ਪ੍ਰਕਲਪ ਮੰਥਨ ਨੂੰ ਸਮਰਿਪਤ ਦਿਵਯ ਭਜਨ ਸੰਧਿਆ ਕਰਵਾਈ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Mon, 25 May 2026 08:08 PM (IST)
Updated Date: Tue, 26 May 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵ੍ਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਚਲਾਏ ਜਾ ਰਹੇ ਪ੍ਰਕਲਪ ਮੰਥਨ ਨੂੰ ਸਮਰਪਿਤ ਸਥਾਨਕ ਹੋਟਲ ’ਚ ‘ਕ੍ਰਿਸ਼ਨੰ ਵੰਦੇ ਜਗਦਗੁਰੂਮ’ ਨਾਮਕ ਦਿਵਯ ਭਜਨ ਸੰਧਿਆ ਦਾ ਆਯੋਜਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ’ਚ ਸ਼ਹਿਰ ਦੇ ਪਤਵੰਤੇ ਤੇ ਸ਼ਰਧਾਲੂਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਆਧਿਆਤਮਿਕ ਮਾਹੌਲ ਦਾ ਆਨੰਦ ਮਾਣਿਆ। ਭਜਨ ਸੰਧਿਆ ਦੇ ਸ਼ੁੱਭ ਆਰੰਭ ਮੌਕੇ ਗੁਰੂਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਪਰਮਾਨੰਦ ਜੀ, ਸਵਾਮੀ ਸਦਾਨੰਦ ਜੀ, ਸਵਾਮੀ ਸੱਜਨਾਨੰਦ ਜੀ, ਜਲੰਧਰ ਸ਼ਾਖਾ ਪ੍ਰਮੁੱਖ ਸਾਧਵੀ ਪੱਲਵੀ ਭਾਰਤੀ ਜੀ, ਸਾਧਵੀ ਸ਼ਸ਼ੀ ਭਾਰਤੀ ਜੀ, ਗੌਤਮ ਕੁਕਰੇਜਾ, ਗੌਰਵ ਕੁਕਰੇਜਾ, ਇੰਦਰਪਾਲ ਮਰਵਾਹਾ, ਐੱਸਡੀਐੱਮ ਸ਼ੁਭੀ ਆਂਗਰਾ, ਜਲੰਧਰ ਕੈਂਟ ਦੇ ਸੀਈਓ ਤੇ ਬ੍ਰਿਗੇਡੀਅਰ ਸੁਨੀਲ ਸੋਲ ਵੱਲੋਂ ਸਾਂਝੇ ਤੌਰ ’ਤੇ ਜੋਤ ਪ੍ਰਜਵਲਿਤ ਕਰ ਕੇ ਕਾਰਜਕ੍ਰਮ ਦਾ ਆਗਾਜ਼ ਕੀਤਾ ਗਿਆ। ਇਸ ਤੋਂ ਬਾਅਦ ਭਜਨ ਸੰਧਿਆ ਦਾ ਮਨਮੋਹਕ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ’ਚ ਭਜਨਾਂ ਦੀ ਮਧੁਰ ਪੇਸ਼ਕਾਰੀ ਨੇ ਸਾਰੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਮਾਗਮ ਦੌਰਾਨ ਸਾਧਵੀ ਜਯੰਤੀ ਭਾਰਤੀ ਜੀ ਨੇ ਆਪਣੇ ਪ੍ਰੇਰਣਾਦਾਇਕ ਤੇ ਆਧਿਆਤਮਿਕ ਵਿਚਾਰਾਂ ਰਾਹੀਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਪ੍ਰਸੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਨੇ ਸਦਾ ਹੀ ਸਮਾਜ ਨੂੰ ਪ੍ਰੇਮ, ਸਮਾਨਤਾ ਤੇ ਕਰਤਵ੍ਯ ਦਾ ਸੰਦੇਸ਼ ਦਿੱਤਾ। ਉਨ੍ਹਾਂ ਸੁਦਾਮਾ ਪ੍ਰਸੰਗ ਦਾ ਵਰਣਨ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਗਰੀਬ ਮਿੱਤਰ ਸੁਦਾਮਾ ਨੂੰ ਗਲੇ ਲਾ ਕੇ ਇਹ ਸੰਦੇਸ਼ ਦਿੱਤਾ ਕਿ ਸੱਚੇ ਰਿਸ਼ਤੇ ਧਨ-ਦੌਲਤ ਨਾਲ ਨਹੀਂ ਸਗੋਂ ਪ੍ਰੇਮ ਤੇ ਭਾਵਨਾਵਾਂ ਨਾਲ ਬਣਦੇ ਹਨ। ਅੱਜ ਦੇ ਸਮਾਜ ’ਚ ਇਹ ਪ੍ਰਸੰਗ ਸਾਨੂੰ ਵਰਗ ਭੇਦ ਮਿਟਾ ਕੇ ਮਨੁੱਖਤਾ, ਦੋਸਤੀ ਤੇ ਸੇਵਾ ਭਾਵਨਾ ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ’ਚ ਮਨੁੱਖ ਭੌਤਿਕ ਸੁੱਖਾਂ ਦੇ ਪਿੱਛੇ ਦੌੜਦਿਆਂ ਰਿਸ਼ਤਿਆਂ ਤੇ ਸੰਸਕਾਰਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਦਕਿ ਸ਼੍ਰੀ ਕ੍ਰਿਸ਼ਨ ਦਾ ਜੀਵਨ ਸਾਨੂੰ ਸਮਾਜ ਨੂੰ ਨਾਲ ਲੈ ਕੇ ਚੱਲਣ, ਪਰਸਪਰ ਸਹਿਯੋਗ ਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਦੀ ਸਿੱਖਿਆ ਦਿੰਦਾ ਹੈ। ਸਾਧਵੀ ਨੇ ਦੱਸਿਆ ਗੁਰੂਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਬ੍ਰਹਮ ਗਿਆਨ ਦੇ ਮਾਧਿਅਮ ਨਾਲ ਆਪਣੇ ਅੰਦਰ ਈਸ਼ਵਰ ਸਾਕਸ਼ਾਤਕਾਰ ਅਸੰਖ ਭਗਤਾਂ ਨੇ ਕਰ ਕੇ ਜੀਵਨ ਦਾ ਅਸਲੀ ਕਲਿਆਣ ਕਰਨ ਦੀ ਦਿਸ਼ਾ ਵੱਲ ਆਪਣੇ ਕਦਮ ਵਧਾਏ ਨੇ, ਨਾਲ ਹੀ ਉਨ੍ਹਾਂ ਨੇ ਵਿਗਿਆਨਕ ਦ੍ਰਿਸ਼ਟੀਕੋਣ ਰੱਖਦਿਆਂ ਦੱਸਿਆ ਕਿ ਧਿਆਨ ਤੇ ਆਧਿਆਤਮਿਕ ਸਾਧਨਾ ਮਨੁੱਖ ਦੇ ਮਾਨਸਿਕ ਤਣਾਅ ਨੂੰ ਘਟਾਉਣ, ਸਾਕਾਰਾਤਮਕ ਸੋਚ ਵਧਾਉਣ ਤੇ ਜੀਵਨ ’ਚ ਸੰਤੁਲਨ ਸਥਾਪਿਤ ਕਰਨ ’ਚ ਸਹਾਇਕ ਸਾਬਤ ਹੁੰਦੀ ਹੈ। ਅੱਜ ਵਿਸ਼ਵ ਭਰ ’ਚ ਵਿਗਿਆਨਕ ਖੋਜਾਂ ਵੀ ਇਹ ਮੰਨ ਰਹੀਆਂ ਹਨ ਕਿ ਧਿਆਨ ਮਨੁੱਖ ਦੇ ਮਾਨਸਿਕ ਤੇ ਸਰੀਰਕ ਸਿਹਤ ’ਤੇ ਸਾਕਾਰਾਤਮਕ ਪ੍ਰਭਾਵ ਪਾਂਦੇ ਹਨ। ‘ਕ੍ਰਿਸ਼ਨੰ ਵੰਦੇ ਜਗਦਗੁਰੂਮ’ ਦੇ ਭਜਨ ’ਤੇ ਸਾਰਾ ਪੰਡਾਲ ਝੂਮ ਉੱਠਿਆ। ਭਗਤੀਮਈ ਭਜਨਾਂ ਨੇ ਪੂਰੇ ਮਾਹੌਲ ਨੂੰ ਕ੍ਰਿਸ਼ਨਮਈ ਬਣਾ ਦਿੱਤਾ। ਸ਼ਰਧਾਲੂ ਭਗਤੀ ਰਸ ’ਚ ਡੁੱਬ ਕੇ ਝੂਮ ਉੱਠੇ। ਸਮਾਗਮ ਦੇ ਅੰਤ ’ਚ ਸਵਾਮੀ ਸੱਜਨਾਨੰਦ ਜੀ ਵੱਲੋਂ ਸਾਰੇ ਹਾਜ਼ਰ ਮਹਿਮਾਨਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ। ਸਾਧਵੀ ਪੱਲਵੀ ਭਾਰਤੀ ਜੀ ਵੱਲੋਂ ਮਨੁੱਖਤਾ ਦੇ ਉੱਥਾਨ ਲਈ ਸੰਸਥਾਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਮਾਜਿਕ ਤੇ ਅਧਿਆਤਮਿਕ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।