- ਗੂਗਲ ਤੋਂ ਮਿਲੇ

- ਗੂਗਲ ਤੋਂ ਮਿਲੇ ਨੰਬਰ ’ਤੇ ਸੰਪਰਕ ਕਰਨ ’ਤੇ ਦੋਸ਼ੀਆਂ ਨੇ ਨੈੱਟਵਰਕ ’ਚ ਫਸਾਇਆ
- ਦਿਹਾਤੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕੀਤੀ ਜਾਂਚ ਸ਼ੁਰੂ
ਸ਼ੁਕ੍ਰਾਂਤ, ਜਾਗਰਣ, ਜਲੰਧਰ : ਜਲੰਧਰ ਦਿਹਾਤੀ ਦੇ ਲਾਂਬੜਾ ਵਿਚ ਸਾਈਬਰ ਠੱਗੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸਰਕਾਰੀ ਵਿਭਾਗ ਦੇ ਇੱਕ ਠੇਕੇਦਾਰ ਨੂੰ ਸਸਤੇ ਸੀਮੈਂਟ ਦਾ ਲਾਲਚ ਦੇ ਕੇ ਲਗਪਗ 19.54 ਲੱਖ ਰੁਪਏ ਦੀ ਠੱਗੀ ਕੀਤੀ ਗਈ। ਇਸ ਮਾਮਲੇ ਵਿਚ ਦਿਹਾਤੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਕੋਦਰ ਰੋਡ ਵਾਸੀ ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਰਕਾਰੀ ਵਿਭਾਗ ਵਿਚ ਠੇਕੇਦਾਰ ਹੈ। ਉਸ ਨੂੰ ਕੰਮ ਲਈ ਵੱਡੀ ਮਾਤਰਾ ਵਿਚ ਸੀਮੈਂਟ ਦੀ ਲੋੜ ਸੀ। ਇਸ ਦੌਰਾਨ ਉਸ ਦੇ ਪੁੱਤਰ ਨੇ ਗੂਗਲ ’ਤੇ ਜੇਕੇ ਸੀਮੈਂਟ ਦਾ ਨੰਬਰ ਲੱਭਿਆ ਅਤੇ ਉੱਥੇ ਮਿਲੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ। ਸ਼ੁਰੂ ਵਿਚ ਇਕ ਵਿਅਕਤੀ ਨੇ ਆਪਣੇ ਆਪ ਨੂੰ ਕੰਪਨੀ ਦਾ ਪ੍ਰਤੀਨਿਧੀ ਦੱਸ ਕੇ ਭਰੋਸਾ ਦਿਵਾਇਆ ਕਿ ਜਲਦੀ ਹੀ ਏਰੀਆ ਸੇਲਜ਼ਮੈਨ ਉਨ੍ਹਾਂ ਨਾਲ ਸੰਪਰਕ ਕਰੇਗਾ। ਕੁਝ ਹੀ ਸਮੇਂ ਬਾਅਦ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਕੰਪਨੀ ਦਾ ਸੇਲਜ਼ਮੈਨ ਦੱਸਿਆ। ਉਸ ਨੇ ਆਰਡਰ ਬੁਕਿੰਗ, ਐਡਵਾਂਸ ਅਤੇ ਸੁਰੱਖਿਆ ਦੇ ਨਾਮ ’ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨ ਲਈ ਕਹਾਣੀਆਂ ਬਣਾਈਆਂ। ਦੋਸ਼ੀਆਂ ਨੇ ਇੰਨੀ ਚਾਲਾਕੀ ਨਾਲ ਗੱਲਬਾਤ ਕੀਤੀ ਕਿ ਪੀੜਤ ਨੂੰ ਕੋਈ ਸ਼ੱਕ ਨਹੀਂ ਹੋਇਆ ਅਤੇ ਉਸ ਨੇ ਕੁੱਲ 19,54,090 ਰੁਪਏ ਵੱਖ-ਵੱਖ ਖਾਤਿਆਂ ਵਿਚ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿਚ ਜਦੋਂ ਸਮਾਨ ਨਹੀਂ ਪਹੁੰਚਿਆ ਅਤੇ ਸੰਪਰਕ ਟੁੱਟ ਗਿਆ ਤਾਂ ਠੱਗੀ ਦਾ ਪਤਾ ਲੱਗਿਆ।
ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਅਜਿਹੇ ਮਾਮਲੇ
