ਬਲਾਕ ਸੰਮਤੀ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਝੰਡੀ
ਸੁਰਜੀਤ ਸਿੰਘ ਜੰਮੂ ,
Publish Date: Mon, 30 Mar 2026 07:26 PM (IST)
Updated Date: Mon, 30 Mar 2026 07:27 PM (IST)
ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ
ਲੋਹੀਆਂ ਖ਼ਾਸ : ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਤ ਬੀਬੀ ਪਵਨਦੀਪ ਕੌਰ ਦੇ ਸਿਰ ’ਤੇ ਤਾਜ ਸਜਿਆ ਗੈ। ਉਸਨੂੰ 9 ਵੋਟਾਂ ਮਿਲੀਆਂ ਜਦਕਿ ਉਸਦੇ ਨਿਕਟ ਵਿਰੋਧੀ ਨੂੰ 7 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਇਸੇ ਹਾਊਸ ਵਿਚ ਮੀਤ ਪ੍ਰਧਾਨ ਦੇ ਅਹੁਦੇ ਵਾਸਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਨੂੰ 11 ਵੋਟਾਂ ਹਾਸਲ ਕਰਨ ’ਤੇ ਉਸਨੂੰ ਜੇਤੂ ਕਰਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਲਾਕ ਲੋਹੀਆਂ ਵਿਚ 15 ਜ਼ੋਨ ਹਨ ਅਤੇ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਜੇਤੂ ਰਹੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੌਕੇ ’ਤੇ ਮੌਜੂਦ ਸਨ ਅਤੇ ਇਸ ਤਰ੍ਹਾਂ ਕੁੱਲ 16 ਵੋਟਾਂ ਪਾਈਆਂ ਗਈਆਂ। ਚੋਣ ਦਾ ਅਮਲ ਅਦਿਤਿਆ ਗੁਪਤਾ ਐੱਸਡੀਐੱਮ ਸ਼ਾਹਕੋਟ ਦੀ ਨਿਗਰਾਨੀ ਵਿਚ ਸਿਰੇ ਚੜ੍ਹਿਆ। ਜਾਣਕਾਰੀ ਦਿੰਦਿਆਂ ਅਦਿੱਤਿਆ ਗੁਪਤਾ ਐੱਸਡੀਐੱਮ ਨੇ ਕਿਹਾ ਕਿ ਹਾਊਸ ਦਾ ਕੋਰਮ ਪੂਰਾ ਸੀ ਜਿਸ ਕਰ ਕੇ ਬਲਾਕ ਸੰਮਤੀ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕਰਾਉਣ ਲਈ ਕੋਈ ਅੜਿੱਕਾ ਨਹੀਂ ਸੀ। ਜਦਕਿ ਮੈਜਿਸਟ੍ਰੇਟ ਦੇ ਤੌਰ ’ਤੇ ਤਹਿਸੀਲਦਾਰ ਸ਼ਾਹਕੋਟ ਅਤੇ ਅਮਨ ਕਾਨੂੰਨ ਦੇ ਰਾਖੇ ਡੀਐੱਸਪੀ ਸ਼ਾਹਕੋਟ ਵੀ ਮੌਜੂਦ ਸਨ। ਦੋਹਾਂ ਅਹੁਦਿਆਂ ਵਾਸਤੇ ਚੋਣ ਕਰਵਾਉਂਦੇ ਸਮੇਂ ਬਿਲਕੁਲ ਸ਼ਾਂਤੀ ਅਤੇ ਸੁਖਾਵੇਂ ਮਾਹੌਲ ਵਿਚ ਚੋਣਾਂ ਹੋਈਆਂ ਹਨ। ਦੱਸਣਯੋਗ ਹੈ ਕਿ ਮੰਡ ਖੇਤਰ ਦੇ ਪਿੰਡ ਜਾਣੀਆਂ ਨਾਲ ਸਬੰਧਤ ਪਵਨਦੀਪ ਕੌਰ ਦੇ ਪਤੀ ਰਣਜੀਤ ਸਿੰਘ ਪਿੰਡ ਦੇ ਸਰਪੰਚ ਵੀ ਹਨ ਜਿਸ ਕਰ ਕੇ ਪਿੰਡ ਅਤੇ ਬਲਾਕ ਦੀ ਅਗਵਾਈ ਇਕੋ ਘਰ ਵਿਚ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਮਿੰਦਰ ਸਿੰਘ ਪੰਡੋਰੀ, ਹਰਜਿੰਦਰ ਸਿੰਘ ਇੰਚਾਰਜ ਸੰਗਠਨ ਅਤੇ ਵਰਕਰ ਜ਼ਿਕਰਯੋਗ ਗਿਣਤੀ ਵਿਚ ਮੌਜੂਦ ਸਨ ਜਿਹਨਾਂ ਵੱਲੋਂ ਜੇਤੂ ਉਮੀਦਵਾਰ ਦਾ ਮੂੰਹ ਮਿੱਠਾ ਕਰਵਾ ਕੇ ਲੱਡੂ ਵੰਡੇ ਗਏ। ਇਸੇ ਤਰ੍ਹਾਂ ਇਲਾਕੇ ਭਰ ਦੇ ਕਾਂਗਰਸੀਆਂ ਵੱਲੋਂ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ।