- ਇੰਟਰਨੈੱਟ ਮੀਡੀਆ ’ਤੇ

- ਇੰਟਰਨੈੱਟ ਮੀਡੀਆ ’ਤੇ ਰਿਸ਼ਤੇ ਦਾ ਮੈਸੇਜ ਭੇਜ ਰਹੇ ਸਾਈਬਰ ਠੱਗ, ਲਿੰਕ ਕਲਿੱਕ ਕਰਦੇ ਹੀ ਬੈਂਕ ਖਾਤਾ ਹੈਕ
ਸੁਕਰਾਂਤ, ਜਾਗਰਣ
ਜਲੰਧਰ : ਜਲੰਧਰ ਦੇ ਨੂਰਪੁਰ ਇਲਾਕੇ ਵਿਚ ਇੱਕ ਨੌਜਵਾਨ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ, ਜਦੋਂ ਉਸ ਨੂੰ ਵਿਦੇਸ਼ ਵਿਚ ਸੈਟਲ ਕੁੜੀ ਨਾਲ ਵਿਆਹ ਕਰਨ ਦਾ ਝਾਂਸਾ ਦਿੱਤਾ ਗਿਆ। ਨੌਜਵਾਨ ਨੂੰ ਇੰਟਰਨੈੱਟ ਮੀਡੀਆ ’ਤੇ ਇਕ ਮੈਸੇਜ ਮਿਲਿਆ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਕ ਕੁੜੀ ਵਿਦੇਸ਼ ਵਿਚ ਰਹਿੰਦੀ ਹੈ ਅਤੇ ਵਿਆਹ ਲਈ ਯੋਗ ਜੀਵਨ ਸਾਥੀ ਦੀ ਭਾਲ ਕਰ ਰਹੀ ਹੈ। ਮੈਸੇਜ ਵਿਚ ਇਕ ਲਿੰਕ ਦਿੱਤਾ ਗਿਆ ਸੀ, ਜਿਸ ’ਤੇ ਕਲਿੱਕ ਕਰ ਕੇ ਪ੍ਰੋਫਾਈਲ ਦੇਖਣ ਅਤੇ ਅੱਗੇ ਦੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ। ਵਿਦੇਸ਼ ਜਾਣ ਅਤੇ ਬਿਹਤਰ ਭਵਿੱਖ ਦੀ ਉਮੀਦ ਵਿਚ ਨੌਜਵਾਨ ਨੇ ਬਿਨਾਂ ਕਿਸੇ ਜਾਂਚ-ਪੜਤਾਲ ਦੇ ਲਿੰਕ ’ਤੇ ਕਲਿੱਕ ਕਰ ਦਿੱਤਾ ਅਤੇ ਉਸ ਵਿਚ ਮੰਗੀ ਗਈ ਜਾਣਕਾਰੀ ਭਰ ਦਿੱਤੀ। ਕੁਝ ਹੀ ਸਮੇਂ ਵਿਚ ਉਸ ਦਾ ਬੈਂਕ ਖਾਤਾ ਹੈਕ ਹੋ ਗਿਆ ਅਤੇ ਠੱਗਾਂ ਨੇ ਲਗਪਗ ਡੇਢ ਲੱਖ ਰੁਪਏ ਕੱਢ ਲਏ। ਜਦੋਂ ਤੱਕ ਨੌਜਵਾਨ ਨੂੰ ਠੱਗੀ ਦਾ ਅਹਿਸਾਸ ਹੋਇਆ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਪੁਲਿਸ ਅਨੁਸਾਰ ਇਸ ਤਰ੍ਹਾਂ ਦੇ ਮਾਮਲੇ ਜਲੰਧਰ ਦੇ ਸਾਈਬਰ ਥਾਣੇ ਸਮੇਤ ਹੋਰ ਥਾਣਿਆਂ ਵਿਚ ਲਗਾਤਾਰ ਸਾਹਮਣੇ ਆ ਰਹੇ ਹਨ। ਠੱਗ ਲੋਕਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਆਪਣੇ ਨੈੱਟਵਰਕ ਵਿਚ ਫਸਾ ਲੈਂਦੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਲਿੰਕ ਜਾਂ ਮੈਸੇਜ ’ਤੇ ਭਰੋਸਾ ਨਾ ਕਰਨ।
- ਕਿਉਂ ਹੁੰਦੀਆਂ ਨੇ ਅਜਿਹੀਆਂ ਠੱਗੀਆਂ
ਸਾਈਬਰ ਅਪਰਾਧੀ ਲੋਕਾਂ ਦੀਆਂ ਮਨੋਵਿਗਿਆਨਿਕ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹਨ। ਵਿਦੇਸ਼ ਵਿਚ ਵਿਆਹ, ਨੌਕਰੀ ਜਾਂ ਪੈਸੇ ਕਮਾਉਣ ਦੇ ਸੁਪਨੇ ਦਿਖਾ ਕੇ ਉਹ ਲਾਲਚ ਅਤੇ ਭਾਵਨਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕਈ ਲੋਕ ਬਿਨਾਂ ਸੋਚੇ ਸਮਝੇ ਲਿੰਕ ’ਤੇ ਕਲਿੱਕ ਕਰ ਦਿੰਦੇ ਹਨ ਜਾਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ, ਜਿਸ ਨਾਲ ਠੱਗਾਂ ਨੂੰ ਮੌਕਾ ਮਿਲ ਜਾਂਦਾ ਹੈ ਅਤੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਠੱਗਾਂ ਦੇ ਖਾਤਿਆਂ ’ਚ ਚਲੀ ਜਾਂਦੀ ਹੈ।
- ਲੋਕ ਕਿਵੇਂ ਫਸਦੇ ਹਨ
- ਅਣਜਾਣ ਲਿੰਕ ’ਤੇ ਕਲਿੱਕ ਕਰਨਾ
- ਨਿੱਜੀ ਜਾਣਕਾਰੀ ਸਾਂਝੀ ਕਰਨਾ
- ਲਾਲਚ ’ਚ ਆਉਣਾ
- ਜਲਦੀ ’ਚ ਫ਼ੈਸਲਾ ਲੈਣਾ
- ਕਈ ਲੋਕ ਹੋ ਚੁੱਕੇ ਨੇ ਠੱਗਾਂ ਦਾ ਸ਼ਿਕਾਰ
ਵਿਦੇਸ਼ੀ ਵਿਆਹ ਦਾ ਝਾਂਸਾ : ਬਸਤੀ ਨੌਂ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵਿਦੇਸ਼ ਵਿਚ ਵਿਆਹ ਕਰਵਾਉਣ ਵਾਲਾ ਮੈਸੇਜ ਮਿਲਿਆ। ਬਿਨਾਂ ਸੋਚੇ-ਸਮਝੇ ਕਲਿੱਕ ਕੀਤਾ। ਉੱਥੇ ਤੋਂ ਆਏ ਇਕ ਮੈਸੇਜ ਵਿਚ 80 ਹਜ਼ਾਰ ਰੁਪਏ ਦਸਤਾਵੇਜ਼ਾਂ ਦੇ ਨਾਮ ’ਤੇ ਮੰਗੇ ਗਏ। ਉਸ ਨੇ ਪੈਸੇ ਦਿੱਤੇ ਤਾਂ ਫਿਰ ਹੋਰ ਪੈਸੇ ਦੀ ਮੰਗ ਹੋਈ। ਜਦੋਂ ਮੈਸੇਜ ਦਾ ਜਵਾਬ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਸਾਰਾ ਸਿਸਟਮ ਬੰਦ ਹੋ ਗਿਆ ਅਤੇ ਪਤਾ ਲੱਗਾ ਕਿ ਫਰਜ਼ੀ ਸਾਈਟ ਤੋਂ ਮੈਸੇਜ ਆਇਆ ਸੀ।
ਜਾਬ ਆਫਰ ਕਰ ਕੇ ਠੱਗ ਲਏ ਪੈਸੇ : ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਗੁਰਾਇਆ ਦੇ ਇੱਕ ਪਿੰਡ ਦੀ ਕੁੜੀ ਤੋਂ ਪੈਸੇ ਠੱਗੇ ਗਏ। ਵਿਦੇਸ਼ ਵਿਚ ਨੌਕਰੀ ਪ੍ਰਾਪਤ ਕਰਨ ਦਾ ਮੈਸੇਜ ਆਇਆ ਤਾਂ ਅੱਗੇ ਦੀ ਕਾਰਵਾਈ ਲਈ ਲਿੰਕ ਕੀਤਾ। ਰਜਿਸਟ੍ਰੇਸ਼ਨ ਫੀਸ ਮੰਗੀ ਗਈ ਤਾਂ 20 ਹਜ਼ਾਰ ਰੁਪਏ ਦਿੱਤੇ, ਫਿਰ ਸਾਈਟ ਹੀ ਬੰਦ ਹੋ ਗਈ।
ਕੋਰੀਅਰ ਅਤੇ ਗਿਫਟ ਸਕੈਮ : ਵਿਦੇਸ਼ ਤੋਂ ਗਿਫਟ ਭੇਜਣ ਦੇ ਨਾਂ ’ਤੇ ਕੈਂਟ ਦੇ ਇੱਕ ਨੌਜਵਾਨ ਨੂੰ ਮੈਸੇਜ ਮਿਲਿਆ। 2 ਹਜ਼ਾਰ ਰੁਪਏ ਫੀਸ ਮੰਗੀ ਗਈ ਅਤੇ ਦਿੱਤੇ ਜਾਣ ’ਤੇ ਨੰਬਰ ਬੰਦ ਹੋ ਗਿਆ।
- ਕੋਟਸ
ਸਾਈਬਰ ਠੱਗ ਲਗਾਤਾਰ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਇਸ ਲਈ ਲੋਕਾਂ ਨੂੰ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ। ਚੌਕਸੀ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾਅ ਸਕਦੀ ਹੈ। ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ। ਕਿਸੇ ਵੀ ਤਰ੍ਹਾਂ ਦੀ ਠੱਗੀ ਹੋਣ ’ਤੇ ਤੁਰੰਤ ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਓ। ਸਮੇਂ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ।
- ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ।