ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਸਹਿਯੋਗ ਦੇਣ ਦੀ ਅਪੀਲ
- ਹੁਣ ਤੱਕ ਜ਼ਿਲ੍ਹੇ
Publish Date: Sat, 18 Apr 2026 09:48 PM (IST)
Updated Date: Sat, 18 Apr 2026 09:51 PM (IST)

- ਹੁਣ ਤੱਕ ਜ਼ਿਲ੍ਹੇ ਦੇ 75 ਫ਼ੀਸਦੀ ਵੋਟਰਾਂ ਦਾ ਮਿਲਾਨ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਚੁੱਕੈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਰਾਜ ’ਚ ਜਲਦੀ ਹੀ ਸਪੈਸ਼ਲ ਇੰਟੈਸਿਵ ਰਵੀਜ਼ਨ (ਐੱਸਆਈਆਰ) ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਲਈ ਐੱਸਆਈਆਰ ਦੀਆਂ ਪ੍ਰੀ-ਸਰਗਰਮੀਆਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀ ਐੱਸਆਈਆਰ ਸਰਗਰਮੀਆਂ ਤਹਿਤ ਮੌਜੂਦਾ ਵੋਟਰ ਸੂਚੀ ਦੇ ਵੋਟਰਾਂ ਦਾ ਮਿਲਾਨ/ਮੈਪਿੰਗ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਜਲੰਧਰ ਜ਼ਿਲ੍ਹੇ ਦੇ ਕੁੱਲ 16,57,306 ਵੋਟਰ ਹਨ, ਜਿਸ ਵਿੱਚੋਂ 12,43,087 (75.01 ਫੀਸਦੀ) ਵੋਟਰਾਂ ਦਾ ਮਿਲਾਨ ਬੀ.ਐੱਲ.ਓਜ਼ ਵੱਲੋਂ ਕੀਤਾ ਜਾ ਚੁੱਕਾ ਹੈ। ਵਾਲੀਆ ਨੇ ਦੱਸਿਆ ਕਿ ਇਸ ਕੰਮ ਲਈ ਵਿਧਾਨ ਸਭਾ ਚੋਣ ਹਲਕਿਆਂ ਦੇ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਵੱਲੋਂ ਆਪਣੇ ਬੂਥਾਂ ’ਤੇ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ ਅਤੇ ਨਾਲ ਹੀ ਘਰ-ਘਰ ਜਾ ਕੇ 2003 ਦੀ ਵੋਟਰ ਸੂਚੀ ਨਾਲ ਮਿਲਾਨ/ਮੈਪਿੰਗ ਕਰਨ ਲਈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਵਿੱਚ ਆਪਣਾ ਸਹਿਯੋਗ ਦੇਣ ਅਤੇ ਐੱਸ.ਆਈ.ਆਰ. ਦੌਰਾਨ ਬੀ.ਐੱਲ.ਓਜ਼ ਨੂੰ ਲੁੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਹੈ ਕਿ ਐੱਸ.ਆਈ.ਆਰ. ਦੌਰਾਨ ਹਰੇਕ ਵੋਟਰ ਤੋਂ ਬੀ.ਐੱਲ.ਓਜ਼ ਵੱਲੋਂ ਇਨੁਮਰੇਸ਼ਨ ਫਾਰਮ (Enumeration Form) ਭਰਵਾਏ ਜਾਣੇ ਹਨ। ਵੋਟਰ ਵਲੋਂ ਇਹ ਇਨੁਮਰੇਸ਼ਨ ਫਾਰਮ ਭਰਕੇ ਨਾ ਦੇਣ ਦੀ ਸੂਰਤ ਵਿੱਚ ਵੋਟਰ ਸੂਚੀ ਵਿਚੋਂ ਵੋਟ ਕੱਟੀ ਵੀ ਜਾ ਸਕਦੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਵੋਟਰ ਸੂਚੀ ਵਿੱਚ ਆਪਣੇ ਨਾਮ ਦੀ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ। 2003 ਦੀ ਵੋਟਰ ਸੂਚੀ ਦੀ ਡਿਟੇਲ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ (ECINET) https://voters.eci.gov.in/ ਜਾਂ ਮੁੱਖ ਚੋਣ ਦਫ਼ਤਰ ਦੀ ਵੈਬਸਾਈਟ https://elections.punjab.gov.in/Election/Public/Search Eroll 2003 ’ਤੇ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਲੋੜ/ਸੁਝਾਅ/ਸ਼ਿਕਾਇਤ ਸਬੰਧੀ ਵੋਟਰ ਹੈਲਪਲਾਈਨ ਟੋਲ ਫ੍ਰੀ ਨੰਬਰ 1950 ’ਤੇ ਕਾਲ ਕੀਤੀ ਜਾ ਸਕਦੀ ਹੈ।