ਮਹਾਨਗਰ ਦੇ 3 ਨੌਜਵਾਨਾਂ

ਮਹਾਨਗਰ ਦੇ 3 ਨੌਜਵਾਨਾਂ ਨਾਲ 92 ਲੱਖ ਦੀ ਠੱਗੀ
ਇੰਟਰਨੈੱਟ ਮੀਡੀਆ ’ਤੇ ਲਗਜ਼ਰੀ ਲਾਈਫ ਸਟਾਈਲ ਦਿਖਾ ਕੇ ਬਣਾਇਆ ਸ਼ਿਕਾਰ
ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਤੇ ਉੱਥੇ ਕਾਰੋਬਾਰ ਸਥਾਪਿਤ ਕਰਨ ਦਾ ਵਧਦਾ ਸ਼ੌਕ ਹੁਣ ਸਾਈਬਰ ਠੱਗਾਂ ਲਈ ਕਮਾਈ ਦਾ ਵੱਡਾ ਜ਼ਰੀਆ ਬਣ ਗਿਆ ਹੈ। ਪਹਿਲਾਂ ਫਰਜ਼ੀ ਟ੍ਰੈਵਲ ਏਜੰਟ ਨੌਕਰੀ ਤੇ ਵੀਜ਼ਾ ਦਿਵਾਉਣ ਦੇ ਨਾਂ ’ਤੇ ਠੱਗੀ ਕਰਦੇ ਸਨ ਪਰ ਹੁਣ ਇੰਟਰਨੈੱਟ ਮੀਡੀਆ ’ਤੇ ਸਰਗਰਮ ਐੱਨਆਰਆਈ ਵਿਧਵਾ ਬਣ ਕੇ ਨਵੇਂ ਤੇ ਸ਼ਾਤਿਰ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਸੰਦਰਭ ’ਚ ਇਨ੍ਹਾਂ ਠੱਗਾਂ ਤੋਂ ਬਚਣ ਲਈ ਸਾਵਧਾਨ ਰਹੋ ਨਹੀਂ ਤਾਂ ਬਾਅਦ ’ਚ ਸਾਰੀ ਜਮ੍ਹਾ ਪੂੰਜੀ ਗੁਆਉਣ ਤੋਂ ਬਾਅਦ ਪਛਤਾਵਾ ਕਰਨ ਤੋਂ ਇਲਾਵਾ ਕੁਝ ਨਹੀਂ ਬਚੇਗਾ।
ਇਹ ਗੈਂਗ ਆਪਣੇ-ਆਪ ਨੂੰ ਕੈਨੇਡਾ, ਆਸਟ੍ਰੇਲੀਆ ਜਾਂ ਦੁਬਈ ’ਚ ਰਹਿਣ ਵਾਲੀ ਅਮੀਰ ਵਿਧਵਾ ਕਾਰੋਬਾਰੀ ਦੱਸ ਕੇ ਨੌਜਵਾਨਾਂ ਨਾਲ ਦੋਸਤੀ ਕਰਦੀ ਹੈ ਤੇ ਫਿਰ ਉਨ੍ਹਾਂ ਨੂੰ ਵਿਦੇਸ਼ ’ਚ ਬਿਜ਼ਨੈੱਸ ਪਾਰਟਨਰ ਬਣਾਉਣ, ਹੋਟਲ ਮੈਨੇਜਮੈਂਟ ਸੰਭਾਲਣ, ਪ੍ਰਾਪਰਟੀ ’ਚ ਹਿੱਸੇਦਾਰੀ ਦੇਣ ਜਾਂ ਵਿਆਹ ਤੋਂ ਬਾਅਦ ਵਿਦੇਸ਼ ’ਚ ਵਸਾਉਣ ਦੇ ਸੁਪਨੇ ਦਿਖਾਉਂਦੀ ਹੈ। ਠੱਗ ਔਰਤਾਂ ਇੰਟਰਨੈੱਟ ਮੀਡੀਆ ਪ੍ਰੋਫਾਈਲ ’ਤੇ ਮਹਿੰਗੀਆਂ ਗੱਡੀਆਂ, ਆਲੀਸ਼ਾਨ ਬੰਗਲੇ, ਵਿਦੇਸ਼ੀ ਦਫਤਰ ਤੇ ਕਰੋੜਾਂ ਦੇ ਕਾਰੋਬਾਰ ਦੀਆਂ ਤਸਵੀਰਾਂ ਪਾ ਕੇ ਆਪਣੇ-ਆਪ ਨੂੰ ਸਫਲ ਬਿਜ਼ਨੈੱਸ ਵੂਮੈਨ ਸਾਬਤ ਕਰਦੀਆਂ ਹਨ। ਇਸ ਤੋਂ ਬਾਅਦ ਲੰਬੇ ਸਮੇਂ ਤੱਕ ਗੱਲਬਾਤ ਕਰ ਕੇ ਨੌਜਵਾਨਾਂ ਦਾ ਭਰੋਸਾ ਜਿੱਤ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਮੰਗਣਾ ਸ਼ੁਰੂ ਕਰ ਦਿੰਦੀਆਂ ਹਨ। ਜਲੰਧਰ ’ਚ ਅਜਿਹੇ 3 ਮਾਮਲਿਆਂ ’ਚ ਨੌਜਵਾਨਾਂ ਨਾਲ ਲੱਗਭਗ 92 ਲੱਖ ਰੁਪਏ ਦੀ ਠੱਗੀ ਸਾਹਮਣੇ ਆਈ ਹੈ।
