ਮੇਹਰ ਚੰਦ ਪੋਲੀਟੈਕਨਿਕ ’ਚ ਆਈਪੀਆਰ ਸੈਮੀਨਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 02 May 2026 07:25 PM (IST)
Updated Date: Sun, 03 May 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਆਈਪੀਆਰ ਸੈੱਲ ਵੱਲੋਂ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਅਗਵਾਈ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਤੇ ਆਈਪੀਆਰ ਸੈੱਲ ਦੇ ਇੰਚਾਰਜ ਵਿਕਰਮਜੀਤ ਸਿੰਘ ਸੰਘੋਤਰਾ ਨੇ ਕੀਤੀ, ਜਦਕਿ ਗਗਨਦੀਪ ਨੇ ਕੋ-ਆਰਡੀਨੇਟਰ ਵਜੋਂ ਆਪਣੀ ਭੂਮਿਕਾ ਨਿਭਾਈ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਐਡ. ਕੁਮਾਰ ਸੰਭਵ ਨੇ ‘ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ (ਆਈਪੀਆਰ) ਹੇਠ ਪ੍ਰੋਜੈਕਟਾਂ ਦੇ ਪੇਟੈਂਟ’ ਵਿਸ਼ੇ ’ਤੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਵੀਂ ਸੋਚ, ਇਨੋਵੇਸ਼ਨ ਤੇ ਤਕਨੀਕੀ ਪ੍ਰੋਜੈਕਟਾਂ ਨੂੰ ਕਾਨੂੰਨੀ ਸੁਰੱਖਿਆ ਦੇਣ ਲਈ ਪੇਟੈਂਟ ਬਹੁਤ ਮਹੱਤਵਪੂਰਨ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੇਟੈਂਟ ਪ੍ਰਾਪਤ ਕਰਨ ਦੀ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼ ਤੇ ਇਸ ਦੇ ਲਾਭਾਂ ਬਾਰੇ ਵੀ ਸਪੱਸ਼ਟ ਰੂਪ ’ਚ ਸਮਝਾਇਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਸਵਾਲਾਂ ਰਾਹੀਂ ਵਿਸ਼ੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ। ਇਸ ਤਰ੍ਹਾਂ ਦੇ ਸੈਸ਼ਨ ਨਾਲ ਵਿਦਿਆਰਥੀਆਂ ’ਚ ਰਿਸਰਚ ਤੇ ਇਨੋਵੇਸ਼ਨ ਪ੍ਰਤੀ ਰੁਝਾਨ ਵਧਦਾ ਹੈ ਤੇ ਉਹ ਆਪਣੇ ਪ੍ਰੋਜੈਕਟਾਂ ਨੂੰ ਭਵਿੱਖ ’ਚ ਕਾਨੂੰਨੀ ਸੁਰੱਖਿਆ ਦੇਣ ਲਈ ਪ੍ਰੇਰਿਤ ਹੁੰਦੇ ਹਨ। ਅੰਤ ’ਚ ਵਿਭਾਗ ਵੱਲੋਂ ਮਾਣਯੋਗ ਵਕਤਾ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਦੇ ਕੀਮਤੀ ਸਮੇਂ ਤੇ ਮਾਰਗਦਰਸ਼ਨ ਲਈ ਸ਼ੁਕਰਾਨਾ ਪ੍ਰਗਟ ਕੀਤਾ ਗਿਆ। ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਪੂਰਣ ਤੇ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ’ਚ ਬੌਧਿਕ ਸੰਪਤੀ ਅਧਿਕਾਰਾਂ ਪ੍ਰਤੀ ਜਾਗਰੂਕਤਾ ’ਚ ਮਹੱਤਵਪੂਰਨ ਵਾਧਾ ਹੋਇਆ।