ਟੈੱਟ ਪ੍ਰੀਖਿਆ ਲਈ ਚੰਡੀਗੜ੍ਹ ਬਣਾਏ ਸੈਂਟਰਾਂ ਕਾਰਨ ਅਧਿਆਪਕਾਂ ’ਚ ਤਣਾਅ
- ਸਵੇਰੇ 7:30 ਵਜੇ
Publish Date: Sat, 18 Apr 2026 08:53 PM (IST)
Updated Date: Sat, 18 Apr 2026 08:57 PM (IST)
- ਸਵੇਰੇ 7:30 ਵਜੇ ਰਿਪੋਟਿੰਗ ਦੇ ਕੀਤੇ ਤੁੱਗਲਕੀ ਹੁਕਮ : ਬਾਸੀ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ
ਜਲੰਧਰ : ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 19 ਅਪ੍ਰੈਲ ਐਤਵਾਰ ਨੂੰ ਲਈ ਜਾ ਰਹੀ ਟੈੱਟ ਦੀ ਵਿਭਾਗੀ ਪ੍ਰੀਖਿਆ ਜ਼ਿਲ੍ਹਿਆਂ ਨੂੰ ਛੱਡ ਕੇ ਚੰਡੀਗੜ੍ਹ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਨੇ ਪੰਜਾਬ ਭਰ ਦੇ ਲੱਖਾਂ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅੰਦਰ ਵੱਡੀ ਬੇਚੈਨੀ ਪੈਦਾ ਕਰ ਦਿੱਤੀ ਹੈ। ਗੌਰਮੈਂਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਤੀਰਥ ਸਿੰਘ ਬੀਸੀ, ਨਰਮੋਲਕ ਸਿੰਘ ਹੀਰਾ, ਬਲਜੀਤ ਸਿੰਘ ਕੁਲਾਰ, ਸੁਖਵਿੰਦਰ ਸਿੰਘ ਮੱਕੜ, ਗੁਰਿੰਦਰ ਸਿੰਘ, ਕੁਲਭੂਸ਼ਣ ਗੁਪਤਾ, ਰਣਜੀਤ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਹਾਸੋਹੀਣੀ ਗੱਲ ਇਹ ਇਹ ਕਿ ਵਿਭਾਗ ਨੇ ਸਵੇਰੇ 7:30 ਵਜੇ ਸਬੰਧਿਤ ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚਣ ਦੇ ਤੁਗਲਕੀ ਹੁਕਮ ਜਾਰੀ ਕਰ ਦਿੱਤੇ ਹਨ, ਇੱਥੋਂ ਤੱਕ ਕਿ ਇੱਕੋ ਪਰਿਵਾਰ ਦੇ ਮੈਂਬਰਾਂ ਜਾਂ ਅੰਗਹੀਣ ਕਰਮਚਾਰੀਆਂ ਨੂੰ ਵੀ ਵੱਡੀ ਦੂਰੀ ਨਾਲ ਚੰਡੀਗੜ੍ਹ ਵਿਖੇ ਸੈਂਟਰ ਦੇ ਕੇ ਆਪਣੇ ਤਾਨਾਸ਼ਾਹੀ ਰਵੱਈਏ ਦਾ ਪ੍ਰਮਾਣ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫੁਰਮਾਨ ਤੋਂ ਪਹਿਲਾਂ ਪੰਜਾਬ ਦੇ ਅਧਿਆਪਕਾਂ ਅੰਦਰ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਨੀਤੀਆਂ ਤਹਿਤ ਵੱਡੀ ਪੱਧਰ ’ਤੇ ਰੋਸ ਸੀ, ਪਰ ਸਰਕਾਰ ਦੇ ਇਸ ਹੁਕਮ ਨੇ ਅਧਿਆਪਕਾਂ ਨੂੰ ਹੋਰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਅਧਿਆਪਕ ਆਗੂਆ ਨੇ ਦੱਸਿਆ ਕਿ ਫਿਰੋਜ਼ਪੁਰ, ਤਰਨਤਾਰਨ ਆਦਿ ਬਾਰਡਰ ਜ਼ਿਲ੍ਹਿਆਂ ਤੋਂ ਲੰਬੀ ਦੂਰੀ ਚੱਲ ਕੇ ਅਧਿਆਪਕ ਕਿਸ ਤਰ੍ਹਾਂ ਸਵੇਰੇ 7:30 ਵਜੇ ਨੂੰ ਚੰਡੀਗੜ੍ਹ ਦੇ ਸੈਂਟਰਾਂ ਵਿੱਚ ਪਹੁੰਚਣਗੇ। ਜਿਸ ਕਰ ਕੇ ਪੰਜਾਬ ਭਰ ਦੇ ਲੱਖਾਂ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਡਿਪ੍ਰੈਸ਼ਨ ਵਿੱਚ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਹੀ ਇਸ ਤਾਨਾਸ਼ਾਹੀ ਫੈਸਲੇ ਨੂੰ ਬਦਲੇ ਤੇ ਇਹ ਟੈਸਟ ਅੱਗੇ ਪਾਇਆ ਜਾਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਹੈ ਕਿ ਇਹ ਪ੍ਰੀਖਿਆ ਐਤਵਾਰ ਨੂੰ ਲਈ ਜਾ ਰਹੀ ਹੈ, ਬਹੁਤ ਸਾਰੇ ਸਵੇਰੇ-ਸ਼ਾਮ 2-2 ਪੇਪਰ ਹਨ, ਜੇਕਰ ਅਧਿਆਪਕ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਵੀ ਜਾਣ ਦਾ ਪ੍ਰੋਗਰਾਮ ਬਣਾਉੰਦੇ ਹਨ, ਤਾਂ ਰਾਜ ਭਰ ਦੇ ਸਕੂਲ 2 ਦਿਨ ਵੱਡੀ ਗਿਣਤੀ ਵਿੱਚ ਬੰਦ ਹੁੰਦੇ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਦੁਬਾਰਾ ਅਪੀਲ ਕੀਤੀ ਕਿ ਇਹ ਪ੍ਰੀਖਿਆ ਅੱਗੇ ਪਾਈ ਜਾਵੇ।