- ਵਿਰਕ ਐਨਕਲੇਵ ਦੇ ਨੇੜੇ ਰਹਿਣ ਵਾਲੇ ਇਕ ਵਪਾਰੀ ਨਾਲ ਸਾਲ 2025 ਵਿਚ ਸਰਿਆ ਖਰੀਦਣ ਦੇ ਨਾਮ ’ਤੇ ਲਗਪਗ 12 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ। ਵਪਾਰੀ ਨੇ ਆਨਲਾਈਨ ਸਸਤੇ ਸਰਿਆ ਦੀ ਐਡ ਵੇਖੀ, ਮੈਸੇਜ ਕੀਤਾ ਅਤੇ ਫਿਰ ਉੱਥੇ ਆਏ ਜਵਾਬ ਤੋਂ ਬਾਅਦ ਅੱਗੇ ਲਿੰਕ ਖੋਲ੍ਹਿਆ ਤਾਂ ਪੈਸੇ ਖਾਤੇ ਤੋਂ ਨਿਕਲ ਗਏ।
- ਸਾਇਬਰ ਠੱਗਾਂ ਨੇ ਇੱਕ ਫਰਜ਼ੀ ਟਰਾਂਸਪੋਰਟ ਕੰਪਨੀ ਬਣਾਈ। ਸਾਲ 2024 ਵਿਚ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਉਕਤ ਕੰਪਨੀ ਨਾਲ ਅੱਠ ਲੱਖ ਰੁਪਏ ਦੀ ਡੀਲ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਕੰਪਨੀ ਫਰਜ਼ੀ ਸੀ ਅਤੇ ਪੈਸੇ ਵਾਪਸ ਨਹੀਂ ਮਿਲੇ।
- ਸੀਮੈਂਟ ਘਟਨਾ (2025) : ਆਦਮਪੁਰ ਦੇ ਨੇੜੇ ਆਨਲਾਈਨ ਸੀਮੈਂਟ ਸਪਲਾਈ ਦੇ ਨਾਮ ’ਤੇ ਠੱਗੀ ਹੋਈ ਸੀ। ਵਪਾਰੀ ਨੇ ਆਨਲਾਈਨ ਸੀਮੈਂਟ ਮੰਗਵਾਇਆ, ਜੋ ਬਾਕੀ ਥਾਂਵਾਂ ਤੋਂ ਸਸਤਾ ਮਿਲ ਰਿਹਾ ਸੀ। ਸਸਤੇ ਲੈਣ ਦੇ ਚੱਕਰ ਵਿਚ 15 ਲੱਖ ਰੁਪਏ ਆਨਲਾਈਨ ਦੇ ਦਿੱਤੇ ਅਤੇ ਬਾਅਦ ਵਿਚ ਪੈਸੇ ਵਾਪਸ ਨਹੀਂ ਮਿਲੇ।
ਕਿਵੇਂ ਕਰੀਏ ਬਚਾਅ
- ਇੰਟਰਨੈੱਟ ਤੋਂ ਮਿਲੇ ਨੰਬਰ ’ਤੇ ਭਰੋਸਾ ਨਾ ਕਰੋ। ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ਤੋਂ ਨੰਬਰ ਦੀ ਜਾਂਚ ਕਰੋ।
- ਵੱਡੀ ਰਕਮ ਟਰਾਂਸਫਰ ਕਰਨ ਤੋਂ ਪਹਿਲਾਂ ਕੰਪਨੀ ਦੇ ਦਫ਼ਤਰ ਜਾਂ ਅਧਿਕਾਰਿਤ ਡੀਲਰ ਨਾਲ ਸੰਪਰਕ ਕਰੋ।
- ਐਡਵਾਂਸ ਪੇਮੈਂਟ ਕਰਦੇ ਸਮੇਂ ਸਾਵਧਾਨ ਰਹੋ, ਖਾਸ ਕਰ ਕੇ ਵੱਖ-ਵੱਖ ਖਾਤਿਆਂ ’ਚ ਪੈਸੇ ਨਾ ਭੇਜੋ।
- ਕਿਸੇ ਵੀ ਸ਼ੱਕੀ ਕਾਲ ਜਾਂ ਆਫਰ ’ਤੇ ਤੁਰੰਤ ਪੁਲਿਸ ਜਾਂ ਸਾਈਬਰ ਹੈਲਪਲਾਈਨ ਨਾਲ ਸੰਪਰਕ ਕਰੋ।
ਕੋਟਸ
‘ਆਨਲਾਈਨ ਲੈਣ-ਦੇਣ ’ਚ ਸਾਵਧਾਨੀ ਵਰਤੋ ਅਤੇ ਕਿਸੇ ਵੀ ਸ਼ੱਕੀ ਸਰਗਰਮੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਓ। ਸਾਈਬਰ ਠੱਗ ਨਵੀਆਂ-ਨਵੀਆਂ ਤਕਨੀਕਾਂ ਅਤੇ ਲਾਲਚ ਦੇ ਕੇ ਲੋਕਾਂ ਨੂੰ ਲਗਾਤਾਰ ਠੱਗ ਰਹੇ ਹਨ। ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ।’
- ਨਵੀਨ ਸਿੰਗਲ, ਡੀਆਈਜੀ।