ਸ਼ਹਿਰ ਦੀ ਬਜਾਏ ਪਰਾਗਪੁਰ ਹਾਈਵੇ ਨੇੜੇ ਐੱਮਵੀਆਈ ਦਾ ਦਫ਼ਤਰ, ਲੋਕ ਪਰੇਸ਼ਾਨ
ਜਾ.ਸ., ਜਲੰਧਰ : ਆਰਟੀਓ
Publish Date: Sun, 12 Apr 2026 09:18 PM (IST)
Updated Date: Sun, 12 Apr 2026 09:22 PM (IST)
ਜਾ.ਸ., ਜਲੰਧਰ : ਆਰਟੀਓ ਦਫ਼ਤਰ ਵਿਚ ਆਨਲਾਈਨ ਅਰਜ਼ੀ ਦੀ ਮਨਜ਼ੂਰੀ ਤੋਂ ਲੈ ਕੇ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਰਜ਼ੀਕਰਤਾਵਾਂ ਨੂੰ ਹੁਣ ਦਫ਼ਤਰ ਦੇ ਚੱਕਰ ਲਗਾਉਣੇ ਪੈਂਦੇ ਹਨ। ਆਰਟੀਓ ਦਫ਼ਤਰ ਵਿਚ ਪੈਂਡਿੰਗ ਅਰਜ਼ੀਆਂ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਹੁਣ ਮੋਟਰ ਵਾਹਨ ਇੰਸਪੈਕਟਰ (ਐੱਮਵੀਆਈ) ਸ਼ਹਿਰ ਦੇ ਦਫ਼ਤਰ ਵਿਚ ਬੈਠਣ ਦੀ ਬਜਾਏ ਪਰਾਗਪੁਰ ਹਾਈਵੇ ਨੇੜੇ ਸੜਕ ਕਿਨਾਰੇ ਆਪਣਾ ਦਫ਼ਤਰ ਲਗਾਉਂਦੇ ਹਨ। ਐੱਮਵੀਆਈ ਨਰਿੰਦਰ ਕੁਮਾਰ ਜਲੰਧਰ ਦੇ ਨਾਲ-ਨਾਲ ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹੇ ਦਾ ਵੀ ਚਾਰਜ ਸੰਭਾਲਦੇ ਹਨ। ਇਸ ਲਈ ਜਲੰਧਰ ਵਿਚ ਉਹ ਸਿਰਫ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਕੰਮ ਲਈ ਉਪਲਬਧ ਹੁੰਦੇ ਹਨ। ਕੁਝ ਸਾਲ ਪਹਿਲਾਂ ਐੱਮਵੀਆਈ ਦਾ ਦਫ਼ਤਰ ਬੱਸ ਸਟੈਂਡ ਦੇ ਨੇੜੇ ਡਰਾਈਵਿੰਗ ਟਰੈਕ ਦੇ ਨਾਲ ਰੋਡਵੇਜ਼ ਦੀ ਇਮਾਰਤ ਵਿਚ ਹੁੰਦਾ ਸੀ, ਜਿੱਥੇ ਲੋਕ ਆਸਾਨੀ ਨਾਲ ਆਪਣੇ ਕੰਮ ਲਈ ਪਹੁੰਚ ਜਾਂਦੇ ਸਨ। ਹੁਣ ਪਰਾਗਪੁਰ ਹਾਈਵੇ ’ਤੇ ਮੈਕਡੋਨਾਲਡ ਦੇ ਨੇੜੇ ਸੜਕ ਕਿਨਾਰੇ ਦਫ਼ਤਰ ਲਗਾਉਣ ਤੋਂ ਬਾਅਦ ਲੋਕਾਂ ਨੂੰ ਕਈ ਵਾਰੀ ਐੱਮਵੀਆਈ ਨਾਲ ਮਿਲਣ ਲਈ ਉਨ੍ਹਾਂ ਦੇ ਨਿੱਜੀ ਦਫ਼ਤਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਐੱਮਵੀਆਈ ਨਾਲ ਸਬੰਧਿਤ ਕੰਮਾਂ ਲਈ ਕਿਸੇ ਏਜੰਟ ਦੀ ਸਹਾਇਤਾ ਲੈਣੀ ਪੈਂਦੀ ਹੈ।
ਐੱਮਵੀਆਈ ਦੇ ਕੰਮ : ਹਰ ਜ਼ਿਲ੍ਹੇ ਦੇ ਐੱਮਵੀਆਈ ਦਾ ਕੰਮ ਹੈ ਵਪਾਰਕ ਵਾਹਨਾਂ ਦੀ ਫਿਟਨੈੱਸ ਜਾਂਚ, ਪਾਸਿੰਗ ਸਰਟੀਫਿਕੇਟ ਜਾਰੀ ਕਰਨਾ, ਪੁਰਾਣੇ ਵਾਹਨਾਂ ਦੇ ਸੁਰੱਖਿਆ ਮਾਪਦੰਡਾਂ ਦੀ ਪੁਸ਼ਟੀ ਕਰਨਾ, ਪ੍ਰਦੂਸ਼ਣ ਪੱਧਰ ਦੀ ਜਾਂਚ ਕਰਨਾ, ਦੁਰਘਟਨਾਗ੍ਰਸਤ ਵਾਹਨਾਂ ਦਾ ਸਰਵੇਖਣ ਕਰਨਾ ਅਤੇ ਭਾਰੀ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਲਈ ਅਰਜ਼ੀਕਰਤਾਵਾਂ ਦਾ ਟੈਸਟ ਲੈਣਾ। ਇਹ ਸਾਰੇ ਕੰਮ ਆਰਟੀਓ ਦੇ ਅਧੀਨ ਹੁੰਦੇ ਹਨ, ਜਿਸ ਲਈ ਆਰਟੀਓ ਦਾ ਦਫ਼ਤਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਹੈ। ਜਦਕਿ ਐੱਮਵੀਆਈ ਦਾ ਦਫ਼ਤਰ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਸਥਿਤ ਹੈ।
ਦਫ਼ਤਰ ’ਚ ਬੈਠਣ ਦਾ ਹੁਕਮ ਜਾਰੀ ਕੀਤਾ ਜਾਵੇਗਾ : ਐੱਸਟੀਸੀ
ਸਟੇਟ ਟਰਾਂਸਪੋਰਟ ਕਮਿਸ਼ਨਰ (ਐੱਸਟੀਸੀ) ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਐੱਮਵੀਆਈ ਦੀ ਤਾਇਨਾਤੀ ਦੇ ਹੁਕਮ ਵਿਚ ਇਹ ਚੈੱਕ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਕਿਸ ਦਫ਼ਤਰ ਵਿਚ ਬੈਠਣਾ ਹੈ। ਹੋ ਸਕਦਾ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦਾ ਚਾਰਜ ਹੋਣ ਕਾਰਨ ਵਾਹਨਾਂ ਦੀ ਪਾਸਿੰਗ ਲਈ ਹਾਈਵੇ ਕਿਨਾਰੇ ਬੈਠਣ ਦੀ ਲੜੀ ਬਣਾਈ ਗਈ ਹੋਵੇ। ਪੁਰਾਣੇ ਐੱਮਵੀਆਈ ਦੇ ਰੋਡਵੇਜ਼ ਵਾਲੇ ਦਫ਼ਤਰ ’ਚ ਬੈਠਣ ਦੇ ਸਵਾਲ ’ਤੇ ਕਿਹਾ ਕਿ ਹੁਕਮ ਮੁਤਾਬਿਕ ਜੋ ਵੀ ਜਗ੍ਹਾ ਦੱਸੀਆਂ ਜਾਣਗੀਆਂ, ਉਸੇ ਦਫ਼ਤਰ ਵਿਚ ਐੱਮਵੀਆਈ ਦੇ ਬੈਠਣ ਦਾ ਹੁਕਮ ਦੋ ਦਿਨਾਂ ਵਿਚ ਜਾਰੀ ਕਰ ਦਿੱਤਾ ਜਾਵੇਗਾ।