ਸ੍ਰੀ ਅਕਾਲ ਤਖਤ ਦੇ ਜਾਰੀ ਹੁਕਮਨਾਮਿਆਂ ਦੀ ਰੋਸ਼ਨੀ ’ਚ ਪੰਥਕ ਏਕਤਾ ਹੋ ਸਕਦੀ ਹੈ : ਵਡਾਲਾ
- ਪੁਨਰ ਸੁਰਜੀਤ ਅਕਾਲੀ
Publish Date: Sat, 18 Apr 2026 07:07 PM (IST)
Updated Date: Sat, 18 Apr 2026 07:09 PM (IST)

- ਪੁਨਰ ਸੁਰਜੀਤ ਅਕਾਲੀ ਦਲ ਨੇ ਨਕੋਦਰ ’ਚ ਖੋਲ੍ਹਿਆ ਦਫ਼ਤਰ ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਕਾਂਗਰਸ ਵੱਲੋਂ 1984 ਵਿਚ ਸ੍ਰੀ ਅਕਾਲ ਤਖਤ ਨੂੰ ਢਾਹ ਕੇ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਸਮੇਂ ਗੁਰੂ ਦੀਆਂ ਹੋਈਆਂ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਦੇ ਕੇ ਜੋ ਜਖਮ ਸਿੱਖਾਂ ਤੇ ਪੰਥ ਹਿਤੈਸ਼ੀਆਂ ਨੂੰ ਦਿੱਤੇ ਗਏ ਹਨ, ਉਹ ਜ਼ਖ਼ਮ ਕਦੇ ਵੀ ਨਹੀਂ ਭਰ ਸਕਦੇ। ਉਕਤ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾਈ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਕੋਦਰ ਵਿਚ ਖੋਲ੍ਹੇ ਪਾਰਟੀ ਦਫ਼ਤਰ ਦੇ ਉਦਘਾਟਨ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਕੀਤਾ। ਇਸ ਤੋਂ ਪਹਿਲਾਂ ਸਵੇਰੇ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸਮਾਗਮ ਦੀ ਆਰੰਭਤਾ ਹੋਈ। ਸਮਾਗਮ ਦੌਰਾਨ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੀ 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੋਈ ਹਾਰ ਲਈ ਸੁਖਬੀਰ ਸਿੰਘ ਬਾਦਲ ਨੂੰ ਕਸੂਰਵਾਰ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਬੇਅਦਬੀਆਂ ਕਰਨ ਵਾਲੇ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਨਾ ਮੰਨੇ ਜਾਣ ਕਾਰਨ ਹੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਜਨਮ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਤਹਿਤ ਸਾਰੇ ਅਕਾਲੀ ਦਲਾਂ ਦਰਮਿਆਨ ਪੰਥਕ ਏਕਤਾ ਦੇ ਉਹ ਮੁਦਈ ਹਨ। ਨਕੋਦਰ ਦੀ ‘ਆਪ’ ਵਿਧਾਇਕਾ ਦੀ ਤਿੱਖੀ ਆਲੋਚਨਾ ਕਰਦਿਆਂ ਜਥੇਦਾਰ ਵਡਾਲਾ ਨੇ ਉਨ੍ਹਾਂ ਉੱਪਰ ਝੂਠੇ ਪਰਜੇ ਦਰਜ ਕਰਵਾਉਣ ਅਤੇ ਗੈਰ ਕਾਨੂੰਨੀ ਢੰਗ ਨਾਲ ਜਾਇਦਾਦ ਇਕੱਠੀ ਕਰਨ ਵਰਗੇ ਗੰਭੀਰ ਕਥਿਤ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਵੋਟਾਂ ਨਾਲ ਉਹ ਵਿਧਾਇਕਾ ਬਣੀ ਅੱਜ ਉਨ੍ਹਾਂ ਨੂੰ ਹੀ ਦਲਾਲ ਦੱਸ ਕੇ ਉਨ੍ਹਾਂ ਦਾ ਘੋਰ ਅਪਮਾਨ ਕਰ ਰਹੀ ਹੈ। ਕਾਂਗਰਸ ਪਾਰਟੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਕਈ ਆਗੂ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਹੋਣ ਉਹ ਪਾਰਟੀ 2027 ਵਿਚ ਸਰਕਾਰ ਕਿਵੇਂ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ 2027 ਵਿਚ ਉਨ੍ਹਾਂ ਦਾ ਅਕਾਲੀ ਦਲ ਧਡ਼ੱਲੇ ਨਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਡ਼ ਕੇ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਨਕੋਦਰ ਵਿਖੇ ਪਾਰਟੀ ਦਾ ਦਫ਼ਤਰ ਖੋਲ੍ਹਣ ਨਾਲ ਪਾਰਟੀ ਵਰਕਰ ਇੱਥੇ ਇਕੱਤਰ ਹੋ ਸਕਣਗੇ ਅਤੇ ਉਹ ਖੁਦ ਵੀ ਤੇ ਪਾਰਟੀ ਵਰਕਰ ਇੱਥੇ ਬੈਠ ਕੇ ਭਵਿੱਖ ਲਈ ਪਾਰਟੀ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਗੇ। ਇਨ੍ਹਾਂ ਤੋਂ ਇਲਾਵਾ ਬਲਵਿੰਦਰ ਸਿੰਘ ਆਲ੍ਹੇਵਾਲੀ, ਸਰਵਣ ਸਿੰਘ ਹੇਅਰ, ਸੁਖਦੇਵ ਸਿੰਘ ਬਾਸੀ, ਅਵਤਾਰ ਸਿੰਘ ਕਲੇਰ, ਸੁਖਵੰਤ ਸਿੰਘ ਰੌਲੀ ਜ਼ਿਲ੍ਹਾ ਪ੍ਰਧਾਨ, ਬ੍ਰਿਜ ਭੁਪਿੰਦਰ ਸਿੰਘ ਲਾਲੀ ਕੰਗ ਅਤੇ ਲਸਕਰ ਸਿੰਘ ਸੰਘਾ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਨੰਬਰਦਾਰ ਹਰਕੰਵਲ ਸਿੰਘ ਮੁੱਧ, ਨੰਬਰਦਾਰ ਗੁਰਸ਼ਰਨਜੀਤ ਸਿੰਘ, ਜਗਜੀਤ ਸਿੰਘ ਮੱਲੀ, ਹਰਭਜਨ ਸਿੰਘ ਹੁੰਦਲ, ਮਲਕੀਤ ਸਿੰਘ, ਸੁਰਜੀਤ ਸਿੰਘ ਕੰਗ, ਮੇਜਰ ਸਿੰਘ ਗਿੱਲ, ਦਲਜੀਤ ਸਿੰਘ ਸੋਨੂ ਤੇ ਭਾਰੀ ਗਿਣਤੀ ਵਿੱਚ ਅਕਾਲੀ ਆਗੂ ਤੇ ਪਾਰਟੀ ਵਰਕਰ ਸ਼ਾਮਲ ਹੋਏ। ਗੁਰੂ ਦੇ ਲੰਗਰ ਸੰਗਤਾਂ ਵਿੱਚ ਅਤੁੱਟ ਵਰਤੇ।