ਲੋਹੀਆਂ ’ਚ ਨਾਜਾਇਜ਼ ਸ਼ਰਾਬ ਤਸਕਰੀ ਦਾ ਖੁਲਾਸਾ, ਸਕੂਟਰ ਸਵਾਰ ਮੁਲਜ਼ਮ ਗ੍ਰਿਫ਼ਤਾਰ
- ਪੁਲਿਸ ਨੇ 38
Publish Date: Sun, 05 Apr 2026 10:16 PM (IST)
Updated Date: Sun, 05 Apr 2026 10:19 PM (IST)

- ਪੁਲਿਸ ਨੇ 38 ਬੋਤਲ ਨਾਜਾਇਜ਼ ਸ਼ਰਾਬ ਕੀਤੀ ਬਰਾਮਦ, ਗਸ਼ਤ ਦੌਰਾਨ ਕੀਤੀ ਗਈ ਕਾਰਵਾਈ ਜ.ਸ., ਜਲੰਧਰ : ਜਲੰਧਰ ਦੇ ਲੋਹੀਆਂ ’ਚ ਪੁਲਿਸ ਨੇ ਨਾਜਾਇਜ਼ ਸ਼ਰਾਬ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 38 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਜਿਸ ਨੂੰ ਉਹ ਸਕੂਟਰ ’ਤੇ ਲੈ ਕੇ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਏਐੱਸਆਈ ਅੰਗਰੇਜ਼ ਸਿੰਘ ਆਪਣੀ ਟੀਮ ਨਾਲ ਗਸ਼ਤ ’ਤੇ ਸਨ ਅਤੇ ਲੋਹੀਆਂ ਕਸਬੇ ਤੋਂ ਸਾਬੂਵਾਲ ਰੋਡ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਸਕੂਟਰ ਸਵਾਰ ਵਿਅਕਤੀ ’ਤੇ ਸ਼ੱਕ ਹੋਇਆ, ਜਿਸ ਨੂੰ ਰੋਕ ਕੇ ਜਾਂਚ ਕੀਤੀ ਗਈ। ਤਲਾਸ਼ੀ ਦੌਰਾਨ ਸਕੂਟਰ ਦੇ ਸਾਹਮਣੇ ਰੱਖੇ ਇੱਕ ਪਲਾਸਟਿਕ ਦੇ ਡੱਬੇ ਵਿੱਚੋਂ 38 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਥਾਣਾ ਲੋਹੀਆਂ ਦੇ ਤੌਰ ’ਤੇ ਹੋਈ। ਪੁਲਿਸ ਨੇ ਮੌਕੇ ’ਤੇ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਰਾਮਦ ਕੀਤਾ ਗਿਆ ਸਕੂਟਰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ ਤੇ ਇਸ ਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ।