ਚੌਕ ਸਥਾਪਤੀ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
Publish Date: Mon, 30 Mar 2026 07:18 PM (IST)
Updated Date: Mon, 30 Mar 2026 07:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸ਼ਹਿਰ ਦੇ ਅੰਦਰ ਸ਼ਹੀਦਾਂ ਦੇ ਨਾਂ ’ਤੇ ਚੌਕ ਦੀ ਸਥਾਪਤੀ ਤੇ ਬੁੱਤ ਲਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਮੱਖਣ ਸੰਗਰਾਮੀ, ਐਡਵੋਕੇਟ ਬਲਦੇਵ ਸਾਹਨੀ, ਗਗਨਦੀਪ ਫਿਲੌਰ ਨੇ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਤੋਂ ਪਹਿਲਾਂ ਵੀ ਇਹ ਮੰਗ ਉਠਾਈ ਸੀ, ਜਿਸ ਦੇ ਸਿੱਟੇ ਵਜੋਂ ਸਥਾਨਕ ਨਗਰ ਕੌਂਸਲ ਨੇ ਗੜਾ ਰੋਡ ‘ਤੇ ਅਟਵਾਲ ਕਾਲੋਨੀ ਚੌਕ ਵਿਚ ਬੁੱਤ ਲਾਉਣ ਲਈ ਬਕਾਇਦਾ ਮਤਾ ਤਾਂ ਪਾਸ ਕਰ ਦਿੱਤਾ ਪਰ ਅੱਗੇ ਪੂਣੀ ਨਹੀਂ ਕੱਤੀ। 29 ਜੁਲਾਈ 2024 ਨੂੰ ਮਤਾ ਪਾਉਣ ਉਪਰੰਤ ਕਈ ਵਾਰ ਜੁਬਾਨੀ ਯਾਦ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਇਕੱਤਰ ਨੌਜਵਾਨਾਂ ਨੇ ਅੱਜ ਮੁੜ ਤੋਂ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਜੇ ਇਕ ਮਹੀਨੇ ਦੇ ਅੰਦਰ ਬੁੱਤ ਸਥਾਪਤ ਨਾ ਕੀਤੇ ਤਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਲੋਕਾਂ ਦੇ ਸਹਿਯੋਗ ਨਾਲ ਅਗਲਾ ਐਕਸ਼ਨ ਐਲਾਨੇਗੀ। ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਧਰਨੇ ਦੇ ਆਰੰਭ ’ਚ ਗੱਲਬਾਤ ਕੀਤੀ ਗਈ, ਜਿਥੇ ਮਤੇ ਦੇ ਸਟੇਟਸ ਤੋਂ ਜਾਣੂ ਕਰਵਾਉਣ ਦਾ ਯਕੀਨ ਦਵਾਇਆ ਗਿਆ। ਧਰਨੇ ਦੌਰਾਨ ਅਧਿਕਾਰੀਆਂ ਵੱਲੋਂ ਕੋਈ ਸੰਪਰਕ ਨਾ ਕਰਨ ‘ਤੇ ਨੌਜਵਾਨਾਂ ਨੇ ਪਹਿਲਾ ਪਾਏ ਮਤੇ ਦੇ ਆਧਾਰ ‘ਤੇ ਗੜ੍ਹਾ ਰੋਡ ’ਤੇ ਚੌਕ ਦੀ ਦਾਅਵੇਦਾਰੀ ਕਰਦਿਆਂ ਸਾਈਨ ਬੋਰਡ ਲਗਾ ਕੇ ਸ਼ਹੀਦ ਭਗਤ ਸਿੰਘ, ਸੁਖਦੇਵ ਰਾਜਗੁਰੂ ਚੌਕ ਦਾ ਐਲਾਨ ਕਰ ਦਿੱਤਾ। ਇਸ ਮੰਗ ਨੂੰ ਲੈ ਕੇ ਪਿਛਲੇ ਸਮੇਂ ਤੋਂ ਨੌਜਵਾਨ ਸਭਾ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਸੰਘਰਸ਼ ਦੀ ਬਦੌਲਤ ਕਮੇਟੀ ਵੱਲੋਂ ਮਤਾ ਪਾਇਆ ਜਾ ਚੁੱਕਾ ਹੈ ਪਰ ਅਜੇ ਤੱਕ ਬੁੱਤ ਲਗਾਉਣ ਸਬੰਧੀ ਕੋਈ ਫੰਡ ਆਪ ਦੀ ਸਰਕਾਰ ਵੱਲੋਂ ਮੁਹੱਈਆਂ ਨਹੀਂ ਕਰਵਾਇਆ ਗਿਆ। ਜਿਸ ਦੇ ਰੋਸ ਵਜੋਂ ਅੱਜ ਮਜਬੂਰੀ ਵੱਸ ਨਗਰ ਕੌਂਸਲ ਦਫ਼ਤਰ ਫਿਲੌਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਇਹ ਸ਼ਹੀਦ ਅੱਜ ਵੀ ਨੌਜਵਾਨਾਂ ਅਤੇ ਸਮਾਜ ਦੇ ਪ੍ਰੇਰਨਾ ਸਰੋਤ ਹਨ ਅਤੇ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸਹੁੰ ਚੁੱਕ ਕੇ ਚਲਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਸ਼ਹੀਦਾਂ ਨੂੰ ਲਗਾਤਾਰ ਅਣਗੌਲੇ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪਰਮਜੀਤ ਰੰਧਾਵਾ, ਗੁਰਦੀਪ ਗੋਗੀ, ਜਮਹੂਰੀ ਕਿਸਾਨ ਸਭਾ ਦੇ ਤਰਜਿੰਦਰ ਧਾਲੀਵਾਲ, ਕੁਲਜੀਤ ਫਿਲੌਰ, ਸਭਾ ਦੇ ਆਗੂ ਸਨੀ ਜੱਸਲ, ਜਸਵੀਰ ਢੇਸੀ, ਗੁਰਿੰਦਰਜੀਤ ਗੈਰੀ, ਅਮਰੀਕ ਰੁੜਕਾ, ਜੱਸਾ ਰੁੜਕਾ, ਲਵ ਵਿਰਦੀ, ਇੰਦਰਜੀਤ ਜੰਡੇ, ਮਨੂੰ, ਰੇਸ਼ਮ, ਗੁਰਦੇਵ, ਰਾਮ ਜੀ, ਧਰਮਿੰਦਰ, ਛਿੰਦੋ, ਪਿਆਰੀ, ਕਾਕਾ, ਲਾਹੌਰੀ ਰਾਮ, ਰਸ਼ਪਾਲ ਬੇਗਮਪੁਰ ਆਦਿ ਵੱਡੀ ਗਿਣਤੀ ਨੌਜਵਾਨ ਸ਼ਾਮਲ ਸਨ।