ਇਮਾਨਦਾਰ ਤੇ ਸਿਆਸੀ ਸੂਝ ਵਾਲੇ ਲੋਕ ਸਿਆਸਤ ਦਾ ਹਿੱਸਾ ਬਣਨ : ਸੰਤ ਸੀਚੇਵਾਲ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ
Publish Date: Sat, 18 Apr 2026 09:45 PM (IST)
Updated Date: Sat, 18 Apr 2026 09:48 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਸਿਆਸੀ, ਸਮਾਜੀ ਤੇ ਵਾਤਾਵਰਣ ਸਬੰਧੀ ਗੱਲਾਂ ਕੀਤੀਆਂ। ਇਨ੍ਹਾਂ ਗੱਲਾਂ ਵਿੱਚ ਪਾਰਲੀਮੈਂਟ ਦੇ ਵਰਤਾਰੇ ਤੋਂ ਲੈ ਕੇ ਉਨ੍ਹਾਂ ਦੇ ਆਪਣੇ ਇਲਾਕੇ (ਦੋਨਾ) ਖੇਤਰ ਵਿੱਚ ਖ਼ਰਬੂਜ਼ੇ ਦੀ ਖੇਤੀ ਤੱਕ ਸ਼ਾਮਲ ਹਨ। ਉਨ੍ਹਾਂ ਨੇ ਬੁੱਢੇ ਦਰਿਆ ਨੂੰ ਸਾਫ ਕਰਨ ਦੀ ਚਲਾਈ ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਬਾਵਜੂਦ ਬਹੁਤ ਸਾਰੇ ਅੜਿੱਕਿਆਂ ਦੇ ਅਸੀਂ ਆਪਣੇ ਮਿਸ਼ਨ ਦੀ ਸਫਲਤਾ ਵੱਲ ਵਧ ਰਹੇ ਹਾਂ। ਬਹੁਤ ਸਾਰੀਆਂ ਡੇਅਰੀਆਂ ਦੇ ਗੋਹੇ ਵਗੈਰਾ ਸਮੇਤ ਹੋਰ ਪਾਸਿਆਂ ਤੋਂ ਪੈਂਦਾ ਰਿਹਾ ਗੰਦ ਮੰਦ ਹੁਣ ਰੋਕ ਦਿੱਤਾ ਗਿਆ ਹੈ। ਬੁੱਢੇ ਦਰਿਆ ਦਾ ਟੀਡੀਐੱਸ 1300 ਤੋਂ ਘੱਟ ਕੇ 770 ਤੱਕ ਆ ਗਿਆ ਹੈ। ਉਨ੍ਹਾਂ ਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਘੱਟੋ ਘੱਟ ਉਹ ਆਪਣੇ ਬਾਰੇ ਹੀ ਸੋਚਣ ਉਨ੍ਹਾਂ ਨੇ ਵੀ ਇਸੇ ਵਾਤਾਵਰਣ ਵਿੱਚ ਹੀ ਸਾਹ ਲੈਣਾ ਹੈ। ਸੰਤ ਸੀਚੇਵਾਲ ਨੇ ਸਿਆਸੀ ਆਗੂਆਂ ਵੱਲੋਂ ਇੱਕ-ਦੂਸਰੇ ਪ੍ਰਤੀ ਬੋਲੀ ਜਾ ਰਹੀ ਨੀਵੇਂ ਪੱਧਰ ਦੀ ਭਾਸ਼ਾ ਅਤੇ ਸਹਿਣਸ਼ੀਲਤਾ ਦੀ ਤਜ ਦਿੱਤੀ ਗਈ ਪ੍ਰਵਿਰਤੀ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਸਿਆਸਤਦਾਨਾਂ ਨੂੰ ਬਾਬਾ ਫਰੀਦ ਦੀ ਰਚਨਾ ‘ਦਰਵੇਸਾਂ ਨੋ ਲੋੜੀਐ ਰੁੱਖਾਂ ਦੀ ਜੀਰਾਂਦ’ ਵੱਲ ਗੌਰ ਕਰਨ ਦੀ ਸਲਾਹ ਦਿੱਤੀ। ਸੰਤ ਸੀਚੇਵਾਲ ਨੇ ਪੰਜਾਬ ਦੀ ਜਵਾਨੀ ਨੂੰ ਲੱਗੇ ਘੁਣ ਲਈ ਵੱਧ ਘੱਟ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਪਿਛਲੇ ਸਮੇਂ ਤੋਂ ਪੰਜਾਬ ਅੰਦਰ ਵੱਧ ਰਹੇ ਸਮਾਜਿਕ ਨਿਘਾਰ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸੰਤ ਸੀਚੇਵਾਲ ਨੇ ਇੱਕ ਪਿੰਡ ਦੇ ਹਵਾਲੇ ਨਾਲ ਕਿਹਾ ਕਿ ਉੱਥੇ ਪਹਿਲਾਂ ਚੋਰੀਆਂ ਦੀ ਮਾਰ ਸੀ, ਫਿਰ ਉਹ ਅਫੀਮ ਡੋਡਿਆਂ ਲਈ ਮਸ਼ਹੂਰ ਰਿਹਾ ਤੇ ਅੱਜ ਕੱਲ੍ਹ ‘ਚਿੱਟੇ’ ਦਾ ਦੌਰ ਹੈ। ਸਿਆਸਤ ਵਿੱਚ ਆਏ ਨਿਘਾਰ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਸਿਆਸੀ ਸੂਝ ਤੋਂ ਊਣੇ ਲੋਕਾਂ ਦਾ ਸ਼ਾਮਲ ਹੋਣਾ ਵੀ ਹੋਰ ਕਾਰਨਾਂ ਵਿੱਚੋਂ ਇੱਕ ਹੈ। ਇਸ ਲਈ ਇਮਾਨਦਾਰ ਤੇ ਸਿਆਸੀ ਸਮਝ ਵਾਲੇ ਲੋਕਾਂ ਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਹੈ। ਪਾਰਲੀਮੈਂਟ ਵਿੱਚ ਕਈ ਵਾਰ ਕਾਵਾਂ ਰੌਲੀ ਦਾ ਮਾਹੌਲ ਬਣ ਜਾਣ ਬਾਰੇ ਸੰਤ ਸੀਚੇਵਾਲ ਕਿਹਾ ਕਿ ਸਿਆਸੀ ਸੂਝ ਦੀ ਘਾਟ ਹੀ ਇਸ ਦਾ ਕਾਰਨ ਬਣਦੀ ਹੈ। ਦੋਨਾਂ ਇਲਾਕੇ ਵਿੱਚ ਖਰਬੂਜ਼ੇ ਦੀ ਫਸਲ ਦੀ ਘੱਟ ਹੋ ਰਹੀ ਪੈਦਾਵਾਰ ਬਾਰੇ ਸੰਤ ਸੀਚੇਵਾਲ ਨੇ ਖੇਤੀ ਮਾਹਰਾਂ ਵਾਂਗ ਗੱਲ ਕਰਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਮੱਕੀ ਦੀ ਬਹੁਤ ਜ਼ਿਆਦਾ ਖੇਤੀ ਹੋਣ ਲੱਗ ਪਈ ਹੈ। ਇਹ ਵੱਧ ਪਾਣੀ ਪੀਂਦੀ ਹੈ। ਇਸ ਨਾਲ ਨਵੀਂ ਤੇ ਹੁੰਮਸ ਪੈਦਾ ਹੁੰਦੀ ਹੈ। ਖਰਬੂਜ਼ੇ ਦੀ ਫਸਲ ਖੁਸ਼ਕ ਖੁਸ਼ਕ ਵਾਤਾਵਰਣ ਵਿੱਚ ਵਧੇਰੇ ਵੱਧਦੀ ਫੁੱਲਦੀ ਹੈ। ਹੁੰਮਸ ਤੇ ਨਮੀ ਕਾਰਨ ਖਰਬੂਜ਼ੇ ਦੀ ਫਸਲ ਤੋਂ ਕਿਸਾਨ ਪਾਸਾ ਵੱਟ ਰਹੇ ਹਨ। ਗੱਲਬਾਤ ਦੌਰਾਨ ਏਕ ਓਂਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਦੇ ਸਕੱਤਰ ਸੁਰਜੀਤ ਸਿੰਘ ਸ਼ੈਂਟੀ ਵੀ ਮੌਜੂਦ ਸਨ।