ਵਰਕਸ਼ਾਪ ਦੀ ਟੁੱਟੀ ਕੰਧ ਨਾ ਬਣਾਉਣ ਕਾਰਨ ਮਸ਼ੀਨਰੀ ਚੋਰੀ ਦਾ ਖ਼ਤਰਾ, ਯੂਨੀਅਨ ਨੇ ਜਤਾਈ ਨਾਰਾਜ਼ਗੀ
ਜ.ਸ., ਜਲੰਧਰ : ਨਗਰ
Publish Date: Sun, 05 Apr 2026 10:00 PM (IST)
Updated Date: Sun, 05 Apr 2026 10:04 PM (IST)

ਜ.ਸ., ਜਲੰਧਰ : ਨਗਰ ਨਿਗਮ ਦੀ ਲੰਮਾ ਪਿੰਡ ਚੌਕ ਸਥਿਤ ਵਰਕਸ਼ਾਪ ਦੀ 15 ਦਿਨ ਪਹਿਲਾਂ ਡਿੱਗੀ ਹੋਈ ਕੰਧ ਹਾਲੇ ਤੱਕ ਨਹੀਂ ਬਣਾਈ ਗਈ। ਪਿੱਛੇ ਤੋਂ ਟੁੱਟੀ ਹੋਈ ਇਸ ਕੰਧ ਕਾਰਨ ਨਗਰ ਨਿਗਮ ਦੀ ਵਰਕਸ਼ਾਪ ਤੋਂ ਮਸ਼ੀਨਰੀ ਅਤੇ ਮਸ਼ੀਨਰੀ ਦੇ ਆਸ-ਪਾਸ ਚੋਰੀ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਡਰਾਈਵਰ ਐਂਡ ਟੈਕਨੀਕਲ ਵਰਕਰ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਇਸ ਬਾਰੇ ਵਾਰ-ਵਾਰ ਜਾਣਕਾਰੀ ਦਿੱਤੀ ਗਈ ਹੈ ਅਤੇ ਐੱਸਈ ਜਸਪਾਲ ਨੂੰ ਵੀ ਕਈ ਵਾਰੀ ਫੋਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਮੰਗ ਕੀਤੀ ਗਈ ਹੈ ਕਿ ਇਸ ਕੰਧ ਨੂੰ ਬਣਵਾਇਆ ਜਾਵੇ, ਕਿਉਂਕਿ ਇਸ ਕੰਧ ਦੇ ਨਾ ਹੋਣ ਕਾਰਨ ਰਾਤ ਨੂੰ ਚੋਰੀ ਹੋਣ ਦਾ ਖ਼ਤਰਾ ਹੈ। ਵਰਕਸ਼ਾਪ ਵਿਚ ਨਗਰ ਨਿਗਮ ਦੀ ਕਰੋੜਾਂ ਰੁਪਏ ਦੀ ਮਸ਼ੀਨਰੀ ਖੜ੍ਹੀ ਹੈ, ਜਿਸ ਵਿਚ ਜੇਸੀਬੀ ਮਸ਼ੀਨ, ਜੇਟਿੰਗ ਮਸ਼ੀਨ, ਟਿੱਪਰ, ਟਰੈਕਟਰ ਟਰਾਲੀ ਸਮੇਤ ਕਈ ਕਿਸਮ ਦੀਆਂ ਮਸ਼ੀਨਰੀਆਂ ਸ਼ਾਮਲ ਹਨ। ਕੰਧ ਬਣਾਉਣ ’ਤੇ ਲਗਪਗ ਚਾਰ ਲੱਖ ਰੁਪਏ ਖਰਚ ਆਉਣਗੇ ਅਤੇ ਇਸ ਬਾਰੇ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਖਰਚੇ ’ਤੇ ਮਲਬਾ ਹਟਾਇਆ ਗਿਆ ਹੈ ਤਾਂ ਜੋ ਕੰਧ ਬਣਾਈ ਜਾ ਸਕੇ। ਸ਼ੰਮੀ ਲੂਥਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜੇਬ ’ਚੋਂ 40 ਹਜ਼ਾਰ ਰੁਪਏ ਖਰਚ ਕੀਤੇ ਅਤੇ ਮਜ਼ਦੂਰਾਂ ਨੂੰ ਪੈਸੇ ਦਿੱਤੇ। ਕੰਧ ਬਣਾਉਣ ’ਤੇ ਲੱਖਾਂ ਰੁਪਏ ਖਰਚ ਹੋਣਗੇ ਅਤੇ ਇਹ ਕੰਮ ਮੁਲਾਜ਼ਮ ਆਪਣੀ ਜੇਬ ਤੋਂ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਹੈੱਡ ਕੁਆਰਟਰ ਵਿਚ ਖੜ੍ਹੀਆਂ ਗੱਡੀਆਂ ਦੀਆਂ ਬੈਟਰੀਆਂ ਪਹਿਲਾਂ ਹੀ ਚੋਰੀ ਹੋ ਚੁੱਕੀਆਂ ਹਨ। ਨਗਰ ਨਿਗਮ ਪ੍ਰਸ਼ਾਸਨ ਇਨ੍ਹਾਂ ਨੁਕਸਾਨਾਂ ਤੋਂ ਵੀ ਨਹੀਂ ਜਾਗ ਰਿਹਾ।