- ਸਿੱਧ ਸ਼ਕਤੀਪੀਠ ’ਚ

- ਸਿੱਧ ਸ਼ਕਤੀਪੀਠ ’ਚ ਦਿਨ ਭਰ ਹੋਵੇਗਾ ਮਹਾਮਾਈ ਦਾ ਗੁਣਗਾਨ
- ਵੱਖ-ਵੱਖ ਕਿਸਮ ਦੇ ਪਕਵਾਨਾਂ ਦਾ ਲਾਇਆ ਜਾਵੇਗਾ ਲੰਗਰ
- ਕਰਤਾਰਪੁਰ ’ਚ ਵਿਸਾਖੀ ’ਤੇ ਹੋਣਗੇ ਪਹਿਲੇ ਹਸਤਲਿਖਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ
ਸ਼ਾਮ ਸਹਿਗਲ/ਦੀਪਕ ਕੁਮਾਰ, ਜਾਗਰਣ
ਜਲੰਧਰ : ਵਿਸਾਖੀ ਨੂੰ ਲੈ ਕੇ ਸ਼ਹਿਰ ਦੇ ਧਾਰਮਿਕ ਅਸਥਾਨਾਂ ’ਚ ਵਿਆਪਕ ਤੌਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ 14 ਅਪ੍ਰੈਲ ਨੂੰ ਕਰਤਾਰਪੁਰ ਸਥਿਤ ਗੁਰਦੁਆਰਾ ਸਾਹਿਬ ਵਿਚ ਹਸਤਲਿਖਿਤ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ ਮੌਕਾ ਸੰਗਤ ਨੂੰ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਦੇ ਇਕਮਾਤਰ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਵਿਚ ਮੇਲਾ ਸਜਾਇਆ ਜਾਵੇਗਾ। ਇਸ ਦੌਰਾਨ ਸਵੇਰੇ ਤੋਂ ਲੈ ਕੇ ਦਿਨ ਭਰ ਪੰਜਾਬ ਦੇ ਪ੍ਰਸਿੱਧ ਭਜਨ ਗਾਇਕ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਦੇ ਨਾਲ ਹੀ ਭਗਤਾਂ ਲਈ ਤਲਾਬ ’ਚ ਨਹਾਉਣ ਦੀ ਲੜੀ ਵੀ ਕੀਤੀ ਗਈ ਹੈ। ਇਸ ਮੌਕੇ ਵੱਖ-ਵੱਖ ਕਿਸਮ ਦੇ ਪਕਵਾਨਾਂ ਦਾ ਲੰਗਰ ਵੀ ਜਾਰੀ ਰਹੇਗਾ।
-----
- ਵਿਸਾਖੀ ’ਤੇ ਸਜਿਆ ਗੁਰਦੁਆਰਾ ਸਾਹਿਬ ਤੇ ਸਜੇ ਬਾਜ਼ਾਰ
ਗੁਰੂਆਂ ਦੀ ਨਗਰੀ ਸ਼ਹਿਰ ਕਰਤਾਰਪੁਰ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕਾ ਘਰ ਹੋਣ ਦਾ ਗੌਰਵ ਪ੍ਰਾਪਤ ਹੈ, ਇੱਥੇ ਵਿਸਾਖੀ ਦਾ ਤਿਉਹਾਰ ਖਾਸ ਤੌਰ ’ਤੇ ਮਨਾਇਆ ਜਾਵੇਗਾ। 14 ਅਪ੍ਰੈਲ ਨੂੰ ਸੈਂਕੜੇ ਭਗਤ ਦੇਸ਼-ਵਿਦੇਸ਼ ਤੋਂ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ। ਇਸ ਦੇ ਨਾਲ ਕਿਲਾ ਕੋਠੀ ਕਰਤਾਰਪੁਰ ਵਿਚ ਵਿਰਾਜਮਾਨ ਪਹਿਲੇ ਹਸਤਲਿਖਿਤ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਆਦੀ ਗ੍ਰੰਥ ਵੀ ਕਿਹਾ ਜਾਂਦਾ ਹੈ, ਦੇ ਦਰਸ਼ਨ ਕਰਨਗੇ। ਇਹ ਹਸਤਲਿਖਿਤ ਆਦੀ ਗ੍ਰੰਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ। ਇਸ ਦਾ ਸੰਕਲਨ ਗੁਰੂ ਜੀ ਦੀ ਦੇਖ-ਰੇਖ ਵਿਚ ਹੋਇਆ ਸੀ। ਇਹ ਗ੍ਰੰਥ ਆਦੀ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਆਦੀ ਗ੍ਰੰਥ ਹੁਣ ਕਿਲਾ ਕਰਤਾਰਪੁਰ ਵਿਚ ਬਾਬਾ ਕਰਮਜੀਤ ਸਿੰਘ ਸੋਢੀ ਦੇ ਕੋਲ ਸੁਰੱਖਿਅਤ ਰੱਖਿਆ ਗਿਆ ਹੈ। ਇਸ ਕਿਲਾ ਕੋਠੀ ਵਿਚ ਗੁਰੂ ਮਹਾਰਾਜ ਜੀ ਦੀ ਖੂਬਸੂਰਤ ਪਾਲਕੀ, ਪਵਿੱਤਰ ਤਲਵਾਰ, ਸੇਲੀ, ਟੋਪੀ, ਦਸਤਾਰ, ਪਵਿੱਤਰ ਚੋਲਾ, ਸੋਟੀ, ਤੀਰ ਸੁਰੱਖਿਅਤ ਹਨ ਅਤੇ ਸੰਗਤ ਇਨ੍ਹਾਂ ਦੇ ਵੀ ਦਰਸ਼ਨ ਕਰਦੀ ਹੈ। ਇਤਿਹਾਸਕਾਰ ਮੈਕਾਲਫ ਮੁਤਾਬਿਕ ਮੁਗਲ ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਸਿੱਖ ਗੁਰੂ ਸ੍ਰੀ ਅਰਜਨ ਦੇਵ ਜੀ ਦੇ ਪਿਤਾ ਚੌਥੇ ਗੁਰੂ ਰਾਮਦਾਸ ਜੀ ਨੂੰ ਜ਼ਮੀਨ ਪ੍ਰਦਾਨ ਕੀਤੀ ਸੀ। ਇਹ ਗੱਲ 1851 ਦੇ ਬੰਦੋਬਸਤ ਰਿਕਾਰਡ ਵਿਚ ਵੀ ਦਰਜ ਹੈ। ਇਸ ਨਗਰ ਦੀ ਨੀਂਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਅਦ ਵਿਚ ਰੱਖੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਹਮਲਾ ਕਰ ਕੇ ਕਰਤਾਰਪੁਰ ਨੂੰ ਅਗਨੀ ਭੇਟ ਕਰ ਦਿੱਤਾ ਤਾਂ ਸੋਢੀ ਵੰਸ਼ ਦੇ ਤਤਕਾਲੀਨ ਵੰਸ਼ਜ ਬਾਬਾ ਬਡਭਾਗ ਸਿੰਘ ਨੇ ਆਪਣੀ ਸ਼ਰਨਥਲੀ ਪਹਾੜਾਂ ਵਿਚ ਬਣਾ ਲਈ। ਅਗਨੀਕਾਂਡ ਵਿਚ ਜਿੰਨੀ ਵੀ ਇਤਿਹਾਸਕ ਪੁਸਤਕਾਂ ਅਤੇ ਕਾਗਜ਼ਾਤ ਸਨ, ਉਹ ਸੜ ਕੇ ਸੁਆਹ ਹੋ ਗਏ, ਪਰ ਆਦੀ ਗ੍ਰੰਥ ਨੂੰ ਅੱਗ ਛੂਹ ਵੀ ਨਹੀਂ ਸਕੀ। ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਬਾਬਾ ਬਡਭਾਗ ਸਿੰਘ ਜੀ ਵਾਪਸ ਕਰਤਾਰਪੁਰ ਆ ਗਏ।
