ਜੰਡੂ ਸਿੰਘਾਂ ’ਚ ਵੱਡਾ ਹਾਦਸਾ, ਹਿਮਾਚਲ ਤੋਂ ਆ ਰਿਹਾ ਟਰੱਕ ਡਿਵਾਈਡਰ ’ਤੇ ਚੜ੍ਹਿਆ
- ਜਾਨ-ਮਾਲ ਦੇ ਨੁਕਸਾਨ
Publish Date: Sun, 05 Apr 2026 10:23 PM (IST)
Updated Date: Sun, 05 Apr 2026 10:25 PM (IST)
- ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ, ਹਾਦਸੇ ਕਾਰਨ ਟਰੱਕ ਨੂੰ ਹੋਇਆ ਭਾਰੀ ਨੁਕਸਾਨ
ਸੰਵਾਦ ਸ੍ਰੋਤ, ਜਾਗਰਣ, ਜੰਡੂ ਸਿੰਘਾਂ : ਨਗਰ ਜੰਡੂ ਸਿੰਘਾਂ ’ਚ ਸੜਕ ਵਿਭਾਗ ਵੱਲੋਂ ਨਵੀਂ ਤਿਆਰ ਕੀਤੀ ਗਈ ਸੜਕ ਕਾਰਨ ਵਾਹਨਾਂ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ, ਜਿਸ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਸੜਕ ਬਣਾ ਕੇ ਵਿਭਾਗ ਨੇ ਚੰਗਾ ਉਪਰਾਲਾ ਕੀਤਾ ਹੈ, ਉੱਥੇ ਕੁਝ ਕਮੀਆਂ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸੇ ਸਿਲਸਿਲੇ ’ਚ ਹੁਸ਼ਿਆਰਪੁਰ ਵੱਲੋਂ ਆ ਰਹੇ ਇੱਕ ਟਰੱਕ ਨੰਬਰ ਐੱਚਪੀ23ਸੀ 0881 ਡਿਵਾਈਡਰ ’ਤੇ ਚੜ੍ਹ ਗਿਆ, ਕਿਉਂਕਿ ਉੱਥੇ ਸੁਰੱਖਿਆ ਲਾਈਟਾਂ ਨਹੀਂ ਲੱਗੀਆਂ ਸਨ। ਇਸ ਹਾਦਸੇ ਵਿਚ ਪੂਰਾ ਟਰੱਕ ਨੁਕਸਾਨਿਆ ਗਿਆ, ਪਰ ਟਰੱਕ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ। ਇਹ ਹਾਦਸਾ ਬਹੁਤ ਭਿਆਨਕ ਸੀ, ਜਿਸ ਨਾਲ ਕੋਈ ਵੀ ਵੱਡੀ ਦੁਰਘਟਨਾ ਹੋ ਸਕਦੀ ਸੀ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੜਕ ਵਿਭਾਗ ਵੱਲੋਂ ਜੰਡੂ ਸਿੰਘਾਂ ਮਾਰਕੀਟ ਵਿਚ ਜੋ ਰੋਡ ਬਣਾਇਆ ਗਿਆ ਹੈ, ਉਸ ਵਿਚ ਜੋ ਸੈਂਟਰ ਡਿਵਾਈਡਰ ਦਿੱਤਾ ਗਿਆ ਹੈ, ਉਸ ਵਿਚ ਮੋੜ ’ਤੇ ਕੱਟ ਰੱਖੇ ਗਏ ਹਨ। ਉੱਥੇ ਕੋਈ ਸੁਰੱਖਿਆ ਲਾਈਟ ਜਾਂ ਰੇਡੀਅਮ ਬੋਰਡ ਨਾ ਹੋਣ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਇਕ ਟਰੱਕ ਡਿਵਾਈਡਰ ’ਤੇ ਚੜ੍ਹ ਗਿਆ।
ਇਸ ਟਰੱਕ ਨੂੰ ਅਸ਼ੋਕ ਕੁਮਾਰ, ਜੋ ਕਿ ਹਿਮਾਚਲ ਦਾ ਵਾਸੀ ਹੈ, ਚਲਾ ਰਿਹਾ ਸੀ, ਜੋ ਕਿ ਹਿਮਾਚਲ ਤੋਂ ਸੀਮੈਂਟ ਲੈ ਕੇ ਜਲੰਧਰ ਆਉਣ ਦਾ ਕੰਮ ਕਰਦਾ ਹੈ। ਇਸ ਹਾਦਸੇ ਵਿਚ ਟਰੱਕ ਦਾ ਪੂਰਾ ਨੁਕਸਾਨ ਹੋ ਗਿਆ, ਪਰ ਅਸ਼ੋਕ ਕੁਮਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਜੰਡੂ ਸਿੰਘਾਂ ਮਾਰਕੀਟ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਦੁਸ਼ਰਕਾ ਚੌਕ ਤੋਂ ਲੈ ਕੇ ਜਿੱਥੇ ਵੀ ਡਿਵਾਈਡਰ ਜਾਂ ਕੱਟ ਸ਼ੁਰੂ ਹੁੰਦੇ ਹਨ, ਉੱਥੇ ਸੁਰੱਖਿਆ ਲਾਈਟਾਂ ਜਾਂ ਰੇਡੀਅਮ ਬੋਰਡ ਲਾਏ ਜਾਣ ਤਾਂ ਜੋ ਰਾਤ ਦੇ ਸਮੇਂ ਹੋਣ ਵਾਲੇ ਹਾਦਸਿਆਂ ਤੋਂ ਰਾਹਗੀਰਾਂ ਅਤੇ ਵਾਹਨ ਚਾਲਕਾਂ ਦਾ ਬਚਾਅ ਹੋ ਸਕੇ।
ਰਾਤ ਦੇ ਸਮੇਂ ਜਦੋਂ ਇਹ ਹਾਦਸਾ ਹੋਇਆ ਤਾਂ ਸੜਕ ਸੁਰੱਖਿਆ ਫੋਰਸ ਦੇ ਹਲਕਾ ਇੰਚਾਰਜ ਏਐੱਸਆਈ ਦਵਾਰਕਾ ਦਾਸ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਤਾਂ ਜੋ ਕੋਈ ਹੋਰ ਵਾਹਨ ਉਸ ਟਰੱਕ ਨਾਲ ਨਾ ਟਕਰਾਏ। ਇਹ ਟਰੱਕ ਸਾਰੀ ਰਾਤ ਤੋਂ ਲੈ ਕੇ ਸਵੇਰੇ ਤੱਕ ਸੜਕ ਦੇ ਵਿਚਕਾਰ ਡਿਵਾਈਡਰ ਵਿਚ ਫਸਿਆ ਰਿਹਾ, ਜਿਸ ਨੂੰ ਸਵੇਰੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਚਾਲਕ ਦੀ ਮਦਦ ਨਾਲ ਰਸਤੇ ਤੋਂ ਦੂਰ ਕੀਤਾ, ਤਾਂ ਜੋ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।