- ਮਾਡਲ ਟਾਊਨ ਦਾ

- ਮਾਡਲ ਟਾਊਨ ਦਾ ਨੌਜਵਾਨ ਬਣਿਆ ਸ਼ਿਕਾਰ, ਲੱਖਾਂ ਰੁਪਏ ਦੀ ਠੱਗੀ, ਇੰਟਰਨੈੱਟ ਮੀਡੀਆ 'ਤੇ ਵਧਿਆ ਸਾਈਬਰ ਠੱਗਾਂ ਦਾ ਨੈੱਟਵਰਕ
ਸ਼ੁਕ੍ਰਾਂਤ, ਜਾਗਰਣ
ਜਲੰਧਰ : ਜਲੰਧਰ ਦੇ ਮਾਡਲ ਟਾਊਨ ਦਾ ਇੱਕ ਨੌਜਵਾਨ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ। ਇਕ ਅਣਜਾਣ ਕੁੜੀ ਦੀ ਫਰੈਂਡ ਰਿਕਵੈਸਟ ਨਾਲ ਸ਼ੁਰੂ ਹੋਈ ਗੱਲਬਾਤ ਨੇ ਬਲੈਕਮੇਲਿੰਗ ਦਾ ਰੂਪ ਧਾਰ ਲਿਆ। ਕੁੜੀ ਨੇ ਪਹਿਲਾਂ ਦੋਸਤੀ ਵਧਾਈ, ਫਿਰ ਵੀਡੀਓ ਕਾਲ ਰਾਹੀਂ ਅਸਲੀਅਤ ਤੋਂ ਬਾਹਰ ਦੀਆਂ ਹਰਕਤਾਂ ਕਰ ਕੇ ਨੌਜਵਾਨ ਨੂੰ ਨੈੱਟਵਰਕ ’ਚ ਫਸਾਇਆ ਅਤੇ ਉਸ ਦੀ ਰਿਕਾਰਡਿੰਗ ਕਰ ਲਈ। ਇਸ ਤੋਂ ਬਾਅਦ ਉਸੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਕੁੜੀ ਨੇ ਲੱਖਾਂ ਰੁਪਏ ਠੱਗ ਲਏ। ਇਹ ਮਾਮਲਾ ਇਕੱਲਾ ਨਹੀਂ ਹੈ, ਬਲਕਿ ਅਜਿਹੇ ਕਈ ਕੇਸ ਹਾਲ ਹੀ ਵਿਚ ਸਾਈਬਰ ਸੈੱਲ ਵਿਚ ਦਰਜ ਕੀਤੇ ਗਏ ਹਨ। ਸਾਈਬਰ ਅਪਰਾਧੀ ਅਕਸਰ ਇੰਟਰਨੈੱਟ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਜਾਂ ਵਟਸਐਪ ਰਾਹੀਂ ਆਪਣੇ ਸ਼ਿਕਾਰ ਲੱਭਦੇ ਹਨ। ਉਹ ਫਰਜ਼ੀ ਪ੍ਰੋਫਾਈਲ ਬਣਾ ਕੇ ਆਪਣੇ ਆਪ ਨੂੰ ਆਕਰਸ਼ਕ ਕੁੜੀ ਜਾਂ ਵਿਦੇਸ਼ੀ ਔਰਤ ਦੱਸ ਕੇ ਨੌਜਵਾਨਾਂ ਨੂੰ ਫਰੈਂਡ ਰਿਕਵੈਸਟ ਭੇਜਦੇ ਹਨ। ਜਿਵੇਂ ਹੀ ਰਿਕਵੈਸਟ ਮਨਜ਼ੂਰ ਹੁੰਦੀ ਹੈ, ਉਹ ਹੌਲੀ-ਹੌਲੀ ਗੱਲਬਾਤ ਸ਼ੁਰੂ ਕਰਦੇ ਹਨ ਅਤੇ ਭਾਵਨਾਤਮਕ ਜੁੜਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਦਿਨਾਂ ਦੀ ਚੈਟਿੰਗ ਤੋਂ ਬਾਅਦ ਉਹ ਵੀਡੀਓ ਕਾਲ ਕਰਨ ਬਾਰੇ ਗੱਲਬਾਤ ਕਰਦੇ ਹਨ। ਕਾਲ ਦੌਰਾਨ ਸਾਹਮਣੇ ਵਾਲਾ ਵਿਅਕਤੀ ਪੀੜਤ ਨੂੰ ਉਕਸਾਉਂਦਾ ਹੈ। ਇਸ ਦੌਰਾਨ ਸਕ੍ਰੀਨ ਰਿਕਾਰਡਿੰਗ ਕਰ ਲਈ ਜਾਂਦੀ ਹੈ, ਜੋ ਬਾਅਦ ਵਿਚ ਬਲੈਕਮੇਲਿੰਗ ਦਾ ਹਥਿਆਰ ਬਣਦੀ ਹੈ।
- ਬਲੈਕਮੇਲਿੰਗ ਕਿਵੇਂ ਕੀਤੀ ਜਾਂਦੀ ਹੈ
ਰਿਕਾਰਡਿੰਗ ਮਿਲਣ ਤੋਂ ਬਾਅਦ ਅਪਰਾਧੀ ਪੀੜਤ ਨੂੰ ਵੀਡੀਓ ਭੇਜ ਕੇ ਧਮਕੀ ਦਿੰਦੇ ਹਨ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਇਹ ਵੀਡੀਓ ਉਸ ਦੇ ਪਰਿਵਾਰ, ਦੋਸਤਾਂ ਜਾਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ। ਡਰ ਅਤੇ ਸ਼ਰਮ ਕਾਰਨ ਕਈ ਲੋਕ ਤੁਰੰਤ ਪੈਸੇ ਟਰਾਂਸਫਰ ਕਰ ਦਿੰਦੇ ਹਨ, ਪਰ ਇੱਕ ਵਾਰੀ ਪੈਸਾ ਦੇਣ ਤੋਂ ਬਾਅਦ ਵੀ ਠੱਗ ਨਹੀਂ ਰੁਕਦੇ ਅਤੇ ਵਾਰ-ਵਾਰ ਪੈਸੇ ਦੀ ਮੰਗ ਕਰਦੇ ਰਹਿੰਦੇ ਹਨ।
- ਕਈ ਮਾਮਲੇ ਸਾਹਮਣੇ ਆ ਚੁੱਕੇ ਹਨ
ਕੇਸ 1
ਇਕ ਨੌਜਵਾਨ ਨੂੰ ਵਿਦੇਸ਼ੀ ਔਰਤ ਬਣ ਕੇ ਫਸਾਇਆ ਗਿਆ ਅਤੇ 50,000 ਰੁਪਏ ਠੱਗੇ ਗਏ। ਵਿਦੇਸ਼ੀ ਔਰਤ ਨੇ ਉਸ ਨੂੰ ਵਿਆਹ ਕਰ ਕੇ ਵਿਦੇਸ਼ ਜਾਣ ਦੀ ਗੱਲ ਕੀਤੀ। ਇਸ ਤੋਂ ਬਾਅਦ ਗੱਲਾਂ ਵਿਚ ਲਾ ਕੇ ਉਸ ਦੇ ਨਾਲ ਕਈ ਤਸਵੀਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਉਸੇ ਰਾਹੀਂ ਉਕਤ ਵਿਅਕਤੀ ਨੂੰ ਬਲੈਕਮੇਲ ਕਰ ਪੈਸੇ ਠੱਗੇ ਗਏ।
ਕੇਸ 2
ਇੰਸਟਾਗ੍ਰਾਮ ’ਤੇ ਦੋਸਤੀ ਤੋਂ ਬਾਅਦ ਵੀਡੀਓ ਕਾਲ ਕਰ ਕੇ ਰਿਕਾਰਡਿੰਗ ਬਣਾਈ ਗਈ ਅਤੇ ਨੌਜਵਾਨ ਤੋਂ ਲੱਖਾਂ ਰੁਪਏ ਠੱਗੇ ਗਏ। ਬਸਤੀ ਨੌਂ ਦੇ ਰਹਿਣ ਵਾਲੇ ਨੌਜਵਾਨ ਨੂੰ ਕੁੜੀ ਨੇ ਗੱਲਾਂ ਵਿਚ ਅਜਿਹਾ ਉਲਝਾਇਆ ਕਿ ਉਹ ਕੁੜੀ ਨਾਲ ਵੀਡੀਓ ਵਿਚ ਫਸ ਗਿਆ। ਸਾਰੀ ਵੀਡੀਓ ਨੂੰ ਰਿਕਾਰਡ ਕੀਤਾ ਗਿਆ ਅਤੇ ਫਿਰ ਨੌਜਵਾਨ ਤੋਂ ਕਰੀਬ ਤਿੰਨ ਲੱਖ ਰੁਪਏ ਲਏ ਗਏ। ਜਦੋਂ ਪੈਸੇ ਦੀ ਮੰਗ ਖਤਮ ਨਹੀਂ ਹੋਈ ਤਾਂ ਉਸ ਨੇ ਸਾਈਬਰ ਸੈੱਲ ਵਿਚ ਸ਼ਿਕਾਇਤ ਕੀਤੀ।
ਕੇਸ 3
ਵਟਸਐਪ ਕਾਲ ਰਾਹੀਂ ਫਸਾ ਕੇ ਪੀੜਤ ਕੋਲੋਂ ਵਾਰ-ਵਾਰ ਪੈਸੇ ਮੰਗੇ ਗਏ। ਜਲੰਧਰ ਦੇ ਹੀ ਰਹਿਣ ਵਾਲੇ ਇੱਕ ਵਪਾਰੀ ਨੂੰ ਇੱਕ ਕੁੜੀ ਨੇ ਮਦਦ ਦੇ ਬਹਾਨੇ ਦੋਸਤੀ ਕੀਤੀ ਅਤੇ ਫਿਰ ਉਸ ਕੋਲੋਂ ਪੈਸੇ ਮੰਗੇ ਗਏ। ਪੈਸੇ ਵਾਪਸ ਨਾ ਕਰਨ ਦੀ ਗੱਲ ਕਰ ਕੇ ਉਸ ਨੂੰ ਕਿਸੇ ਵੀ ਥਾਂ ਜਾਣ ਦੀ ਗੱਲ ਕੀਤੀ। ਵਪਾਰੀ ਵੀ ਲਾਲਚ ਵਿਚ ਆ ਗਿਆ ਅਤੇ ਕੁੜੀ ਦੇ ਨੈੱਟਵਰਕ ਵਿਚ ਫਸ ਕੇ ਲੱਖਾਂ ਰੁਪਏ ਗਵਾ ਬੈਠਾ।
ਕੇਸ 4
ਇੱਕ ਵਿਦਿਆਰਥੀ ਨੂੰ ਧਮਕੀ ਦੇ ਕੇ ਉਸ ਦੇ ਪਰਿਵਾਰ ਨੂੰ ਵੀਡੀਓ ਭੇਜਣ ਦੀ ਗੱਲ ਕਰ ਕੇ ਬਲੈਕਮੇਲ ਕੀਤਾ ਗਿਆ। ਵਿਦਿਆਰਥੀ ਨਾਲ ਵੀਡੀਓ ਚੈਟ ਕਰ ਕੇ ਆਪਣੇ ਆਪ ਨੂੰ ਚੰਡੀਗੜ੍ਹ ਦੀ ਰਹਿਣ ਵਾਲੀ ਕੁੜੀ ਨੇ ਆਪਣੇ ਨੈੱਟਵਰਕ ਵਿਚ ਫਸਾਇਆ। ਉਸ ਨੂੰ ਫਰਜ਼ੀ ਆਈਡੀ ਭੇਜੀ, ਆਪਣੀਆਂ ਤਸਵੀਰਾਂ ਭੇਜੀਆਂ ਅਤੇ ਫਿਰ ਉਸ ਨਾਲ ਗੱਲਬਾਤ ਕੀਤੀ ਤੇ ਵੀਡੀਓ ਬਣਾਈ ਗਈ। ਉਸ ਵੀਡੀਓ ਨੂੰ ਬਣਾ ਕੇ ਪਹਿਲਾਂ ਉਸ ਨੂੰ ਭੇਜਿਆ ਗਿਆ ਅਤੇ ਫਿਰ ਉਸ ਦੇ ਘਰਵਾਲਿਆਂ ਨੂੰ ਭੇਜਣ ਦੀ ਗੱਲ ਕਰ ਕੇ ਬਲੈਕਮੇਲ ਕੀਤਾ ਗਿਆ।