- ਕਰਤਾਰਪੁਰ ਕਿਲਾ ਕੋਠੀ ’ਚ ਰੱਖਿਆ ਗਿਆ ਆਦੀ ਗ੍ਰੰਥ
ਪਹਿਲਾਂ ਲੋਕ ਇਸ ਪਾਵਨ ਗ੍ਰੰਥ ਨੂੰ ਗੁਰਦਾਸ ਜੀ ਦੀ ਬੀੜ ਦੇ ਨਾਮ ਨਾਲ ਜਾਣਦੇ ਸਨ। ਇਸ ਵਿਚ 1851 ਸ਼ਬਦ ਅਤੇ ਸ਼ਲੋਕ ਸ਼ਾਮਲ ਹਨ। ਇਸ ਆਦੀ ਗ੍ਰੰਥ ਦੇ 975 ਪੰਨੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਲੇਮੀਨੇਟ ਕਰਵਾਇਆ ਗਿਆ। ਇਹ ਆਦੀ ਗ੍ਰੰਥ ਕਰਤਾਰਪੁਰ ਸੋਢੀ ਵੰਸ਼ ਦੀ ਧਰੋਹਰ ਹੈ। ਹਰ ਵਿਸਾਖੀ ਵਾਲੇ ਦਿਨ ਕਿਲੇ ਵਿਚ 10 ਵਜੇ ਤੋਂ 5 ਵਜੇ ਤੱਕ ਭਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਂਦਾ ਹੈ।
- ਸਿੱਧ ਸ਼ਕਤੀਪੀਠ ’ਚ ਸਜੇਗਾ ਮੇਲਾ, 21 ਪਾਵਨ ਸਰੋਵਰਾਂ ਤੋਂ ਜਲ ਲਿਆ ਕੇ ਕਰਨਗੇ ਇਸ਼ਨਾਨ
ਇਸੇ ਤਰ੍ਹਾਂ ਪੰਜਾਬ ਦੇ ਇਕਮਾਤਰ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਵਿਚ ਵਿਸਾਖੀ ਨੂੰ ਲੈ ਕੇ 14 ਅਪ੍ਰੈਲ ਨੂੰ ਮੇਲਾ ਸਜਾਇਆ ਜਾਵੇਗਾ। ਇਸ ਦੌਰਾਨ ਮੰਦਰ ਦੇ ਪਾਵਨ ਸਰੋਵਰ ਵਿਚ 3 ਅਪ੍ਰੈਲ ਨੂੰ ਪਾਏ ਗਏ 21 ਪਾਵਨ ਨਦੀਆਂ ਦੇ ਜਲ ਨਾਲ ਭਗਤ ਇਸ਼ਨਾਨ ਕਰਨਗੇ। ਸ਼ਾਹੀ ਇਸ਼ਨਾਨ ਲਈ ਮੰਦਰ ਦੇ ਤਲਾਬ ਵਿਚ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਜੇਸ਼ ਵਿਜ਼ ਦੱਸਦੇ ਹਨ ਕਿ ਸੰਤ ਸਮਾਜ ਦੀ ਅਗਵਾਈ ਵਿਚ ਮੰਦਰ ਕੰਪਲੈਕਸ ਸਥਿਤ ਪਵਿੱਤਰ ਪਾਵਨ ਸਰੋਵਰ ਵਿਚ ਸਵੇਰੇ 4:30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਨੂੰ ਲੈ ਕੇ ਪਵਿੱਤਰ ਸਰੋਵਰ ਵਿਚ ਜਲ ਅਤੇ ਮੱਛੀਆਂ ਛੱਡੀਆਂ ਜਾ ਚੁੱਕੀਆਂ ਹਨ। ਵਿਸਾਖੀ ’ਤੇ ਔਰਤਾਂ ਵੱਲੋਂ ਇਸ਼ਨਾਨ ਲਈ ਅਲੱਗ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਸ਼ਾਹੀ ਇਸ਼ਨਾਨ ਦੌਰਾਨ ਭਗਤਾਂ ਦੀ ਸਹੂਲਤ ਲਈ ਕਰਮਚਾਰੀ, ਪੁਲਿਸ ਕਰਮਚਾਰੀ, ਪੀਏਪੀ ਅਤੇ ਗੋਤਾਖੋਰ ਸਰੋਵਰ ਦੇ ਨੇੜੇ ਤਾਇਨਾਤ ਰਹਿਣਗੇ। ਮੇਲੇ ਨੂੰ ਲੈ ਕੇ ਦਿਨ ਭਰ ਪ੍ਰਸਿੱਧ ਭਜਨ ਗਾਇਕ ਮਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਜਿਸ ਵਿਚ ਮਹੰਤ ਅਸ਼ਵਨੀ ਸ਼ਰਮਾ, ਰਾਘਵ ਸ਼ਰਮਾ ਐਂਡ ਪਾਰਟੀ ਜਲੰਧਰ ਵਾਲੇ ਸਵੇਰੇ 10 ਤੋਂ 12 ਵਜੇ ਤੱਕ, ਗਾਇਕ ਅਸ਼ੋਕ ਨਿਮਾਨਾ ਐਂਡ ਪਾਰਟੀ ਦੁਪਹਿਰ 12 ਤੋਂ 2 ਵਜੇ ਤੱਕ, ਮਾਸਟਰ ਆਰਯਨ ਐਂਡ ਪਾਰਟੀ ਗੁਰਦਾਸਪੁਰ ਵਾਲੇ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ, ਗਾਇਕ ਰਿਕੀ ਅਰੋੜਾ ਐਂਡ ਪਾਰਟੀ ਅੰਮ੍ਰਿਤਸਰ ਵਾਲੇ ਸ਼ਾਮ 4 ਤੋਂ 6:30 ਵਜੇ ਤੱਕ ਗੁਣਗਾਨ ਕਰਨਗੇ। ਇਸ ਮੌਕੇ ਵੱਖ-ਵੱਖ ਕਿਸਮ ਦੇ ਪਕਵਾਨਾਂ ਦਾ ਲੰਗਰ ਲਾਇਆ ਜਾਵੇਗਾ।
- ਇੱਥੇ ਵੀ ਸਜਾਇਆ ਜਾਵੇਗਾ ਮੇਲਾ
ਵਿਸਾਖੀ ਨੂੰ ਲੈ ਕੇ ਗੁਰਦੁਆਰਾ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਵਿਚ ਵੀ ਵਿਸਾਖੀ ਨੂੰ ਲੈ ਕੇ ਮੇਲਾ ਕਰਵਾਇਆ ਜਾਵੇਗਾ। ਇਸ ਦੌਰਾਨ ਰਾਗੀ ਜਥੇ ਦਿਨ ਭਰ ਗੁਰਬਾਣੀ ਦਾ ਉਚਾਰਨ ਕਰਨਗੇ। ਇਸ ਦੇ ਨਾਲ ਹੀ ਦਿਨ ਭਰ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਬਾਰੇ ਗੁਰਦੁਆਰਾ ਸਾਹਿਬ ਦੇ ਰਿਸੀਵਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸੰਗਤ ਦੀ ਸਹੂਲਤ ਲਈ ਵਿਆਪਕ ਤੌਰ ’ਤੇ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਗੁਰਦੁਆਰਾ ਨੌਂਵੀ ਪਾਤਸ਼ਾਹੀ ਦੁਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਜ਼ਾਰ ਸ਼ੇਖਾਂ, ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਵਿਚ ਵੀ ਵਿਸਾਖੀ ਨੂੰ ਮੇਲਾ ਸਜਾਇਆ ਜਾਵੇਗਾ।