ਅਮਰਜੀਤ ਸਿੰਘ ਵੇਹਗਲ, ਪੰਜਾਬੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਦੁਨੀਆ ’ਤੇ ਹਰ ਰਿਸ਼ਤਾ ਵੱਡਾ ਹੁੰਦਾ ਹੈ ਪਰ ਸਭ ਤੋਂ ਅਨਮੋਲ ਹੈ ਮਾਂ ਦਾ ਰਿਸ਼ਤਾ। ਮਾਂ ਆਪਣੇ ਬੱਚੇ ਦੇ ਕੁੱਝ ਕਹੇ ਬਗੈਰ ਹੀ ਸਭ ਕੁਝ ਸਮਝ ਲੈਂਦੀ ਹੈ। ਇਸੇ ਲਈ ਮਾਵਾਂ ਦੇ ਸਨਮਾਨ ਲਈ ਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਮਾਂ ਦਿਵਸ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਮਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਜ਼ਿਆਦਾਤਰ ਲੋਕ ਇਸ ਦਿਨ ਆਪਣੀਆਂ ਮਾਵਾਂ ਲਈ ਕੁੱਝ ਨਾ ਕੁੱਝ ਸਪੈਸ਼ਲ ਜ਼ਰੂਰ ਕਰਦੇ ਹਨ। ਮਾਂ ਜੋ ਕਿ ਜਗਤ ਜਨਨੀ ਹੈ। ਸਾਡੇ ਸਮਾਜ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਦਿਵਸ ’ਤੇ ਸਾਡੇ ਵੱਲੋਂ ਵੱਖ-ਵੱਖ ਵਿਅਕਤੀਆਂ ਨਾਲ ਕੀਤੀ ਗੱਲ ਤੇ ਉਨ੍ਹਾਂ ਦੇ ਮਾਂ ਪ੍ਰਤੀ ਪੇਸ਼ ਕੀਤੇ ਵਿਚਾਰ।
ਲੱਖ ਤਸੀਹੇ ਝੱਲ ਕੇ ਜਗਤ ਦੇਖਣ ਦਾ ਮੌਕਾ ਪ੍ਰਦਾਨ ਕਰਦੀ ਹੈ ਮਾਂ : ਡਾਇਰੈਕਟਰ ਦਿਵੇਦੀ
ਕੰਨਿਆ ਮਹਾਵਿਦਿਆਲਾ ਦੀ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਦਾ ਕਹਿਣਾ ਹੈ ਕਿ ਮਾਂ ਇੱਕ ਅਜਿਹਾ ਸੁੱਖ ਹੈ, ਜਿਸ ਦੇ ਹੋਣ ’ਤੇ ਲੋਕ ਉਸ ਦੀ ਕਦਰ ਨਹੀਂ ਕਰਦੇ ਪਰ ਉਸ ਦੇ ਨਾ ਹੋਣ ’ਤੇ ਸਭ ਤੋਂ ਜ਼ਿਆਦਾ ਮਾਂ ਨੂੰ ਹੀ ਯਾਦ ਕਰਦੇ ਹਨ। ਮਾਂ ਜੋ ਕਿ ਜਗਤ ਜਨਨੀ ਹੈ ਤੇ ਸਾਡੇ ਸਮਾਜ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਸ਼ਬਦ ਉਹ ਸ਼ਬਦ ਹੈ, ਜੋ ਇਨਸਾਨ ਆਪਣੀ ਉਮਰ ਦੇ ਜਿਸ ਵੀ ਪੜਾਅ ’ਚ ਹੋਵੇ ਹਰ ਉਸ ਮੁਕਾਮ ’ਤੇ ਮਾਂ ਸ਼ਬਦ ਜ਼ੁਬਾਨ ’ਤੇ ਰਹਿੰਦਾ ਹੀ ਹੈ। ਜਨਮ ਤੋਂ ਬਾਅਦ ਜਦੋਂ ਬੱਚਾ ਆਪਣੇ ਮੂੰਹੋ ਪਹਿਲਾਂ ਸ਼ਬਦ ਮਾਂ ਬੋਲਦਾ ਹੈ ਤਾਂ ਉਸ ਵੇਲੇ ਮਾਂ ਨੂੰ ਵੀ ਜੰਨਤ ਦਾ ਅਹਿਸਾਸ ਹੁੰਦਾ ਹੈ।। ਇੱਕ ਮਾਂ ਆਪਣੇ ਬੱਚਿਆਂ ਲਈ ਲੱਖ ਤਸੀਹੇ ਝੱਲ ਕੇ ਉਸ ਨੂੰ ਸੁੰਦਰ ਜਗਤ ਦੇਖਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਮਾਂ ਤੋਂ ਵੱਡਾ ਕੋਈ ਵੀ ਗੁਰੂ ਨਹੀਂ : ਡਾ਼. ਰਾਏ
