ਨੰਬਰ ਪਲੇਟ ਢਕੀ ਦੇਖ ਮਚਿਆ ਹੜਕੰਪ
ਜਲੰਧਰ ਪੁਲਿਸ ਨੇ ਘੇਰ
Publish Date: Sun, 10 May 2026 07:52 PM (IST)
Updated Date: Mon, 11 May 2026 04:12 AM (IST)

ਜਲੰਧਰ ਪੁਲਿਸ ਨੇ ਘੇਰ ਲਏ 2 ਸ਼ੱਕੀ ਵਾਹਨ ਅੱਧੇ ਘੰਟੇ ਤੱਕ ਚੱਲਿਆ ਹਾਈ ਅਲਰਟ ਆਪ੍ਰੇਸ਼ਨ ਜਾਂਚ ’ਚ ਨਿਕਲੇ ਸੈਨਾ ਦੇ ਵਾਹਨ, ਸਾਮਾਨ ਲੈ ਕੇ ਜਾ ਰਹੇ ਸਨ ਜਾਗਰਣ ਸੰਵਾਦਦਾਤਾ, ਜਲੰਧਰ ਜਲੰਧਰ ’ਚ ਸ਼ੁੱਕਰਵਾਰ ਦੀ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਪਠਾਨਕੋਟ ਚੌਕ ’ਤੇ ਲਗਾਤਾਰ ਇਕ ਟਰੱਕ ਤੇ ਜੀਪ ਲੰਘਦੇ ਦਿਖਾਈ ਦਿੱਤੇ। ਦੋਹਾਂ ਵਾਹਨਾਂ ਦੀ ਨੰਬਰ ਪਲੇਟ ਢਕੀ ਹੋਈ ਸੀ। ਵਾਹਨਾਂ ਦੀ ਇਹ ਸ਼ੱਕੀ ਗਤੀਵਿਧੀ ਦੇਖ ਕੇ ਇਲਾਕੇ ’ਚ ਚਰਚਾ ਫੈਲ ਗਈ ਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ। ਦੱਸਿਆ ਜਾ ਰਿਹਾ ਸੀ ਕਿ ਵਾਹਨ ਭੋਗਪੁਰ ਵੱਲੋਂ ਜਲੰਧਰ ਵੱਲ ਆ ਰਹੇ ਸਨ। ਜਾਣਕਾਰੀ ਮਿਲਦੇ ਹੀ ਜਲੰਧਰ ਦੀ ਪੁਲਿਸ ਕਮਿਸ਼ਨਰ ਚੌਕਸ ਹੋ ਗਈ। ਹਾਲ ਹੀ ’ਚ ਸੁਰੱਖਿਆ ਏਜੰਸੀਆਂ ਨੂੰ ਮਿਲੇ ਅਲਰਟ ਤੇ ਸੰਵੇਦਨਸ਼ੀਲ ਮਾਹੌਲ ਨੂੰ ਦੇਖਦਿਆਂ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਸੀਪੀ ਦੇ ਨਿਰਦੇਸ਼ ’ਤੇ ਤੁਰੰਤ ਕਈ ਪੁਲਿਸ ਟੀਮਾਂ ਸਰਗਰਮ ਹੋ ਗਈਆਂ ਤੇ ਫੋਕਲ ਪੁਆਇੰਟ ਤੋਂ ਵਾਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਗਿਆ। ਕਰੀਬ ਅੱਧੇ ਘੰਟੇ ਤੱਕ ਹਾਈ ਅਲਰਟ ਵਰਗਾ ਮਾਹੌਲ ਬਣਿਆ ਰਿਹਾ। ਪੁਲਿਸ ਦੀਆਂ ਗੱਡੀਆਂ ਲਗਾਤਾਰ ਵਾਹਨਾਂ ਦੇ ਪਿੱਛੇ ਲੱਗੀਆਂ ਰਹੀਆਂ ਤੇ ਆਖਿਰਕਾਰ ਥਾਣਾ 8 ਦੇ ਮੁਖੀ ਸਾਹਿਲ ਚੌਧਰੀ ਦੀ ਟੀਮ ਨੇ ਪਠਾਨਕੋਟ ਚੌਕ ’ਚ ਦੋਹਾਂ ਵਾਹਨਾਂ ਨੂੰ ਘੇਰ ਲਿਆ। ਮੌਕੇ ’ਤੇ ਪੁਲਿਸ ਨੇ ਜਦੋਂ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਕੁਝ ਸਮੇਂ ਲਈ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੋ ਗਿਆ। ਲੋਕ ਵੀ ਵੱਡੀ ਗਿਣਤੀ ’ਚ ਮੌਕੇ ’ਤੇ ਇਕੱਠੇ ਹੋ ਗਏ। ਹਾਲਾਂਕਿ ਜਾਂਚ ਦੌਰਾਨ ਸਥਿਤੀ ਪੂਰੀ ਤਰ੍ਹਾਂ ਸਾਫ ਹੋ ਗਈ, ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਦੋਹਾਂ ਵਾਹਨਾਂ ਦਾ ਸਬੰਧ ਭਾਰਤੀ ਸੈਨਾ ਨਾਲ ਸੀ, ਜੋ ਜਵਾਨਾਂ ਤੇ ਜ਼ਰੂਰੀ ਸਾਮਾਨ ਨੂੰ ਲੈ ਕੇ ਅੱਗੇ ਜਾ ਰਹੇ ਸਨ। ਸੁਰੱਖਿਆ ਕਾਰਨਾਂ ਕਰ ਕੇ ਟਰੱਕਾਂ ਦੀ ਨੰਬਰ ਪਲੇਟ ਢਕੀ ਹੋਈ ਸੀ। ਜਾਂਚ ਪੂਰੀ ਹੋਣ ਦੇ ਬਾਅਦ ਪੁਲਿਸ ਨੇ ਟਰੱਕਾਂ ਨੂੰ ਅੱਗੇ ਜਾਣ ਦੀ ਆਗਿਆ ਦੇ ਦਿੱਤੀ। ਇਸ ਪੂਰੇ ਘਟਨਾਕ੍ਰਮ ਨੇ ਕੁਝ ਸਮੇਂ ਲਈ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਪਰ ਪੁਲਿਸ ਦੀ ਚੌਕਸੀ ਤੇ ਕਾਰਵਾਈ ਦੀ ਲੋਕਾਂ ਨੇ ਸ਼ਲਾਘਾ ਕੀਤੀ।