-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ

-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਸਾਈਕਲੋਥਾਨ ’ਚ ਲਿਆ ਹਿੱਸਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਪੀਜੇ ਸਕੂਲ ਦੇ ਸਹਿਯੋਗ ਨਾਲ ‘ਸਾਈਕਲੋਥਾਨ 4.0’ ਕਰਵਾਈ ਗਈ। ਸਾਈਕਲੋਥਾਨ ਵਿੱਚ ਕਰੀਬ 2 ਹਜ਼ਾਰ ਭਾਗੀਦਾਰਾਂ ਨੇ ਹਿੱਸਾ ਲੈਂਦਿਆਂ ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਾਈਕਲੋਥਾਨ ਨੂੰ ਏਪੀਜੇ ਸਕੂਲ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਸਮੇਤ ਖੁਦ ਵੀ ਸਾਈਕਲੋਥਾਨ ਵਿੱਚ ਹਿੱਸਾ ਲੈਂਦਿਆਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਮਜ਼ਬੂਤ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਡੀਸੀ ਵਰਜੀਤ ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲੜਾਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਇਕਜੁੱਟ ਕਰਨ ਅਤੇ ਖਾਸ ਕਰ ਕੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਸਰਗਰਮੀਆਂ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਨੂੰ ਜਲੰਧਰ ਵਾਸੀਆਂ ਨੇ ਭਰਵਾਂ ਹੁੰਗਾਰਾਂ ਦਿੰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਨਸ਼ਿਆਂ ਦੇ ਕੋਹੜ ਨੂੰ ਵੱਢਣ ਲਈ ਪੰਜਾਬ ਸਰਕਾਰ ਦੇ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਨਸ਼ਿਆਂ ਖ਼ਿਲਾਫ਼ ਲਗਾਤਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਸਰਗਰਮੀਆਂ ਵਿੱਚ ਲਾਇਆ ਜਾ ਰਿਹਾ ਹੈ। ਇਸ ਉਪਰਾਲੇ ਵਿੱਚ ਸਹਿਯੋਗ ਦੇਣ ਲਈ ਡੀਸੀ ਨੇ ਏਪੀਜੇ ਸਕੂਲ ਅਤੇ ਪ੍ਰਿੰਸੀਪਲ ਡਾ. ਰਾਜੇਸ਼ ਚੰਦੇਲ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਡੀਸੀ ਨੇ ਸਕੂਲ ਵਿੱਚ ਮੌਜੂਦ ਭਾਗੀਦਾਰਾਂ ਅਤੇ ਹੋਰਨਾਂ ਨੂੰ ਨਸ਼ਿਆਂ ਖ਼ਿਲਾਫ਼ ਲੜਨ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਸਹੁੰ ਵੀ ਚੁਕਾਈ। ਉਨ੍ਹਾਂ ਕਿਹਾ ਕਿ ਸਾਈਕਲੋਥਾਨ ਵਿੱਚ ਜਲੰਧਰ ਤੋਂ ਇਲਾਵਾ ਲੁਧਿਆਣਾ, ਹੁਸ਼ਿਆਰਪੁਰ ਸਮੇਤ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਆਏ ਭਾਗੀਦਾਰਾਂ ਨੇ ਵੀ ਹਿੱਸਾ ਲਿਆ ਹੈ। ਇਸ ਤੋਂ ਬਾਅਦ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰ ਸਾਈਕਲ ਕਲੱਬਾਂ ਤੋਂ ਇਲਾਵਾ ਸਾਈਕਲੋਥਾਨ ਨੂੰ ਸਫ਼ਲ ਬਣਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ, ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਰੈੱਡ ਕਰਾਸ ਅਤੇ ਪ੍ਰਯਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਸਾਈਕਲੋਥਾਨ ਵਿੱਚ ਹਿੱਸਾ ਲਿਆ। ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਨੇ ਨਸ਼ਿਆਂ ਖਿਲਾਫ਼ ਬੋਲੀਆਂ ਪਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ., ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇਜਦੀਪ ਸਿੰਘ ਸੈਣੀ, ਫਿੱਟ ਬਾਈਕਸ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਵਾਈਸ ਚੇਅਰਮੈਨ ਦਲਿਤ ਵਿਕਾਸ ਬੋਰਡ ਅਜੇ ਪਾਲ ਵਾਲਮੀਕਿ, ਪ੍ਰਿੰਸੀਪਲ ਡਾ. ਰਾਜੇਸ਼ ਚੰਦੇਲ, ਏਡੀਸੀਪੀ ਜਯੰਤ ਪੁਰੀ, ਐੱਸਡੀਐੱਮ ਜਲੰਧਰ-1 ਨਵਦੀਪ ਸਿੰਘ, ਐੱਸਡੀਐੱਮ ਜਲੰਧਰ-2 ਸ਼ਾਇਰੀ ਮਲਹੋਤਰਾ, ਐੱਸਡੀਐੱਮ ਆਦਮਪੁਰ ਲਾਲ ਵਿਸ਼ਵਾਸ ਬੈਂਸ, ਐੱਸਡੀਐੱਮ ਫਿਲੌਰ ਦੀਪਕ ਭਾਟੀਆ, ਏਸੀਪੀ ਅਸ਼ੋਕ ਮੀਨਾ, ਸਹਾਇਕ ਕਮਿਸ਼ਨਰ (ਜ) ਆਸ਼ਾ ਰਾਣੀ, ਡਿਪਟੀ ਡੀਈਓ ਰਾਜੀਵ ਜੋਸ਼ੀ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਮਾਡਲ ਟਾਊਨ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਾਈਕਲੋਥਾਨ ਤਿੰਨ ਸ਼੍ਰੇਣੀਆਂ 5 ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਵਿੱਚ ਕਰਵਾਈ ਗਈ, ਜੋ ਏਪੀਜੇ ਸਕੂਲ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਨਿਰਧਾਰਿਤ ਰੂਟ ਤੈਅ ਕਰਦੇ ਹੋਏ ਮੁੜ ਏਪੀਜੇ ਸਕੂਲ ਪਹੁੰਚ ਕੇ ਸਮਾਪਤ ਹੋਈ। 21 ਕਿਲੋਮੀਟਰ ਸਾਈਕਲੋਥਾਨ ਏਪੀਜੇ ਸਕੂਲ ਮਾਡਲ ਟਾਊਨ, ਗੀਤਾ ਮੰਦਿਰ, ਈਡੀ ਦਫ਼ਤਰ, ਬਿੱਟੂ ਪਰਦੇਸੀ, ਸ਼ਹੀਦ ਮੇਜਰ ਕਪਿਲ ਵਿਨਾਇਕ ਚੌਕ, ਤਾਜ ਫਾਸਟ ਫੂਡ (ਅਰਬਨ ਅਸਟੇਟ-2), ਹਵੇਲੀ-ਕਿਊਰੋ ਰੋਡ, ਵਾਈਟ ਡਾਇਮੰਡ, ਸੀਟੀ ਸ਼ਾਹਪੁਰ ਕੈਂਪਸ ਤੋਂ ਵਾਪਸ ਏਪੀਜੇ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ। ਜਦਕਿ 10 ਕਿਲੋਮੀਟਰ ਸਾਈਕਲੋਥਾਨ ਉਕਤ ਰੂਟ ’ਤੇ ਵਾਈਟ ਡਾਇਮੰਡ ਤੋਂ ਮੁੜ ਕੇ ਵਾਪਸ ਏਪੀਜੇ ਸਕੂਲ ਪਹੁੰਚੀ। ਇਸੇ ਤਰ੍ਹਾਂ 5 ਕਿਲੋਮੀਟਰ ਸਾਈਕਲੋਥਾਨ ਵੀ ਇਸੇ ਰੂਟ ’ਤੇ ਤਾਜ ਫਾਸਟ ਫੂਡ ਤੋਂ ਵਾਪਸ ਮੁੜ ਕੇ ਏਪੀਜੇ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ। ਸਾਈਕਲੋਥਾਨ ਵਿੱਚ ਪੰਕਜ ਗੌਤਮ, ਮਨਦੀਪ ਪ੍ਰਭਾਕਰ ਤੇ ਬਲਰਾਜ ਚੌਹਾਨ ਸਮੇਤ ਹੋਰ ਪ੍ਰਮੁੱਖ ਸਾਈਕਲਿਸਟਾਂ ਨੇ ਹਿੱਸਾ ਲਿਆ।