ਨਿਊਰੋਲਾਜਿਸਟ ਡਾ. ਅਨਮੋਲ ਸਿੰਘ ਰਾਏ ਦਾ ਕਹਿਣਾ ਹੈ ਕਿ ਉਸ ਦੀ ਮਾਂ ਸੰਸਾਰ ਦੀ ਸਭ ਤੋਂ ਚੰਗੀ ਮਾਂ ਹੈ। ਉਹ ਆਪਣੇ ਕਿੱਤੇ ਨੂੰ ਸਮਰਪਿਤ ਹੁੰਦਿਆਂ ਵੀ ਉਨ੍ਹਾਂ ਮਾਂ ਦੀ ਭੂਮਿਕਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਮਾਂ ਆਪਣੇ ਬੱਚਿਆਂ ਦਾ ਜਿਸ ਤਰ੍ਹਾਂ ਦਾ ਵੀ ਪਾਲਣ ਪੋਸ਼ਣ ਕਰਦੀ ਹੈ, ਉਸ ਤੋਂ ਸਿੱਧ ਹੁੰਦਾ ਹੈ ਕਿ ਦੁਨੀਆ ਵਿੱਚ ਉਸ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਂ ਜਿੰਨਾ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਉਸ ਤੋਂ ਵਧ ਕੇ ਬੱਚਿਆਂ ਨੂੰ ਆਪਣੀ ਮਾਂ ਨੂੰ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ।
ਪਰਮਾਤਮਾ ਨੇ ਆਪਣੀ ਜਗ੍ਹਾ ਸੰਸਾਰ ’ਚ ਮਾਂ ਨੂੰ ਭੇਜਿਆ : ਪ੍ਰਿੰਸੀਪਲ ਜਗਰੂਪ ਸਿੰਘ
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਪਰਮਾਤਮਾ ਨੇ ਆਪਣੀ ਜਗ੍ਹਾ ਮਾਂ ਨੂੰ ਸੰਸਾਰ ਵਿੱਚ ਭੇਜਿਆ ਹੈ। ਜੇਕਰ ਅਸੀਂ ਮਾਂ ਦੀ ਸੇਵਾ ਕਰ ਲਈਏ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇੱਕ ਮਾਂ ਹੀ ਹੈ, ਜੋ ਕੁਝ ਦੁੱਖ ਸਹਿ ਕੇ ਬੱਚਿਆਂ ਨੂੰ ਆਪਣੀ ਨਿੱਘੀ ਗੋਦ ਦਾ ਨਿੱਘ ਦਿੰਦੀ ਹੈ। ਦਿਨ ਭਰ ਕੰਮ ਕਰਨ ਉਪਰੰਤ ਵੀ ਮਾਂ ਦੇ ਚਿਹਰੇ ’ਤੇ ਬੱਚਿਆਂ ਪ੍ਰਤੀ ਖੁਸ਼ੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਕਾਲਜ ਵਿਚ ਪ੍ਰਿੰਸੀਪਲ ਦੇ ਅਹੁਦੇ ’ਤੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਮਾਂ ਨਾ ਮਿਲਦੀ ਤਾਂ ਸ਼ਾਇਦ ਉਹ ਇਸ ਮੁਕਾਮ ’ਤੇ ਨਾ ਹੁੰਦਾ।
ਮਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ : ਪ੍ਰਿੰਸੀਪਲ ਸਰਬਜੀਤ ਕੌਰ
ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਪ੍ਰਿੰਸੀਪਲ ਸਰਬਜੀਤ ਕੌਰ ਆਪਣੇ ਕੰਮ ਵਿੱਚ ਪਰਪੱਕ ਦਾ ਕਹਿਣਾ ਹੈ ਕਿ ਮਾਂ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਸ ਪਰਮਪੁਰਖ ਪਰਮਾਤਮਾ ਤੋਂ ਬਾਅਦ ਜੇਕਰ ਕੋਈ ਹੋਰ ਸ਼ਕਤੀ ਹੈ, ਜਿਸ ਦਾ ਸ੍ਰਿਸ਼ਟੀ ਦੀ ਸਿਰਜਣਾ ਵਿੱਚ ਸਿੱਧਾ ਯੋਗਦਾਨ ਹੈ ਤਾਂ ਉਹ ਹੈ ਮਾਂ। ਮਾਂ ਕਦੇ ਵੀ ਨਹੀਂ ਮਰਦੀ, ਉਹ ਅਸੀਸ ਦੇ ਰੂਪ ਵਿੱਚ ਹਮੇਸ਼ਾ ਮਨੁੱਖ ਦੇ ਅੰਗ ਸੰਗ ਰਹਿੰਦੀ ਹੈ।
ਪ੍ਰੇਰਨਾ ਸਰੋਤ ਹੁੰਦੀ ਹੈ ਮਾਂ : ਪ੍ਰਿੰਸੀਪਲ ਡਾ. ਅਨੂਪ ਕੁਮਾਰ
ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਉਸ ਲਈ ਇੱਕ ਪ੍ਰੇਰਨਾ ਸਰੋਤ ਹੈ। ਉਸ ਦੀ ਮਾਂ ਉਸ ਦੇ ਖਾਣ-ਪੀਣ ਦਾ ਹਮੇਸ਼ਾ ਧਿਆਨ ਰੱਖਦੀ ਹੈ। ਜੇਕਰ ਉਸ ਦੀ ਮਾਂ ਉਸ ’ਤੇ ਸਖ਼ਤੀ ਨਾ ਕਰਦੀ ਤਾਂ ਅੱਜ ਉਹ ਇਸ ਮੁਕਾਮ ’ਤੇ ਨਾ ਹੁੰਦੇ। ਉਨ੍ਹਾਂ ਕਿਹਾ ਕਿ ਉਹ ਵੀ ਆਪਣੀ ਮਾਂ ਵਾਂਗ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਆਪਣੀ ਜ਼ਿੰਦਗੀ ’ਚ ਤਰੱਕੀ ਨੂੰ ਸਰ ਕਰਨਗੇ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਪਰਮਾਤਮਾ ਉਸ ਦੀ ਮਾਂ ਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ। ਉਨ੍ਹਾਂ ਸੰਦੇਸ਼ ਦਿੱਤਾ ਕਿ ਹਰ ਇਕ ਵਿਅਕਤੀ ਨੂੰ ਆਪਣੀ ਮਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।
ਦੁਨੀਆ ਦੇ ਹਰ ਬੱਚੇ ਲਈ ਸਭ ਤੋਂ ਖਾਸ ਤੇ ਪਿਆਰਾ ਰਿਸ਼ਤਾ ਹੈ ਮਾਂ : ਲਾਡੀ
ਉੱਘੇ ਕਾਂਗਰਸੀ ਆਗੂ ਰਵਿੰਦਰ ਸਿੰਘ ਲਾਡੀ ਦਾ ਕਹਿਣਾ ਹੈ ਕਿ ਮਾਂ ਦੁਨੀਆ ਦੇ ਹਰ ਬੱਚੇ ਲਈ ਸਭ ਤੋਂ ਖਾਸ ਤੇ ਪਿਆਰਾ ਰਿਸ਼ਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ ਦੀ ਸੇਵਾ ਕਰ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਕਿਉਂਕਿ ਮਾਂ ਹੀ ਆਪਣੀ ਜ਼ਿੰਦਗੀ ਵਿੱਚ ਕਸ਼ਟ ਝੱਲ ਕੇ ਸਾਨੂੰ ਜ਼ਿੰਦਗੀ ਵਿੱਚ ਜਿਊਣ ਦਾ ਮਾਰਗ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਮਾਂ ਹੀ ਹੈ, ਜਿਸ ਦਾ ਹਿਰਦਾ ਨਰਮ ਹੁੰਦਾ ਹੈ ਪਰ ਮਾਂ ਕਠੋਰ ਬਣ ਕੇ ਵੀ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਹਰ ਇੱਕ ਮੁਕਾਮ ’ਤੇ ਪਹੁੰਚਾਉਣ ਲਈ ਜਦੋਂ ਜਹਿਦ ਕਰਦੀ ਹੈ।
