ਟੁੱਟੀਆਂ ਸੀਟਾਂ ਤਾਂ ਠੀਕ ਕੀਤੀਆਂ ਪਰ ਫੂਡ ਟਰੇਅ ਤੇ ਫੁੱਟਰੈਸਟ ਨਹੀਂ ਲਾਏ
ਅੰਕਿਤ ਸ਼ਰਮਾ, ਜਾਗਰਣਜਲੰਧਰ
Publish Date: Mon, 25 May 2026 09:51 PM (IST)
Updated Date: Tue, 26 May 2026 04:14 AM (IST)

ਅੰਕਿਤ ਸ਼ਰਮਾ, ਜਾਗਰਣ ਜਲੰਧਰ : ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੀਆਂ ਟੁੱਟੀਆਂ ਸੀਟਾਂ ਤੇ ਫਟੀਆਂ ਗੱਦੀਆਂ, ਕਿਤੇ ਫੁੱਟਰੈਸਟ ਨਹੀਂ ਤਾਂ ਕਿਤੇ ਫੂਡ ਟਰੇਅ ਹੀ ਨਹੀਂ। ਦੈਨਿਕ ਜਾਗਰਣ ਵੱਲੋਂ ਰੋਜ਼ਾਨਾ ਟ੍ਰੇਨ ’ਚ ਸਫਰ ਕਰਨ ਵਾਲੇ ਯਾਤਰੀਆਂ ਦੀ ਇਸ ਗੰਭੀਰ ਸਮੱਸਿਆ ਬਾਰੇ ਰੇਲਵੇ ਅਧਿਕਾਰੀਆਂ ਦਾ ਧਿਆਨ ਵੀ ਖਿੱਚਿਆ ਗਿਆ ਸੀ। ਇਸ ਦੇ ਨਾਲ-ਨਾਲ ਇਸ ਮੁੱਦੇ ਨੂੰ 19 ਮਈ ਦੇ ਅੰਕ ’ਚ ਪ੍ਰਕਾਸ਼ਿਤ ਕਰ ਕੇ ਵੀ ਉਠਾਇਆ ਗਿਆ ਸੀ। ਇਸ ਤੋਂ ਬਾਅਦ ਰੇਲਵੇ ਵੱਲੋਂ ਕਾਰਵਾਈ ਕਰਦਿਆਂ ਟੁੱਟੀਆਂ ਸੀਟਾਂ ਨੂੰ ਠੀਕ ਕਰ ਦਿੱਤਾ ਗਿਆ ਹੈ ਤੇ ਫਟੀਆਂ ਗੱਦੀਆਂ ਨੂੰ ਵੀ ਨਵਾਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਡੀ-1 ਕੋਚ ਦੀ 13 ਨੰਬਰ ਸੀਟ ’ਤੇ ਫੁੱਟਰੈਸਟ ਨਹੀਂ ਸੀ, ਉਥੇ ਨਵਾਂ ਫੁੱਟਰੈਸਟ ਲਾ ਦਿੱਤਾ ਗਿਆ ਹੈ ਪਰ 10 ਨੰਬਰ ਸੀਟ ਟੁੱਟੀ ਹੋਈ ਸੀ, ਉਸ ਦੇ ਅੱਗੇ ਫੂਡ ਟਰੇਅ ਨਹੀਂ ਸੀ ਤੇ ਫੁੱਟਰੈਸਟ ਵੀ ਟੁੱਟਿਆ ਹੋਇਆ ਸੀ। ਰੇਲਵੇ ਕਰਮਚਾਰੀਆਂ ਵੱਲੋਂ ਟੁੱਟੀਆਂ ਤੇ ਫਟੀਆਂ ਸੀਟਾਂ ਨੂੰ ਤਾਂ ਠੀਕ ਕਰ ਦਿੱਤਾ ਗਿਆ ਪਰ ਫੂਡ ਟਰੇਅ ਨਹੀਂ ਲਾਈ ਗਈ ਤੇ ਟੁੱਟੇ ਹੋਏ ਫੁੱਟਰੈਸਟ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਸਥਿਤੀ ’ਚ ਹੁਣ ਇਸ ਸੀਟ ’ਤੇ ਨਾ ਤਾਂ ਫੁੱਟਰੈਸਟ ਹੈ ਤੇ ਨਾ ਹੀ ਫੂਡ ਟਰੇਅ। ਇਸ ਤਰ੍ਹਾਂ ਯਾਤਰੀਆਂ ਨੂੰ ਲੰਬੇ ਸਫਰ ਦੌਰਾਨ ਆਰਾਮ ਕਰਨ ਤੇ ਖਾਣ-ਪੀਣ ਸਮੇਂ ਫੂਡ ਟਰੇਅ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਦੈਨਿਕ ਜਾਗਰਣ ਦੀ ਟੀਮ ਨੇ ਯਾਤਰੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਖ਼ੁਦ ਟ੍ਰੇਨ ’ਚ ਸਫਰ ਕਰ ਕੇ ਇਸ ਸਮੱਸਿਆ ਨੂੰ ਦੇਖਿਆ ਸੀ। ਇਸ ਤੋਂ ਬਾਅਦ 139 ਅਤੇ ਰੇਲ ਮਦਦ ਐਪ ਦੇ ਜ਼ਰੀਏ ਵੀ ਇਸ ਸਮੱਸਿਆ ਨੂੰ ਉਠਾਇਆ ਗਿਆ ਸੀ, ਜਿਸ ਤੇ ਸ਼ਿਕਾਇਤ ਕਰਨ ਤੋਂ ਬਾਅਦ ਪਹਿਲਾਂ ਇਕ ਰੇਲ ਮੁਲਾਜ਼ਮ ਯਾਤਰੀਆਂ ਦੀਆਂ ਸ਼ਿਕਾਇਤਾਂ ਤੇ ਪਰੇਸ਼ਾਨੀਆਂ ਨੂੰ ਜਾਣਨ ਲਈ ਸੀਟ ’ਤੇ ਪਹੁੰਚਿਆ। ਉਸ ਨੇ ਟੁੱਟੀਆਂ ਤੇ ਫਟੀਆਂ ਸੀਟਾਂ ਦੀ ਸਮੱਸਿਆ ਦੀ ਵੀਡੀਓਗ੍ਰਾਫੀ ਵੀ ਕੀਤੀ। ਅੰਬਾਲਾ ਜਾ ਕੇ ਮੈਨਟੇਨੈਂਸ ਲਈ ਰੇਲ ਮੁਲਾਜ਼ਮ ਵੀ ਆਇਆ, ਕਿਉਂਕਿ ਇੱਥੇ ਟ੍ਰੇਨ 5 ਮਿੰਟ ਤੱਕ ਰੁਕਦੀ ਹੈ। ਰੇਲ ਮੁਲਾਜ਼ਮ ਵੱਲੋਂ ਸੀਟ ਦੀ ਸਮੱਸਿਆ ਨੂੰ ਠੀਕ ਕਰਨ ਲਈ ਯਤਨ ਕੀਤੇ ਗਏ ਤੇ ਲੋਹੇ ਦੀ ਤਾਰ ਲਾ ਕੇ ਜੁਗਾੜ ਨਾਲ ਉਸ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਾਰੇ ਜੁਗਾੜ ਧਰੇ ਦੇ ਧਰੇ ਰਹਿ ਗਏ। ਇਸ ਤੋਂ ਬਾਅਦ ਉਕਤ ਰੇਲ ਮੁਲਾਜ਼ਮ ਨੇ ਵੀ ਸਾਫ ਕਰ ਦਿੱਤਾ ਕਿ ਇਹ ਸਮੱਸਿਆ ਹੁਣ ਨਹੀਂ ਹੱਲ ਹੋ ਸਕਦੀ, ਜਦੋਂ ਗੱਡੀ ਮੈਨਟੇਨੈਂਸ ’ਚ ਜਾਵੇਗੀ ਤਦੋਂ ਹੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।