ਭਾਰਤੀ ਮਹਿਲਾ ਟੀਮ ਦੀ ਇੱਕ ਹੋਰ ਹਾਰ, ਦੱਖਣੀ ਅਫਰੀਕਾ ਨੇ ਜਿੱਤੀ ਲੜੀ
ਵੋਲਵਾਰਟ ਦੇ ਅਰਧ ਸੈਂਕੜੇ
Publish Date: Mon, 27 Apr 2026 11:46 PM (IST)
Updated Date: Tue, 28 Apr 2026 04:13 AM (IST)
ਵੋਲਵਾਰਟ ਦੇ ਅਰਧ ਸੈਂਕੜੇ ਤੇ ਮਾਲਾਬਾ-ਨਾਦਿਨ ਦੀ ਗੇਂਦਬਾਜ਼ੀ ਦੇ ਦਮ ’ਤੇ ਦੱਖਣੀ ਅਫਰੀਕਾ ਨੇ 5ਵੇਂ ਟੀ-20 'ਚ ਭਾਰਤ ਨੂੰ 23 ਦੌੜਾਂ ਨਾਲ ਹਰਾਇਆ
ਬੇਨੋਨੀ, ਪੀਟੀਆਈ : ਕਪਤਾਨ ਲੌਰਾ ਵੋਲਵਾਰਟ ਦੇ ਅਜੇਤੂ ਅਰਧ ਸੈਂਕੜੇ, ਨੌਨਕੁਲੁਲੇਕੋ ਮਾਲਾਬਾ ਤੇ ਨਦੀਨ ਡੀ ਕਲਰਕ ਦੀ ਧਾਰਦਾਰ ਗੇਂਦਬਾਜ਼ੀ ਤੋਂ ਬਾਅਦ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ 5ਵੇਂ ਤੇ ਆਖਰੀ ਮਹਿਲਾ ਟੀ-20 ਮੈਚ ’ਚ ਭਾਰਤ ਨੂੰ 23 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ। ਦੱਖਣੀ ਅਫਰੀਕਾ ਦੇ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਮਲਬਾ (15 ਦੌੜਾਂ 'ਤੇ 2 ਵਿਕਟਾਂ) ਤੇ ਡੀ ਕਲਰਕ (26 ਦੌੜਾਂ ’ਤੇ 2 ਵਿਕਟਾਂ) ਦੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਦੇ ਸਾਹਮਣੇ 8 ਵਿਕਟਾਂ ’ਤੇ 132 ਦੌੜਾਂ ਹੀ ਬਣਾ ਸਕੀ। ਭਾਰਤ ਲਈ ਭਾਰਤੀ ਫੂਲਮਾਲੀ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਰਿਚਾ ਘੋਸ਼ (ਅਜੇਤੂ 25) ਤੇ ਕਪਤਾਨ ਹਰਮਨਪ੍ਰੀਤ ਕੌਰ (22) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕੀਆਂ। ਦੱਖਣੀ ਅਫਰੀਕਾ ਦੇ ਸਾਹਮਣੇ ਭਾਰਤੀ ਟੀਮ ਨੇ ਨਿਯਮਤ ਅੰਤਰਾਲ ’ਤੇ ਵਿਕਟਾਂ ਗੁਆ ਦਿੱਤੀਆਂ ਤੇ ਟੀਮ ਕਦੇ ਵੀ ਟੀਚੇ ਦੇ ਨੇੜੇ ਪਹੁੰਚਣ ਦੀ ਸਥਿਤੀ ’ਚ ਨਜ਼ਰ ਨਹੀਂ ਆਈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਸ਼ਾਨਦਾਰ ਫਾਰਮ ’ਚ ਚੱਲ ਰਹੇ ਵੋਲਵਾਰਟ ਦੀਆਂ 92 ਦੌੜਾਂ ਦੀ ਅਜੇਤੂ ਪਾਰੀ ਦੀ ਮਦਦ ਨਾਲ 6 ਵਿਕਟਾਂ ’ਤੇ 155 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਚੌਥੇ ਓਵਰ ਤੱਕ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (04) ਤੇ ਜੇਮਿਮਾਹ ਰੌਡਰਿਗਜ਼ (01) ਦੀਆਂ ਵਿਕਟਾਂ ਗੁਆ ਦਿੱਤੀਆਂ। ਜਦਕਿ ਸ਼ੈਫਾਲੀ ਦੀ ਓਪਨਿੰਗ ਪਾਰਟਨਰ ਅਨੁਸ਼ਕਾ ਸ਼ਰਮਾ ਵੀ 17 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਨਾਲ ਭਾਰਤ ਦੀ ਸ਼ੁਰੂਆਤ ਬਹੁਤ ਖਰਾਬ ਰਹੀ, ਜਿਸ ਤੋਂ ਟੀਮ ਅੰਤ ਤੱਕ ਉੱਭਰ ਨਹੀਂ ਸਕੀ।