ਕੇਸ 1:
ਕੈਨੇਡਾ ’ਚ ਕਾਰੋਬਾਰ ਦਾ ਝਾਂਸਾ ਦੇ ਕੇ 24 ਲੱਖ ਠੱਗੇ
ਬਸਤੀ ਨੌ ਦੇ ਰਹਿਣ ਵਾਲੇ ਸਾਹਿਲ ਨੂੰ ਇਕ ਔਰਤ ਨੇ ਇੰਟਰਨੈੱਟ ਮੀਡੀਆ ਰਾਹੀਂ ਸੰਪਰਕ ਕੀਤਾ। ਔਰਤ ਨੇ ਆਪਣੇ-ਆਪ ਨੂੰ ਕੈਨੇਡਾ ਦੀ ਐੱਨਆਰਆਈ ਬਿਜ਼ਨੈੱਸ ਵੂਮੈਨ ਦੱਸਿਆ ਤੇ ਸਾਹਿਲ ਨੂੰ ਵੱਡੀ ਕੰਪਨੀ ’ਚ ਕਾਰੋਬਾਰ ਕਰਨ ਦਾ ਝਾਂਸਾ ਦਿੱਤਾ। ਲੱਗਭਗ ਡੇਢ ਮਹੀਨੇ ਤੱਕ ਗੱਲਬਾਤ ਕਰ ਕੇ ਉਸ ਨੂੰ ਭਰੋਸੇ ’ਚ ਲਿਆ। ਠੱਗਾਂ ਨੇ ਨਕਲੀ ਕੈਨੇਡੀਅਨ ਲੋਕੇਸ਼ਨ, ਫਰਜ਼ੀ ਕੰਪਨੀ ਦੇ ਦਸਤਾਵੇਜ਼ ਤੇ ਇਨਵੈਸਟਮੈਂਟ ਐਗਰੀਮੈਂਟ ਭੇਜ ਕੇ ਨੌਜਵਾਨ ਨੂੰ ਯਕੀਨ ਦੁਆਇਆ ਕਿ ਉਹ ਵਿਦੇਸ਼ ’ਚ ਵੱਡਾ ਕਾਰੋਬਾਰੀ ਬਣਨ ਜਾ ਰਿਹਾ ਹੈ। ਬਾਅਦ ’ਚ ਰਿਫੰਡੇਬਲ ਸਕਿਓਰਿਟੀ ਤੇ ਪ੍ਰੋਸੈਸਿੰਗ ਫੀਸ ਦੇ ਨਾਂ ’ਤੇ ਉਸ ਤੋਂ 24 ਲੱਖ ਰੁਪਏ ਠੱਗ ਲਏ। ਰਕਮ ਇਕੱਠੀ ਕਰਨ ਲਈ ਸਾਹਿਲ ਨੂੰ ਆਪਣੀ ਪੁਰਾਣੀ ਜ਼ਮੀਨ ਤੱਕ ਗਿਰਵੀ ਰੱਖਣੀ ਪਈ।
ਕੇਸ 2:
ਵਿਦੇਸ਼ ’ਚ ਬਿਜ਼ਨੈੱਸ ਪਾਰਟਨਰ ਬਣਨ ਲਈ 31 ਲੱਖ ਠੱਗੇ
ਦੂਜੇ ਮਾਮਲੇ ’ਚ ਲੱਕੜ ਦਾ ਕੰਮ ਕਰਨ ਵਾਲੇ ਅਮਨਦੀਪ ਨੂੰ ਵਿਦੇਸ਼ ’ਚ ਸੈਟਲ ਹੋਣ ਦਾ ਵਾਅਦਾ ਕੀਤਾ ਗਿਆ। ਔਰਤ ਨੇ ਆਪਣੇ ਆਪ ਨੂੰ ਉੱਥੇ ਦੀ ਪੱਕੀ ਨਾਗਰਿਕ ਦੱਸਿਆ ਤੇ ਉਸ ਨੂੰ ਬਿਜ਼ਨੈੱਸ ਪਾਰਟਨਰ ਬਣਨ ਦਾ ਪ੍ਰਸਤਾਵ ਦਿੱਤਾ। ਭਰੋਸਾ ਵਧਾਉਣ ਲਈ ਇਕ ਵਿਅਕਤੀ ਨੂੰ ਫਰਜ਼ੀ ਵੀਜ਼ਾ ਅਧਿਕਾਰੀ ਬਣਾ ਕੇ ਵੀਡੀਓ ਕਾਲ ’ਤੇ ਇੰਟਰਵਿਊ ਵੀ ਕਰਵਾਇਆ ਗਿਆ। ਇਸ ਤੋਂ ਬਾਅਦ ਵੱਖ-ਵੱਖ ਫੀਸਾਂ ਤੇ ਦਸਤਾਵੇਜ਼ਾਂ ਦੇ ਨਾਂ ’ਤੇ ਅਮਨਦੀਪ ਤੋਂ 31 ਲੱਖ ਰੁਪਏ ਲੈ ਲਏ ਗਏ। ਬਾਅਦ ’ਚ ਜਦੋਂ ਉਸ ਨੇ ਐਗਰੀਮੈਂਟ ਤੇ ਵੈੱਬਸਾਈਟ ਦੀ ਜਾਂਚ ਕਰਵਾਈ ਤਾਂ ਉਸ ’ਚ ਅੰਗਰੇਜ਼ੀ ਦੀਆਂ ਗਲਤੀਆਂ ਮਿਲੀਆਂ ਤੇ ਵੈੱਬਸਾਈਟ ਵੀ ਸਿਰਫ 3 ਮਹੀਨੇ ਪੁਰਾਣੀ ਨਿਕਲੀ। ਤਦ ਤੱਕ ਉਹ ਆਪਣੀ ਪੂਰੀ ਜਮ੍ਹਾ ਪੂੰਜੀ ਗੁਆ ਚੁੱਕਾ ਸੀ।
ਕੇਸ 3:
ਦੁਬਈ ਦੀ ਔਰਤ ਨੇ ਫਸਾਇਆ, ਮਾਂ ਦੇ ਗਹਿਣੇ ਤੱਕ ਵੇਚਣੇ ਪਏ
ਸ਼ਹਿਰ ਦੇ ਰਹਿਣ ਵਾਲੇ ਪੀੜਤ ਰਾਜੇਸ਼ ਨੂੰ ਦੁਬਈ ਦੀ ਔਰਤ ਨੇ ਆਪਣੇ ਨੈੱਟਵਰਕ ’ਚ ਫਸਾਇਆ। ਔਰਤ ਨੇ ਉਸ ਨੂੰ ਦੁਬਈ ’ਚ ਲਗਜ਼ਰੀ ਦਫਤਰ ਦਿਵਾਉਣ ਦਾ ਝਾਂਸਾ ਦਿੱਤਾ। ਹੌਲੀ-ਹੌਲੀ ਟਰੇਡ ਲਾਇਸੈਂਸ, ਪ੍ਰੋਸੈਸਿੰਗ ਫੀਸ ਤੇ ਟਿਕਟ ਦੇ ਨਾਂ ’ਤੇ ਉਸ ਤੋਂ 37 ਲੱਖ ਰੁਪਏ ਲੈ ਲਏ ਗਏ। ਇਹ ਰਕਮ ਇਕੱਠੀ ਕਰਨ ਲਈ ਗੁਰਕੀਰਤ ਨੇ ਪਰਿਵਾਰ ਦੀ ਬੱਚਤ ਖਰਚ ਕਰ ਦਿੱਤੀ ਤੇ ਮਾਂ ਦੇ ਗਹਿਣੇ ਤੱਕ ਵੇਚ ਦਿੱਤੇ। ਆਖਿਰ ’ਚ ਟਿਕਟ ਭੇਜਣ ਦਾ ਝਾਂਸਾ ਦੇ ਕੇ ਔਰਤ ਨੇ ਆਪਣਾ ਇੰਟਰਨੈੱਟ ਮੀਡੀਆ ਖਾਤਾ ਬੰਦ ਕਰ ਦਿੱਤਾ ਤੇ ਨੌਜਵਾਨ ਨੂੰ ਬਲਾਕ ਕਰ ਦਿੱਤਾ।
ਬਾਕਸ===
ਮਾਹਿਰਾਂ ਦੀ ਸਲਾਹ
ਸਾਈਬਰ ਮਾਹਿਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਟਰਨੈੱਟ ਮੀਡੀਆ ’ਤੇ ਦਿਖਾਈ ਜਾਣ ਵਾਲੀ ਲਗਜ਼ਰੀ ਲਾਈਫ ਸਟਾਈਲ ਤੇ ਵਿਦੇਸ਼ੀ ਬਿਜ਼ਨੈੱਸ ਆਫਰ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨਾ ਖਤਰਨਾਕ ਹੋ ਸਕਦਾ ਹੈ। ਕਿਸੇ ਵੀ ਵਿਦੇਸ਼ੀ ਨੌਕਰੀ, ਬਿਜ਼ਨੈੱਸ ਜਾਂ ਨਿਵੇਸ਼ ਪ੍ਰਸਤਾਵ ਦੀ ਪੁਸ਼ਟੀ ਸਰਕਾਰੀ ਪੋਰਟਲ ਤੇ ਅਧਿਕਾਰਤ ਏਜੰਸੀਆਂ ਨਾਲ ਜ਼ਰੂਰ ਕਰਨੀ ਚਾਹੀਦੀ ਹੈ।