ਮਾਵਾਂ ਹੀ ਹੁੰਦੀਆਂ ਨੇ ਠੰਢੀਆਂ ਛਾਵਾਂ : ਐਡਵੋਕੇਟ ਜਗਰੂਪ ਸਿੰਘ
ਐਡਵੋਕੇਟ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਮਾਵਾਂ ਹੀ ਠੰਢੀਆਂ ਛਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਦੀ ਪਹਿਲੀ ਦੋਸਤ ਮਾਂ ਹੀ ਹੁੰਦੀ ਹੈ ਅਤੇ ਮਾਂ ਹੀ ਆਪਣੇ ਬੱਚੇ ਨੂੰ ਦੁਨੀਆ ਦਾ ਹਰ ਸੁੱਖ ਦਿਖਾਉਣ ਲਈ ਸੰਸਾਰ ਵਿੱਚ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਮਾਂ ਦੀ ਨਿੱਘੀ ਗੋਦ ਦਾ ਆਨੰਦ ਲੈ ਕੇ ਹੀ ਅੱਜ ਉਹ ਸੰਸਾਰ ਵਿੱਚ ਪ੍ਰਸਿੱਧ ਵਕੀਲ ਹੈ ਅਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ।
ਪਰਮਾਤਮਾ ਦਾ ਦੂਜਾ ਨਾਂ ਹੀ ਹੁੰਦਾ ਹੈ ਮਾਂ : ਪ੍ਰਿੰਸੀਪਲ ਖੋਸਲਾ
ਐੱਚਐੱਮਵੀ ਕਾਲਜ ਦੀ ਪ੍ਰਿੰਸੀਪਲ ਡਾ਼. ਏਕਤਾ ਖੋਸਲਾ ਦਾ ਕਹਿਣਾ ਹੈ ਕਿ ਮਾਂ ਦਾ ਦੂਸਰਾ ਨਾਂ ਪਰਮਾਤਮਾ ਹੁੰਦਾ ਹੈ ਜਾਂ ਇੰਝ ਕਹਿ ਲਈਏ ਕਿ ਪਰਮਾਤਮਾ ਦਾ ਦੂਜਾ ਨਾਂ ਮਾਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਤੋਂ ਬਿਨਾਂ ਬੱਚਾ ਆਪਣਾ ਜੀਵਨ ਬਤੀਤ ਨਹੀਂ ਕਰ ਸਕਦਾ ਕਿਉਂਕਿ ਮਾਂ ਹੀ ਬੱਚੇ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਰਸਤਿਆਂ ਨੂੰ ਪਾਰ ਕਰਨ ਦਾ ਢੰਗ ਦੱਸਦੀ ਹੈ। ਉਨ੍ਹਾਂ ਕਿਹਾ ਕਿ ਮਾਂ ਬਗੈਰ ਸੰਸਾਰ ਅਧੂਰਾ ਹੈ। ਮਾਂ ਦੁੱਖ ਸਹਿ ਕੇ ਵੀ ਬੱਚਿਆਂ ਦੀਆਂ ਆਸਾਂ ਪੂਰੀਆਂ ਕਰਦੀ ਹੈ ਪਰ ਮਾਂ ਦੀਆਂ ਆਸਾਂ ਉਮੀਦਾਂ ’ਤੇ ਕੋਈ ਵੀ ਖਰਾ ਨਹੀਂ ਉਤਰਦਾ। ਜਦੋਂ ਮਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤਾਂ ਉਸ ਵੇਲੇ ਮਾਂ ਦਾ ਸਹਾਰਾ ਕੋਈ ਵਿਰਲਾ ਹੀ ਬਣਦਾ ਹੈ।