ਲਾਡੋਵਾਲੀ ਰੋਡ ਦੇ ਟਰਾਂਸਫਾਰਮਰ ’ਚ ਆਇਆ ਫਾਲਟ, ਦੋ ਘੰਟੇ ਬਿਜਲੀ ਰਹੀ ਬੰਦ
ਜਾ.ਸ., ਜਲੰਧਰ : ਪਾਵਰਕਾਮ
Publish Date: Mon, 27 Apr 2026 11:08 PM (IST)
Updated Date: Mon, 27 Apr 2026 11:10 PM (IST)

ਜਾ.ਸ., ਜਲੰਧਰ : ਪਾਵਰਕਾਮ ਦੇ ਮੈਨਟੇਨਸ ਦੇ ਨਾਂ ’ਤੇ ਬਿਜਲੀ ਬੰਦ ਨਹੀਂ ਕੀਤੀ ਜਾ ਰਹੀ। ਇਕ ਮਈ ਤੋਂ ਬਾਅਦ ਮੁਰੰਮਤ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਜਾਵੇਗਾ, ਪਰ ਲੋਡ ਵਧਣ ਨਾਲ ਹੋ ਰਹੇ ਫਾਲਟਾਂ ਕਾਰਨ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਸੋਮਵਾਰ ਨੂੰ ਲੋਡ ਵਧਣ ਦੇ ਨਾਲ ਲਾਡੋਵਾਲੀ ਰੋਡ ਦੇ ਟਰਾਂਸਫਾਰਮਰ ਦੇ ਜੰਪਰ ਵਿਚ ਫਾਲਟ ਆ ਗਿਆ। ਇਸ ਫਾਲਟ ਕਾਰਨ ਲਾਡੋਵਾਲੀ ਰੋਡ ਅਤੇ ਪੁਡਾ ਕੰਪਲੈਕਸ ਦੇ ਖੇਤਰਾਂ ਵਿਚ ਦੋ ਘੰਟੇ ਬਿਜਲੀ ਬੰਦ ਰਹੀ। ਫਾਲਟ ਆਉਣ ਦੇ ਕਾਰਨ ਬਿਜਲੀ ਸਵੇਰੇ 8:45 ਵਜੇ ਬੰਦ ਹੋਈ ਅਤੇ 10:45 ਵਜੇ ਬਿਜਲੀ ਦੀ ਸਪਲਾਈ ਮੁੜ ਸ਼ੁਰੂ ਕੀਤੀ ਗਈ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵਿਚ ਵੀ ਵਾਧਾ ਹੋ ਰਿਹਾ ਹੈ। ਬਿਜਲੀ ਦੀ ਮੰਗ ਵਧਣ ਨਾਲ ਕਈ ਟਰਾਂਸਫਾਰਮਰਾਂ ਵਿਚ ਫਾਲਟ ਆ ਰਹੇ ਹਨ। ਪਾਵਰਕਾਮ ਦੀ ਸ਼ਿਕਾਇਤ ਕੇਂਦਰਾਂ ਵਿਚ 500 ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ, ਜਿਨ੍ਹਾਂ ਦਾ ਨਿਪਟਾਰਾ ਪਾਵਰਕਰਮੀਆਂ ਵੱਲੋਂ ਕੀਤਾ ਗਿਆ। ਜਲੰਧਰ ਸਰਕਲ ਦੀ ਗੱਲ ਕਰੀਏ ਤਾਂ ਸੱਤ ਦਿਨ ਪਹਿਲਾਂ ਬਿਜਲੀ ਦੀ ਮੰਗ 580 ਮੈਗਾਵਾਟ ਦੇ ਕਰੀਬ ਸੀ, ਜੋ ਹੁਣ 680 ਮੇਗਾਵਾਟ ਦੇ ਨੇੜੇ ਪਹੁੰਚ ਚੁੱਕੀ ਹੈ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਡ ਵਧਣ ਨਾਲ ਟਰਾਂਸਫਾਰਮਰ ਦੇ ਜੰਪਰ ਵਿਚ ਫਾਲਟ ਆਉਣ ਕਾਰਨ ਉਕਤ ਖੇਤਰਾਂ ਵਿਚ ਬਿਜਲੀ ਬੰਦ ਕੀਤੀ ਗਈ ਸੀ। ਫਾਲਟ ਨੂੰ ਠੀਕ ਕਰ ਕੇ ਬਿਜਲੀ ਦੀ ਸਪਲਾਈ ਮੁੜ ਸ਼ੁਰੂ ਕੀਤੀ ਗਈ। ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਲਈ ਬਿਜਲੀ ਬੰਦ ਨਹੀਂ ਕੀਤੀ ਜਾ ਰਹੀ ਹੈ। ਗਰਮੀ ਵਧਣ ਨਾਲ ਬਿਜਲੀ ਦੀ ਮੰਗ ਵਿਚ ਵਾਧਾ ਜਾਰੀ ਹੈ।