- ਟੋਇੰਗ ਕਰੇਨ ਦੀ

- ਟੋਇੰਗ ਕਰੇਨ ਦੀ ਘਾਟ ਕਾਰਨ ਸਤਲੁਜ ਪੁਲ ’ਤੇ ਨਹੀਂ ਪੁੱਜੀ ਕੋਈ ਕਰੇਨ
- ਲੰਬੇ ਸਮੇਂ ਤੱਕ ਜਾਮ ’ਚ ਫਸਣ ਕਾਰਨ ਕੁਝ ਵਾਹਨ ਗਰਮੀ ਕਾਰਨ ਖ਼ਰਾਬ ਹੋ ਗਏ ਤੇ ਕੁਝ ਦੇ ਪੈਟਰੋਲ ਖਤਮ ਹੋ ਗਏ
ਸੰਵਾਦ ਸਹਿਯੋਗੀ, ਜਾਗਰਣ, ਫਿਲੌਰ : ਲਾਡੋਵਾਲ ਟੋਲ ਪਲਾਜ਼ਾ ’ਤੇ ਸਵੇਰੇ 11:30 ਵਜੇ ਸਤਲੁਜ ਦਰਿਆ ਦੇ ਪੁਲ ’ਤੇ ਇਕ ਬੱਸ ਖ਼ਰਾਬ ਹੋ ਗਈ। ਪਲਾਜ਼ਾ ’ਤੇ ਕੋਈ ਟੋਇੰਗ ਵੈਨ ਨਾ ਹੋਣ ਕਾਰਨ ਉੱਥੇ ਲੰਬਾ ਜਾਮ ਲੱਗਣਾ ਸ਼ੁਰੂ ਹੋ ਗਿਆ। ਇਹ ਜਾਮ ਅੱਧੇ ਘੰਟੇ ਵਿਚ 5 ਕਿਲੋਮੀਟਰ ਦੂਰ ਫਿਲੌਰ ਸ਼ਹਿਰ ਤੋਂ ਵੀ ਅੱਗੇ ਤਕ ਫੈਲ ਗਿਆ। ਇਹ ਜਾਮ ਰਾਤ 7 ਵਜੇ ਤੱਕ ਜਾਰੀ ਰਿਹਾ, ਜਿਸ ਵਿਚ ਲੋਕ ਆਪਣੇ ਵਾਹਨਾਂ ਵਿਚ ਕੈਦ ਰਹੇ। ਲਗਾਤਾਰ ਜਾਮ ਵਿਚ ਫਸਣ ਕਾਰਨ ਕੁਝ ਵਾਹਨਾਂ ਦੇ ਪੈਟਰੋਲ ਖ਼ਤਮ ਹੋ ਗਏ, ਜਦਕਿ ਕੁਝ ਗਰਮੀ ਕਾਰਨ ਖ਼ਰਾਬ ਹੋ ਗਏ।
ਜਾਣਕਾਰੀ ਅਨੁਸਾਰ ਸਵੇਰੇ 11:30 ਵਜੇ ਫਿਲੌਰ ਤੋਂ ਲੁਧਿਆਣਾ ਵੱਲ ਜਾਣ ਵਾਲੇ ਮੁੱਖ ਨੈਸ਼ਨਲ ਹਾਈਵੇ ’ਤੇ ਸਤਲੁਜ ਦਰਿਆ ਦੇ ਪੁਲ ’ਤੇ ਇਕ ਬੱਸ ਅਚਾਨਕ ਖ਼ਰਾਬ ਹੋ ਗਈ। ਇਸ ਕਾਰਨ ਲੰਬਾ ਜਾਮ ਲੱਗਣਾ ਸ਼ੁਰੂ ਹੋ ਗਿਆ। ਖਰਾਬ ਬੱਸ ਨੂੰ ਸਤਲੁਜ ਪੁਲ ਤੋਂ ਬਾਹਰ ਕੱਢਣ ਲਈ ਡਰਾਈਵਰ, ਕੰਡਕਟਰ ਅਤੇ ਕੁਝ ਹੋਰ ਲੋਕ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀਆਂ ਕੋਲ ਪਹੁੰਚੇ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਮੌਜੂਦਾ ਸਮੇਂ ਵਿਚ ਕੋਈ ਟੋਇੰਗ ਵੈਨ ਨਹੀਂ ਹੈ, ਕਿਉਂਕਿ ਉਹ ਕ੍ਰੇਨ ਸਮਰਾਲਾ ਸ਼ਹਿਰ ਭੇਜੀ ਗਈ ਹੈ। ਸਤਲੁਜ ਦਰਿਆ ਤੋਂ ਸ਼ੁਰੂ ਹੋ ਕੇ ਇਹ ਜਾਮ ਸਿਰਫ਼ ਅੱਧੇ ਘੰਟੇ ਵਿਚ 5 ਕਿਲੋਮੀਟਰ ਦੂਰ ਨਿਕਲ ਗਿਆ, ਜੋ ਸ਼ਾਮ 7 ਵਜੇ ਤੱਕ ਜਾਰੀ ਰਿਹਾ।