- ਇਸ ਤਰ੍ਹਾਂ ਦੀ ਠੱਗੀ ਤੋਂ ਕਿਵੇਂ ਬਚਣਾ ਹੈ
- ਅਣਜਾਣ ਲੋਕਾਂ ਦੀ ਫਰੈਂਡ ਰਿਕਵੈਸਟ ਮਨਜ਼ੂਰ ਨਾ ਕਰੋ।
- ਇੰਟਰਨੈੱਟ ਮੀਡੀਆ ਪ੍ਰੋਫਾਈਲ ਨੂੰ ਪ੍ਰਾਈਵੇਟ ਰੱਖੋ।
- ਕਿਸੇ ਵੀ ਅਣਜਾਣ ਵਿਅਕਤੀ ਨਾਲ ਵੀਡੀਓ ਕਾਲ ਜਾਂ ਨਿੱਜੀ ਗੱਲਬਾਤ ਤੋਂ ਬਚੋ।
- ਜੇ ਕੋਈ ਅਸ਼ਲੀਲ ਹਰਕਤ ਕਰਨ ਲਈ ਉਕਸਾਏ ਤਾਂ ਤੁਰੰਤ ਕਾਲ ਕੱਟ ਦਿਓ।
- ਬਲੈਕਮੇਲਿੰਗ ਹੋਣ ’ਤੇ ਡਰੋ ਨਾ, ਤੁਰੰਤ ਪੁਲਿਸ ਜਾਂ ਸਾਈਬਰ ਸੈੱਲ ਵਿਚ ਸ਼ਿਕਾਇਤ ਕਰੋ।
- ਕਿਸੇ ਵੀ ਹਾਲਤ ’ਚ ਪੈਸੇ ਟਰਾਂਸਫਰ ਨਾ ਕਰੋ।
- ਕੋਟਸ
ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਵਿਚ ਘਬਰਾਉਣ ਦੀ ਬਜਾਏ ਤੁਰੰਤ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਸਮੇਂ ’ਤੇ ਕਾਰਵਾਈ ਕਰਨ ਨਾਲ ਦੋਸ਼ੀਆਂ ਤੱਕ ਪਹੁੰਚਿਆ ਜਾ ਸਕਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਨੈੱਟਵਰਕ ਵਿਚ ਫਸਣ ਤੋਂ ਬਚਾਇਆ ਜਾ ਸਕਦਾ ਹੈ। ਚੌਕਸੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ। ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਵੱਡੀ ਮੁਸੀਬਤ ਤੋਂ ਬਚਾਅ ਸਕਦੀ ਹੈ। ਕਿਸੇ ਅਣਜਾਣ ਵਿਅਕਤੀ ਨਾਲ ਕਦੇ ਵੀ ਵੀਡੀਓ ਕਾਲ ਨਾ ਕਰੋ। ਤੁਹਾਡੀ ਕਾਲ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।
- ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ।