ਰੇਹੜੀਆਂ ਤੋਂ ਫੀਸ ਵਸੂਲੀ ਦੀ ਜਾਂਚ ਸ਼ੁਰੂ, ਪੁੱਛਗਿੱਛ ’ਚ ਮਿਲੀਆਂ ਗੜਬੜੀਆਂ, ਸਰਕਾਰ ਨੂੰ ਭੇਜੀ ਜਾਵੇਗੀ ਰਿਪੋਰਟ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 26 Apr 2026 09:06 PM (IST)
Updated Date: Sun, 26 Apr 2026 09:10 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਤਹਿਬਾਜ਼ਾਰੀ ਬ੍ਰਾਂਚ ਦੇ ਕੰਮ ਦੀ ਜਾਂਚ ਸ਼ੁਰੂ ਹੋ ਗਈ ਹੈ। ਮੇਅਰ ਵਨੀਤ ਧੀਰ ਦੇ ਨਿਰਦੇਸ਼ਾਂ ਅਨੁਸਾਰ ਦੋ ਆਊਟਸੋਰਸ ਕਰਮਚਾਰੀਆਂ ਨੇ ਪਿਛਲੇ ਤਿੰਨ ਦਿਨਾਂ ਵਿਚ ਰੇਹੜੀ ਵਾਲਿਆਂ ਤੋਂ ਫੀਸ ਵਸੂਲੀ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਹੈ। ਮੇਅਰ ਨੇ ਪਿਛਲੇ ਹਫ਼ਤੇ ਜਾਂਚ ਲਈ ਇਕ ਟੀਮ ਬਣਾਈ ਸੀ। ਇਸ ਕਮੇਟੀ ਨੇ ਨਾਮਦੇਵ ਚੌਕ ਤੋਂ ਬੱਸ ਸਟੈਂਡ ਤੱਕ ਸੜਕ ਦੇ ਦੋਵੇਂ ਪਾਸੇ ਲੱਗੀਆਂ ਲਗਪਗ 57 ਰੇਹੜੀਆਂ ਵਾਲਿਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਨਿਗਮ ਦੇ ਮੁਲਾਜ਼ਮ ਨੂੰ ਕਿੰਨੀ ਫੀਸ ਦੇ ਰਹੇ ਹਨ, ਉਨ੍ਹਾਂ ਨੂੰ ਰਸੀਦ ਕਿੰਨੀ ਮਿਲਦੀ ਹੈ ਅਤੇ ਉਹ ਆਨਲਾਈਨ ਭੁਗਤਾਨ ਕਿਉਂ ਨਹੀਂ ਕਰਦੇ। ਇਸ ਪੁੱਛਗਿੱਛ ਵਿਚ ਕਈ ਗੜਬੜੀਆਂ ਸਾਹਮਣੇ ਆਈਆਂ ਹਨ। ਟੀਮ ਨੇ ਜੋ ਜਾਣਕਾਰੀ ਪ੍ਰਾਪਤ ਕੀਤੀ ਹੈ, ਉਹ ਮੇਅਰ ਵਨੀਤ ਧੀਰ ਨੂੰ ਸੌਂਪ ਦਿੱਤੀ ਗਈ ਹੈ। ਮੇਅਰ ਨੇ ਤਹਿਬਾਜ਼ਾਰੀ ਬ੍ਰਾਂਚ ਦੀ ਟੀਮ ਨੂੰ ਇਕ ਦਿਨ ਪਹਿਲਾਂ ਬਦਲ ਦਿੱਤਾ ਸੀ। ਮੇਅਰ ਨੇ 21 ਅਧਿਕਾਰੀਆਂ-ਕਰਮਚਾਰੀਆਂ ਨੂੰ ਦੂਜੀ ਬ੍ਰਾਂਚ ਵਿਚ ਭੇਜ ਦਿੱਤਾ ਅਤੇ ਸਿਰਫ ਇਕ ਮੁਲਾਜ਼ਮ ਹੀ ਬ੍ਰਾਂਚ ਵਿਚ ਰਹਿ ਗਿਆ। ਮੇਅਰ ਨੇ ਇਸ ਮੁਲਾਜ਼ਮ ਦੀ ਅਗਵਾਈ ਵਿਚ ਟੀਮ ਨਾਲ ਜਾਂਚ ਕਰਵਾਈ ਹੈ। ਇਹ ਜਾਂਚ ਅਜੇ ਵੀ ਜਾਰੀ ਰਹੇਗੀ ਅਤੇ ਸਾਰੇ ਇਲਾਕਿਆਂ ਤੋਂ ਰਿਪੋਰਟ ਇਕੱਠੀ ਕਰ ਕੇ ਮੇਅਰ ਨੂੰ ਫਾਈਨਲ ਰਿਪੋਰਟ ਦਿੱਤੀ ਜਾਵੇਗੀ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਸ਼ਹਿਰ ਵਿਚ ਲਗਪਗ 22 ਹਜ਼ਾਰ ਰੇਹੜੀਆਂ ਹਨ, ਪਰ ਇਨ੍ਹਾਂ ਤੋਂ ਸਾਲਾਨਾ ਵਸੂਲੀ ਸਿਰਫ 1.5 ਕਰੋੜ ਰੁਪਏ ਹੈ, ਜਦਕਿ ਜੇ ਫੀਸ ਸਹੀ ਤਰੀਕੇ ਨਾਲ ਆਉਂਦੀ ਤਾਂ ਨਿਗਮ ਨੂੰ 20 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਸੀ। ਤਹਿਬਾਜ਼ਾਰੀ ਬ੍ਰਾਂਚ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੋਂ ਬਾਅਦ ਮੇਅਰ ਵਨੀਤ ਧੀਰ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਨਾਰਾਜ਼ਗੀ ਜਤਾਈ ਸੀ। ਮੇਅਰ ਨੇ ਇਕ ਵਾਰੀ ਤਾਂ ਕਈ ਕਰਮਚਾਰੀਆਂ ਨੂੰ ਹਟਾ ਕੇ ਨਵੀਂ ਟੀਮ ਬਣਾਈ ਸੀ, ਪਰ ਉਸ ਤੋਂ ਬਾਅਦ ਵੀ ਕੁਝ ਬਦਲਾਅ ਨਹੀਂ ਹੋਇਆ। ਪੁਰਾਣੀ ਟੀਮ ਨੇ ਕੰਮ ਵਿਚ ਸੁਧਾਰ ਦਾ ਵਾਅਦਾ ਕੀਤਾ, ਤਾਂ ਮੇਅਰ ਨੇ ਦੋ ਮਹੀਨੇ ਬਾਅਦ ਪੁਰਾਣੀ ਟੀਮ ਨੂੰ ਹੀ ਕਮਾਨ ਸੌਂਪ ਦਿੱਤੀ। ਇਸ ’ਤੇ ਵੀ ਕੁਝ ਬਦਲਾਅ ਨਹੀਂ ਹੋਇਆ, ਤਾਂ ਮੇਅਰ ਨੇ ਪਿਛਲੇ ਹਫ਼ਤੇ ਟੀਮ ਦੇ 22 ਮੈਂਬਰਾਂ ਵਿੱਚੋਂ 21 ਨੂੰ ਬਦਲ ਦਿੱਤਾ। ਇਨ੍ਹਾਂ ਕਰਮਚਾਰੀਆਂ ’ਤੇ ਇਹ ਵੀ ਸ਼ੱਕ ਹੈ ਕਿ ਇਹ ਨਿਗਮ ਵਿਚ ਹੜਤਾਲ ਕਰਵਾ ਕੇ ਕੰਮ ਵਿਚ ਰੁਕਾਵਟ ਪੈਦਾ ਕਰ ਰਹੇ ਸਨ। ਨਿਗਮ ਰੇਹੜੀਆਂ ’ਤੇ ਕਿਊਆਰ ਪਲੇਟਾਂ ਲਗਾਉਣ ਦਾ ਕੰਮ ਵੀ ਤੇਜ਼ ਕਰੇਗੀ ਅਤੇ ਨਵਾਂ ਠੇਕਾ ਦੇਵੇਗੀ। ਹੁਣ ਤੱਕ ਸਿਰਫ 4,400 ਰੇਹੜੀਆਂ ’ਤੇ ਪਲੇਟ ਲੱਗੀ ਹੈ। ਮੇਅਰ ਵਨੀਤ ਧੀਰ ਨੇ ਕਿਹਾ ਕਿ ਰੇਹੜੀ ਵਾਲਿਆਂ ਤੋਂ ਫੀਸ ਲੈਣ ਦੀ ਜਾਂਚ ਹੋਰ ਤੇਜ਼ ਕੀਤੀ ਜਾਵੇਗੀ। ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਿਚ ਦੋ ਆਊਟਸੋਰਸ ਔਰਤ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਮੁਲਾਜ਼ਮ ਆਨਲਾਈਨ ਸੂਚੀ ਵਿਚ ਦਰਜ ਰੇਹੜੀ ਵਾਲਿਆਂ ਨੂੰ ਫੋਨ ਕਰ ਕੇ ਪੁੱਛਗਿੱਛ ਕਰਨਗੀਆਂ। ਮੇਅਰ ਨੇ ਵੀ ਸੂਚੀ ਮੰਗਵਾਈ ਹੈ ਅਤੇ ਉਹ ਖ਼ੁਦ ਵੀ ਕੁਝ ਰੇਹੜੀ ਵਾਲਿਆਂ ਨਾਲ ਗੱਲ ਕਰਨਗੇ। ਜਿਨ੍ਹਾਂ ਕਰਮਚਾਰੀਆਂ ਨੂੰ ਤਬਦੀਲ ਕੀਤਾ ਗਿਆ ਸੀ, ਉਨ੍ਹਾਂ ਦੀ ਤਾਇਨਾਤੀ ਹੋਰ ਵਿਭਾਗਾਂ ’ਚ ਕੀਤੀ ਜਾਵੇਗੀ। - ਇਮਾਰਤ ’ਤੇ ਲੱਗੀ ਸੀਲ ਤੋੜਨ ’ਤੇ ਨਿਗਮ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਨਗਰ ਨਿਗਮ ਪ੍ਰਸ਼ਾਸਨ ਨੇ ਇਮਾਰਤ ’ਤੇ ਲਗਾਈ ਸੀਲ ਤੋੜਨ ’ਤੇ ਬਿਲਡਿੰਗ ਮਾਲਕ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਨਿਗਮ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਬੱਸ ਸਟੈਂਡ ਰੋਡ ਦੇ ਨੇੜੇ ਇਕ ਇਮਾਰਤ ਪਿਛਲੇ ਸਾਲ ਸੀਲ ਕੀਤੀ ਗਈ ਸੀ। ਬਿਲਡਿੰਗ ਮਾਲਕ ਨੇ ਹਲਫੀਆ ਬਿਆਨ ਦੇ ਕੇ ਸੀਲ ਖੁਲਵਾ ਲਈ ਸੀ, ਪਰ ਨਿਯਮਾਂ ਮੁਤਾਬਿਕ ਇਮਾਰਤ ਵਿਚ ਬਦਲਾਅ ਨਹੀਂ ਕੀਤਾ ਤਾਂ ਜਨਵਰੀ-ਫਰਵਰੀ ਵਿਚ ਨਿਗਮ ਨੇ ਦੁਬਾਰਾ ਸੀਲ ਲਗਾ ਦਿੱਤੀ। ਬਿਲਡਿੰਗ ਮਾਲਕ ਨੇ ਇਸ ਸੀਲ ਨੂੰ ਤੋੜ ਦਿੱਤਾ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਲਈ ਲਿਖਿਆ ਹੈ।