ਖ਼ਾਲਸਾ ਕਾਲਜ ਪੁੱਜਣ ’ਤੇ ਗਾਇਕ ਪੁਰੇਵਾਲ ਦਾ ਸਨਮਾਨ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 02 May 2026 08:02 PM (IST)
Updated Date: Sun, 03 May 2026 04:17 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੀ ਐਲੂਮਨੀ ਐਸੋਸੀਏਸ਼ਨ ਵੱਲੋਂ ਆਪਣੇ ਐਲੂਮਨੀ ਕੁਲਦੀਪ ਸਿੰਘ ਪੁਰੇਵਾਲ (ਐੱਮਏ ਪੰਜਾਬੀ, 1990 ਬੈਚ) ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ। ਯੂਨਾਈਟਿਡ ਕਿੰਗਡਮ ’ਚ ਵਸਦੇ ਪ੍ਰਸਿੱਧ ਅੰਤਰਰਾਸ਼ਟਰੀ ਪੰਜਾਬੀ ਗਾਇਕ ਪੁਰੇਵਾਲ ਨੇ ਆਪਣੇ ਕਲਾ-ਕੌਸ਼ਲ ਤੇ ਸਮਰਪਣ ਨਾਲ ਵਿਸ਼ਵ ਪੱਧਰ ’ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਚਾਰਿਤ ਕਰਦੇ ਹੋਏ ਆਪਣੇ ਮਾਤਾ ਤੇ ਸੰਸਥਾਨ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਤੇ ਪ੍ਰੋ. ਸੰਜੀਵ ਕੁਮਾਰ ਆਨੰਦ, ਡਾਇਰੈਕਟਰ, ਐਲੂਮਨੀ ਐਸੋਸੀਏਸ਼ਨ ਨੇ ਕੁਲਦੀਪ ਸਿੰਘ ਪੁਰੇਵਾਲ ਨੂੰ ਪ੍ਰਸ਼ੰਸਾ ਟਰਾਫੀ ਦੇ ਕੇ ਸਨਮਾਨਿਤ ਕੀਤਾ। ਮਾਣਯੋਗ ਅਧਿਕਾਰੀਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਲਜ ਨੂੰ ਆਪਣੇ ਉਨ੍ਹਾਂ ਵਿਦਿਆਰਥੀਆਂ ’ਤੇ ਹਮੇਸ਼ਾ ਮਾਣ ਹੁੰਦਾ ਹੈ, ਜੋ ਵੱਖ-ਵੱਖ ਖੇਤਰਾਂ ’ਚ ਕਾਮਯਾਬੀ ਹਾਸਲ ਕਰਦੇ ਹੋਏ ਸੰਸਥਾ ਦਾ ਨਾਂ ਉੱਚਾ ਕਰਦੇ ਹਨ। ਇਹ ਸਮਾਗਮ ਕਾਲਜ ਤੇ ਉਸ ਦੇ ਐਲੂਮਨੀ ਦਰਮਿਆਨ ਮਜ਼ਬੂਤ ਨਾਤੇ ਦਾ ਪ੍ਰਤੀਕ ਸੀ ਤੇ ਮੌਜੂਦਾ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਿਆ।