- ਕਿਸੇ ਨੇ ਘਰੇਲੂ

- ਕਿਸੇ ਨੇ ਘਰੇਲੂ ਝਗੜੇ ਦਾ ਹੱਲ ਮੰਗਿਆ, ਤਾਂ ਕਿਸੇ ਨੇ ਸਾਈਬਰ ਠੱਗੀ ਤੋਂ ਛੁਟਕਾਰਾ ਪਾਉਣ ਦੀ ਬੇਨਤੀ ਕੀਤੀ
- ਕਮਿਸ਼ਨਰੇਟ ਪੁਲਿਸ ਦੇ ਸਮੱਸਿਆਵਾਂ ਦੇ ਹੱਲ ਕੈਂਪ ’ਚ 300 ਦੇ ਕਰੀਬ ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ
ਜਗ੍ਹਾ : ਪੁਲਿਸ ਲਾਈਨ
ਪ੍ਰੋਗਰਾਮ : ਜ਼ਿਲ੍ਹਾ ਪੱਧਰੀ ਸਮੱਸਿਆਵਾਂ ਦਾ ਹੱਲ ਕੈਂਪ
ਟੀਮ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਏਡੀਸੀਪੀ, ਏਸੀਪੀ ਰੈਂਕ ਦੇ ਅਧਿਕਾਰੀ
ਸੁਕਰਾਂਤ, ਜਾਗਰਣ, ਜਲੰਧਰ
ਪੁਲਿਸ ਲਾਈਨ ਵਿਚ ਲਗਾਏ ਗਏ ਕੈਂਪ ਵਿਚ ਇਕ ਵਿਅਕਤੀ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਗੁਆਂਢੀ ਹਰ ਰੋਜ਼ ਸ਼ਰਾਬ ਪੀ ਕੇ ਇਲਾਕੇ ਵਿਚ ਹੰਗਾਮਾ ਕਰਦਾ ਹੈ ਅਤੇ ਪਰਿਵਾਰ ਨੂੰ ਧਮਕੀਆਂ ਦਿੰਦਾ ਹੈ। ਗੁਆਂਢੀ ਇਕ ਦਬੰਗ ਹੈ, ਜੋ ਰਾਜਨੀਤਿਕ ਅਤੇ ਗੁੰਡਾ ਤਾਕਤ ਦਾ ਡਰ ਦਿਖਾਉਂਦਾ ਹੈ। ਸ਼ਿਕਾਇਤ ਸੁਣਨ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸਬੰਧਿਤ ਥਾਣਾ ਇੰਚਾਰਜ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿਵਾਇਆ ਕਿ ਜਲਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸ਼ਿਕਾਇਤ ਕਿਸ ਦੀ ਹੈ, ਇਹ ਪਤਾ ਨਾ ਲੱਗੇ।
ਜਲੰਧਰ ਪੁਲਿਸ ਲਾਈਨ ਵਿਚ ਸ਼ਨਿਚਰਵਾਰ ਨੂੰ ਉਸ ਸਮੇਂ ਇਕ ਵੱਖਰਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਪੁਲਿਸ ਲਾਈਨ ਵਿਚ ਲਾਏ ਗਏ ਜ਼ਿਲ੍ਹਾ ਪੱਧਰ ਦੇ ਸਮੱਸਿਆਵਾਂ ਦੇ ਹੱਲ ਕੈਂਪ ਵਿਚ ਪਹੁੰਚੇ। ਕੋਈ ਗੁਆਂਢੀ ਦੀ ਰੋਜ਼ਾਨਾ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਸੀ, ਤਾਂ ਕੋਈ ਪਰਿਵਾਰਕ ਵਿਵਾਦ ਲਈ ਇਨਸਾਫ਼ ਮੰਗ ਰਿਹਾ ਸੀ। ਕਿਸੇ ਨੇ ਸਾਈਬਰ ਠੱਗੀ ਦੀ ਸ਼ਿਕਾਇਤ ਕੀਤੀ ਤਾਂ ਕਿਸੇ ਨੇ ਕਿਰਾਏਦਾਰ ਅਤੇ ਜਾਇਦਾਦ ਵਿਵਾਦ ਦਾ ਮਾਮਲਾ ਅਧਿਕਾਰੀਆਂ ਦੇ ਸਾਹਮਣੇ ਰੱਖਿਆ। ਖਾਸ ਗੱਲ ਇਹ ਰਹੀ ਕਿ ਕਈ ਮਾਮਲਿਆਂ ਦਾ ਮੌਕੇ ’ਤੇ ਹੀ ਹੱਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ। ਕਮਿਸ਼ਨਰੇਟ ਜਲੰਧਰ ਪੁਲਿਸ ਵੱਲੋਂ ਲਗਾਏ ਗਏ ਇਸ ਵਿਸ਼ੇਸ਼ ਸਮੱਸਿਆਵਾਂ ਦੇ ਹੱਲ ਕੈਂਪ ਵਿਚ ਕਰੀਬ 300 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।
ਕੈਂਪ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਦੀ ਅਗਵਾਈ ਵਿਚ ਪੁਲਿਸ ਲਾਈਨ ਵਿਚ ਕਰਵਾਇਆ ਗਿਆ। ਇਸ ਦੌਰਾਨ ਏਡੀਸੀਪੀ ਮੁੱਖਾਲਤ ਸੁਖਵਿੰਦਰ ਸਿੰਘ ਪੀਪੀਐੱਸ, ਏਸੀਪੀ ਉੱਤਰੀ ਅਸ਼ੋਕ ਮੀਣਾ, ਏਸੀਪੀ ਸੈਂਟਰਲ ਰਾਜੇਸ਼ ਠਾਕੁਰ, ਏਸੀਪੀ ਐੱਮਟੀ ਮਨਮੋਹਨ ਸਿੰਘ ਸਮੇਤ ਵੱਖ-ਵੱਖ ਥਾਣਿਆਂ ਦੇ ਇੰਚਾਰਜ ਅਤੇ ਜਾਂਚ ਅਧਿਕਾਰੀ ਮੌਜੂਦ ਰਹੇ। ਕੈਂਪ ਵਿਚ ਥਾਣਾ ਡਵੀਜ਼ਨ ਨੰਬਰ 1, 6, 7, 8, ਰਾਮਾਮੰਡੀ ਥਾਨਾ, ਸਾਈਬਰ ਕ੍ਰਾਈਮ ਥਾਣਾ ਅਤੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦੇ ਅਧਿਕਾਰੀਆਂ ਨੇ ਵੱਖ-ਵੱਖ ਹੈਲਪ ਡੈਸਕ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਅਧਿਕਾਰੀਆਂ ਨੇ ਕਈ ਮਾਮਲਿਆਂ ਵਿਚ ਦੋਵੇਂ ਧਿਰਾਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਸਮਝੌਤਾ ਕਰਵਾਇਆ, ਜਦਕਿ ਕੁਝ ਮਾਮਲਿਆਂ ਵਿਚ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਗਏ।
- ਘਰੇਲੂ ਵਿਵਾਦ ਦੇ ਨਾਲ ਸਾਈਬਰ ਫਰਾਡ ਦੇ ਮਾਮਲੇ ਵੀ ਪਹੁੰਚੇ ਕੈਂਪ ’ਚ
ਪੁਲਿਸ ਲਾਈਨ ਵਿਚ ਲਾਏ ਗਏ ਕੈਂਪ ਵਿਚ ਘਰੇਲੂ ਝਗੜੇ, ਪਤੀ-ਪਤਨੀ ਵਿਵਾਦ, ਪੈਸੇ ਦੇ ਲੈਣ-ਦੇਣ, ਕਿਰਾਏਦਾਰ ਵਿਵਾਦ, ਗੁਮ ਮੋਬਾਈਲ ਫੋਨ, ਸਾਈਬਰ ਫਰਾਡ ਅਤੇ ਗੁਆਂਢੀਆਂ ਵਿਚਕਾਰ ਲੜਾਈ-ਝਗੜੇ ਜਿਹੇ ਕਈ ਮਾਮਲੇ ਵੀ ਪਹੁੰਚੇ। ਸਾਈਬਰ ਕ੍ਰਾਈਮ ਯੂਨਿਟ ਨੇ ਆਨਲਾਈਨ ਠੱਗੀ ਨਾਲ ਜੁੜੇ ਮਾਮਲਿਆਂ ਵਿਚ ਲੋਕਾਂ ਨੂੰ ਜਾਗਰੂਕ ਵੀ ਕੀਤਾ ਅਤੇ ਸ਼ਿਕਾਇਤਾਂ ’ਤੇ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਕੁਝ ਮਾਮਲਿਆਂ ਵਿਚ ਦੋਵੇਂ ਧਿਰਾਂ ਨੂੰ ਬੁਲਾ ਕੇ ਮੌਕੇ ’ਤੇ ਹੀ ਸਮਝੌਤਾ ਕਰਵਾਇਆ ਗਿਆ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਅਜਿਹੇ ਕੈਂਪ ਲਗਾਉਣ ਦਾ ਮੁੱਖ ਟੀਚਾ ਲੋਕਾਂ ਨੂੰ ਥਾਣਿਆਂ ਦੇ ਚੱਕਰ ਲਾਉਣ ਤੋਂ ਰਾਹਤ ਦੇਣਾ ਅਤੇ ਪੈਂਡਿੰਗ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਰ ਰੋਜ਼ ਲੋਕਾਂ ਦੀਆਂ ਸਮੱਸਿਆਵਾਂ ਸੁਣਦੀ ਹੈ, ਪਰ ਹਫ਼ਤੇ ਦੇ ਅਖੀਰ ’ਤੇ ਲਾਏ ਜਾਣ ਵਾਲੇ ਸਮੱਸਿਆਵਾਂ ਦੇ ਹੱਲ ਕੈਂਪਾਂ ਨਾਲ ਲੋਕਾਂ ਨੂੰ ਇਕ ਹੀ ਜਗ੍ਹਾ ’ਤੇ ਸਬੰਧਿਤ ਅਧਿਕਾਰੀਆਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ।
- ਹਰ ਸ਼ਨਿਚਰਵਾਰ ਤੇ ਐਤਵਾਰ ਨੂੰ ਸਾਰੇ ਥਾਣਿਆਂ ’ਚ ਲੱਗਦੇ ਨੇ ਕੈਂਪ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਸਾਰੇ ਥਾਣਿਆਂ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਮੱਸਿਆਵਾਂ ਦੇ ਹੱਲ ਕੈਂਪ ਲਾਏ ਜਾਂਦੇ ਹਨ, ਤਾਂ ਜੋ ਛੋਟੇ-ਮੋਟੇ ਵਿਵਾਦ ਸਮੇਂ ’ਤੇ ਸੁਲਝਾਏ ਜਾ ਸਕਣ ਅਤੇ ਵੱਡੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਇਕ ਵੱਡਾ ਟੀਚਾ ਪੁਲਿਸ ਅਤੇ ਜਨਤਾ ਦੇ ਵਿਚਕਾਰ ਵਿਸ਼ਵਾਸ ਮਜ਼ਬੂਤ ਕਰਨਾ ਵੀ ਹੈ। ਕਈ ਲੋਕ ਅਜਿਹੇ ਮਾਮਲਿਆਂ ਵਿਚ ਥਾਨੇ ਜਾਣ ਤੋਂ ਹਿਚਕਿਚਾਉਂਦੇ ਹਨ, ਪਰ ਖੁਲੇ ਮਾਹੌਲ ਵਿਚ ਲਾਏ ਗਏ, ਇਨ੍ਹਾਂ ਕੈਂਪਾਂ ਵਿਚ ਲੋਕ ਆਪਣੀਆਂ ਸਮੱਸਿਆਵਾਂ ਆਸਾਨੀ ਨਾਲ ਅਧਿਕਾਰੀਆਂ ਦੇ ਸਾਹਮਣੇ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਸਮੱਸਿਆਵਾਂ ਦੇ ਹੱਲ ਕੈਂਪ ਜਾਰੀ ਰਹਿਣਗੇ ਅਤੇ ਪੈਂਡਿੰਗ ਸ਼ਿਕਾਇਤਾਂ ਦੇ ਬੈਕਲਾਗ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈਆਂ ਜਾਣਗੀਆਂ। ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂਬੱਧ ਅਤੇ ਨਿਸ਼ਪੱਖ ਹੱਲ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ ਅਤੇ ਕਾਨੂੰਨ-ਕ੍ਰਮ ਮਜ਼ਬੂਤ ਰਹੇ।
- ਕੇਸ ਸਟੱਡੀ 1 : ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲੇ ਗੁਆਂਢੀ ਤੋਂ ਪਰੇਸ਼ਾਨ ਪਰਿਵਾਰ
ਕੈਂਪ ਵਿਚ ਇਕ ਔਰਤ ਆਪਣੇ ਪਰਿਵਾਰ ਦੇ ਨਾਲ ਪਹੁੰਚੀ ਅਤੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦਾ ਗੁਆਂਢੀ ਹਰ ਰੋਜ਼ ਸ਼ਰਾਬ ਪੀ ਕੇ ਗਾਲੀ-ਗਲੋਚ ਕਰਦਾ ਹੈ। ਕਈ ਵਾਰ ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨਿਆ ਅਤੇ ਰਾਤ ਦੇ ਸਮੇਂ ਘਰ ਦੇ ਬਾਹਰ ਹੰਗਾਮਾ ਕਰਦਾ ਹੈ। ਔਰਤ ਨੇ ਦੱਸਿਆ ਕਿ ਬੱਚੇ ਵੀ ਡਰ ਦੇ ਮਾਹੌਲ ਵਿਚ ਜੀ ਰਹੇ ਹਨ। ਸ਼ਿਕਾਇਤ ਸੁਣਨ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸਬੰਧਿਤ ਥਾਣਾ ਇੰਚਾਰਜ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।
- ਕੇਸ ਸਟੱਡੀ 2 : ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ
ਇਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਮੋਬਾਈਲ ’ਤੇ ਲਿੰਕ ਭੇਜ ਕੇ ਉਸ ਦੇ ਬੈਂਕ ਖਾਤੇ ਤੋਂ ਹਜ਼ਾਰਾਂ ਰੁਪਏ ਕੱਢ ਲਏ ਗਏ। ਸਾਈਬਰ ਕ੍ਰਾਈਮ ਟੀਮ ਨੇ ਮੌਕੇ ’ਤੇ ਹੀ ਸ਼ਿਕਾਇਤ ਦਰਜ ਕੀਤੀ ਅਤੇ ਖਾਤੇ ਦੀ ਡਿਟੇਲ ਖੰਗਾਲੀ ਅਤੇ ਸਬੰਧਿਤ ਬੈਂਕ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਨੌਜਵਾਨ ਨੂੰ ਆਨਲਾਈਨ ਫਰਾਡ ਤੋਂ ਬਚਾਅ ਦੇ ਤਰੀਕਿਆਂ ਦੀ ਜਾਣਕਾਰੀ ਵੀ ਦਿੱਤੀ।
- ਕੇਸ ਸਟਡੀ 3 : ਪਤੀ-ਪਤਨੀ ਵਿਵਾਦ ਸੁਲਝਾਇਆ
ਕੈਂਪ ਵਿਚ ਪਹੁੰਚੇ ਪਤੀ-ਪਤਨੀ ਦੇ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ। ਦੋਵੇਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਔਰਤ ਪੁਲਿਸ ਅਧਿਕਾਰੀਆਂ ਅਤੇ ਜਾਂਚ ਅਧਿਕਾਰੀਆਂ ਨੇ ਕਾਊਂਸਲਿੰਗ ਕੀਤੀ। ਕਾਫੀ ਦੇਰ ਗੱਲਬਾਤ ਕਰਨ ਤੋਂ ਬਾਅਦ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਵਿਵਾਦ ਸੁਲਝਾਉਣ ’ਤੇ ਰਾਜੀ ਹੋ ਗਈਆਂ।
- ਕੇਸ ਸਟਡੀ 4 : ਕਿਰਾਏਦਾਰ ਤੇ ਮਕਾਨ ਮਾਲਕ ਦਾ ਵਿਵਾਦ
ਇਕ ਮਕਾਨ ਮਾਲਕ ਨੇ ਸ਼ਿਕਾਇਤ ਦਿੱਤੀ ਕਿ ਕਿਰਾਏਦਾਰ ਕਈ ਮਹੀਨਿਆਂ ਤੋਂ ਕਿਰਾਇਆ ਨਹੀਂ ਦੇ ਰਿਹਾ ਅਤੇ ਘਰ ਖਾਲੀ ਕਰਨ ਤੋਂ ਵੀ ਇਨਕਾਰ ਕਰ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੋਵੇਂ ਧਿਰਾਂ ਦੀ ਬਿਠਾ ਕੇ ਗੱਲਬਾਤ ਕਰਵਾਈ ਅਤੇ ਲਿਖਤੀ ਸਮਝੌਤੇ ਤਹਿਤ ਨਿਰਧਾਰਿਤ ਸਮੇਂ ਵਿਚ ਮਕਾਨ ਖਾਲੀ ਕਰਵਾਉਣ ਦਾ ਫ਼ੈਸਲਾ ਕੀਤਾ।