’ਚ 10 ਸਾਲ ਦੀ ਕੈਦ
Publish Date: Fri, 01 May 2026 08:24 PM (IST)
Updated Date: Fri, 01 May 2026 08:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਆ ਸੂਦ ਦੀ ਅਦਾਲਤ ਨੇ ਬਾਜ਼ਾਰ ਸਾਮਾਨ ਲੈਣ ਲਈ ਜਾਂਦੀ ਬਿਊਟੀਸ਼ੀਅਨ ਦਾ ਮੋਬਾਈਲ ਖੋਹਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ ਵਰਿੰਦਰ ਸਿੰਘ ਉਰਫ਼ ਰਾਜਾ ਵਾਸੀ ਜੰਡਿਆਲਾ ਗੁਰੂ, ਅੰਮਿ੍ਰਤਸਰ ਹਾਲ ਵਾਸੀ ਮੁਧੋਵਾਲ, ਥਾਣਾ ਸੁਭਾਨਪੁਰ, ਕਪੂਰਥਲਾ ਨੂੰ 10 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਦੇਣ ’ਤੇ ਮੁਲਜ਼ਮ ਨੂੰ 2 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ। ਮੁਲਜ਼ਮ ਖ਼ਿਲਾਫ਼ ਮਿਤੀ 25 ਜੁਲਾਈ 2020 ਨੂੰ ਥਾਣਾ ਕਰਤਾਰਪੁਰ ’ਚ ਰਜਵਿੰਦਰ ਕੌਰ ਵਾਸੀ ਡੋਗਰਵਾਲ, ਥਾਣਾ ਸੁਭਾਨਪੁਰ, ਕਪੂਰਥਲਾ ਦੀ ਸ਼ਿਕਾਇਤ ’ਤੇ ਉਸ ਦਾ ਮੋਬਾਈਲ ਖੋਹਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬਿਊਟੀਸ਼ੀਅਨ ਦਾ ਕੰਮ ਕਰਦੀ ਹੈ ਤੇ ਕਰਤਾਰਪੁਰ ਆਪਣੇ ਭਰਾ ਨਾਲ ਆਈ ਤੇ ਉਸ ਦਾ ਭਰਾ ਉਸ ਨੂੰ ਸਿਵਲ ਹਸਪਤਾਲ ਕੋਲ ਛੱਡ ਗਿਆ, ਜਿਸ ਤੋਂ ਬਾਅਦ ਉਹ ਉੱਥੋਂ ਪੈਦਲ ਹੀ ਬਾਜ਼ਾਰ ਵੱਲ ਘਰ ਦਾ ਸਾਮਾਨ ਲੈਣ ਲਈ ਚਲ ਪਈ ਤੇ ਥੋੜ੍ਹੀ ਅੱਗੇ ਜਾ ਕੇ ਇਕ ਲੜਕਾ ਜਿਸ ਨੇ ਹੱਥ ’ਚ ਭਾਰਾ ਕੜਾ ਪਾਇਆ ਸੀ ਮੋਟਰਸਾਈਕਲ ’ਤੇ ਆਇਆ ਤੇ ਕੜਾ ਮਾਰ ਦੇਣ ਦੀ ਧਮਕੀ ਦੇ ਕੇ ਉਸ ਦਾ ਮੋਬਾਈਲ ਖੋਹ ਕੇ ਮੋਟਰਸਾਈਕਲ ’ਤੇ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਇਹ ਮਾਮਲਾ ਦਰਜ ਕਰਵਾਇਆ ਸੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਸੀ। ਅੱਜ ਇਸੇ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।