ਜਾਮ ਵਿਚ ਫਸੇ ਲੋਕ ਕਿਸੇ ਤਰ੍ਹਾਂ ਆਪਣੇ ਵਾਹਨਾਂ ਨੂੰ ਕੱਢਣ ਲਈ ਸੜਕ ਦੇ ਵਿਚਕਾਰ ਬਣੇ ਫੁੱਟਪਾਥ ਤੋਂ ਦੂਜੇ ਪਾਸੇ ਲੈ ਗਏ, ਜਿਸ ਨਾਲ ਦੋਵੇਂ ਪਾਸੇ ਜਾਮ ਲੱਗ ਗਿਆ। ਵਧਦੀ ਗਰਮੀ ਕਾਰਨ ਇਕ ਤੋਂ ਬਾਅਦ ਇਕ ਵੱਡੀ ਗਿਣਤੀ ਵਿਚ ਵਾਹਨ ਖ਼ਰਾਬ ਹੋਣ ਲੱਗੇ। ਕੁਝ ਵਾਹਨਾਂ ਦੇ ਪੈਟਰੋਲ ਖਤਮ ਹੋਣ ਕਾਰਨ ਉਹ ਬੰਦ ਹੋ ਗਏ। ਲੋਕ ਆਪਣੇ ਵਾਹਨਾਂ ਨੂੰ ਉੱਥੇ ਹੀ ਛੱਡ ਕੇ ਪਾਣੀ ਦੀਆਂ ਖਾਲੀ ਬੋਤਲਾਂ ਲੈ ਕੇ ਪੈਟਰੋਲ ਭਰਵਾਉਣ ਲਈ ਨਿਕਲ ਪਏ। ਜਾਮ ਵਿਚ ਫਸੇ ਲੁਧਿਆਣਾ ਵਾਸੀ ਧਰਮਪਾਲ ਨੇ ਦੱਸਿਆ ਕਿ ਉਹ ਕਿਸੇ ਜ਼ਮੀਨੀ ਸੌਦੇ ਕਾਰਨ ਸਵੇਰੇ ਫਿਲੌਰ ਪਹੁੰਚੇ ਸਨ ਅਤੇ ਦੁਪਹਿਰ 12 ਵਜੇ ਜਦੋਂ ਉਹ ਵਾਪਸ ਜਾਣ ਲਈ ਨਿਕਲੇ ਤਾਂ ਉਹ ਜਾਮ ਵਿਚ ਫਸ ਗਏ। 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਹ ਕਿਸੇ ਤਰ੍ਹਾਂ ਜਾਮ ਤੋਂ ਬਾਹਰ ਨਿਕਲੇ, ਪਰ ਗਰਮੀ ਕਾਰਨ ਉਨ੍ਹਾਂ ਦੀ ਕਾਰ ਖ਼ਰਾਬ ਹੋ ਗਈ। ਸਥਾਨਕ ਸ਼ਹਿਰ ਵਾਸੀ ਇੰਦਰਜੀਤ ਖਹਿਰਾ ਨੇ ਦੱਸਿਆ ਕਿ ਉਹ ਦੁਪਹਿਰ 1 ਵਜੇ ਤੋਂ ਜਾਮ ਵਿਚ ਫਸੇ ਹੋਏ ਹਨ ਅਤੇ ਸ਼ਾਮ 4 ਵਜੇ ਤੱਕ ਜਾਮ ਤੋਂ ਬਾਹਰ ਨਿਕਲਣ ਦੀ ਕੋਈ ਉਮੀਦ ਨਹੀਂ ਦਿਖਾਈ ਦੇ ਰਹੀ। ਉਨ੍ਹਾਂ ਦੱਸਿਆ ਕਿ ਦੁਖੀ ਹੋ ਕੇ ਸਾਰੇ ਲੋਕ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਕੇ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀਆਂ ਕੋਲ ਪਹੁੰਚੇ ਅਤੇ ਉਨ੍ਹਾਂ ਤੋਂ ਅਪੀਲ ਕੀਤੀ ਕਿ ਜਾਮ ਖੋਲ੍ਹਣ ਲਈ ਕੁਝ ਸਮੇਂ ਲਈ ਉਹ ਆਪਣੇ ਸਾਰੇ ਬੈਰੀਅਰ ਖੋਲ੍ਹ ਦੇਣ। ਪਰ ਅਧਿਕਾਰੀਆਂ ਨੇ ਲੋਕਾਂ ਦੀ ਗੱਲ ਨਹੀਂ ਮੰਨੀ, ਜਿਸ ਕਾਰਨ ਲੋਕਾਂ ਦਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਵੀ ਝਗੜਾ ਹੋ ਗਿਆ। ਉਹ ਟੋਲ ਪਲਾਜ਼ਾ ਫਿਲੌਰ ਅਤੇ ਲਾਡੋਵਾਲ ਦੋ ਜ਼ਿਲਿ੍ਹਆਂ ਦੀ ਪੁਲਿਸ ਅਧੀਨ ਹੈ, ਪਰ ਦੋਵੇਂ ਥਾਣਿਆਂ ਦੀ ਪੁਲਿਸ ਨੇ ਜਾਮ ਖੋਲ੍ਹਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭਿਆਨਕ ਗਰਮੀ ’ਚ ਭੁਗਤਣਾ ਪੈ ਰਿਹਾ ਹੈ।