ਦਾਤਰ ਦਿਖਾ ਕੇ ਔਰਤ ਤੋਂ ਸੋਨੇ ਦੀਆਂ ਬਾਲੀਆਂ ਤੇ ਨਕਦੀ ਖੋਹੀ
- ਬਾਈਕ ਸਵਾਰਾਂ ਨੇ
Publish Date: Sun, 03 May 2026 07:16 PM (IST)
Updated Date: Mon, 04 May 2026 04:14 AM (IST)
- ਬਾਈਕ ਸਵਾਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਵਿੱਢੀ
ਜਾਗਰਣ ਸੰਵਾਦਦਾਤਾ, ਜਲੰਧਰ : ਨੂਰਮਹਿਲ ’ਚ ਦਿਨ-ਦਿਹਾੜੇ ਹਥਿਆਰ ਦੇ ਜ਼ੋਰ 'ਤੇ ਲੁਟੇਰੇ ਇਕ ਔਰਤ ਤੇ ਉਸ ਦੇ ਸਹੁਰੇ ਨਾਲ ਲੁੱਟ ਕਰ ਗਏ। ਜਾਣਕਾਰੀ ਮੁਤਾਬਕ ਪੀੜਤਾ ਰੰਜਨਾ ਕੁਮਾਰੀ ਪਤਨੀ ਅਸ਼ਵਨੀ ਕੁਮਾਰ ਵਾਸੀ ਨੂਰਮਹਿਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 30 ਅਪ੍ਰੈਲ ਨੂੰ ਦੁਪਹਿਰ ਕਰੀਬ 1:15 ਵਜੇ ਉਹ ਆਪਣੇ ਸਹੁਰੇ ਪਰਮਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਹੀ ਸਨ। ਇਸ ਦੌਰਾਨ ਅਚਾਨਕ ਮੋਟਰਸਾਈਕਲ ਸਵਾਰ ਅਣਪਛਾਤੇ ਬਦਮਾਸ਼ ਉਨ੍ਹਾਂ ਕੋਲ ਆਏ ਤੇ ਦਾਤਰ ਦਿਖਾ ਕੇ ਉਨ੍ਹਾਂ ਨੂੰ ਡਰਾਇਆ ਅਤੇ ਔਰਤ ਦੇ ਕੰਨਾਂ ਤੋਂ ਸੋਨੇ ਦੀਆਂ ਬਾਲੀਆਂ ਜ਼ਬਰਦਸਤੀ ਉਤਾਰ ਲਈਆਂ। ਇਸਦੇ ਨਾਲ ਹੀ ਉਨ੍ਹਾਂ ਪਰਮਜੀਤ ਸਿੰਘ ਕੋਲ ਮੌਜੂਦ ਪਰਸ ਵੀ ਖੋਹ ਲਿਆ। ਪਰਸ ’ਚ ਕਰੀਬ 3000 ਰੁਪਏ ਨਕਦ, ਐੱਸਬੀਆਈ ਬੈਂਕ ਦਾ ਏਟੀਐੱਮ ਕਾਰਡ, ਹੋਰ ਬੈਂਕ ਕਾਰਡ, ਪੈਨ ਕਾਰਡ, ਆਧਾਰ ਕਾਰਡ ਤੇ ਪਛਾਣ ਨਾਲ ਜੁੜੇ ਹੋਰ ਦਸਤਾਵੇਜ਼ ਮੌਜੂਦ ਸਨ। ਘਟਨਾ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਨੂਰਮਹਲ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।