ਵਿਦਿਆਰਥੀਆਂ ’ਚ ਹੁਨਰ ਵਿਕਾਸ ਬਹੁਤ ਜ਼ਰੂਰੀ : ਡਾ. ਸੰਧੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Mon, 30 Mar 2026 07:14 PM (IST)
Updated Date: Mon, 30 Mar 2026 07:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਭੂਗੋਲ ਵਿਭਾਗ ਵੱਲੋਂ ‘ਫੰਡਾਮੈਂਟਲਜ਼ ਆਫ ਰਿਮੋਟ ਸੈਂਸਿੰਗ ਐਂਡ ਜੀਆਈਐੱਸ’ ਵਿਸ਼ੇ ਤੇ ਇਕ ਦਿਨਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਦੇ ਮੁੱਖ ਬੁਲਾਰੇ ਪ੍ਰੋ. ਰਿਪੁਦਮਨ ਸਿੰਘ ਇੰਸਟੀਚਿਊਟ ਆਫ ਸਾਇੰਸ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਉੱਤਰ ਪ੍ਰਦੇਸ਼ ਸਨ। ਉਹਨਾਂ ਦਾ ਸਵਾਗਤ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਅਤੇ ਡਾ. ਪੂਜਾ ਰਾਣਾ, ਮੁੱਖੀ, ਭੂਗੋਲ ਵਿਭਾਗ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ। ਇਹ ਵਰਕਸ਼ਾਪ ਵਿਦਿਆਰਥੀਆਂ ਨੂੰ ਰਿਮੋਟ ਸੈਂਸਿੰਗ ਤਕਨੀਕ ਅਤੇ ਜਿਓਗ੍ਰਾਫਿਕਲ ਇਨਫੋਰਮੇਸ਼ਨ ਸਿਸਟਮ ਵਿਚ ਮੈਪਿੰਗ ਦੇ ਬੁਨਿਆਦੀ ਗਿਆਨ ਨਾਲ ਜਾਣੂ ਕਰਵਾਉਣ ਲਈ ਕਾਰਵਾਈ ਗਈ ਸੀ। ਉਦਘਾਟਨੀ ਭਾਸ਼ਣ ਦੌਰਾਨ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਵਿਦਿਆਰਥੀਆਂ ਦੇ ਸਿਧਾਂਤਕ ਅਤੇ ਵਿਹਾਰਕ ਗਿਆਨ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਵਿਚ ਹੁਨਰ ਵਿਕਾਸ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਭਵਿੱਖ ਵਿਚ ਰੁਜ਼ਗਾਰ ਯੋਗ ਬਣ ਸਕਣ। ਵਰਕਸ਼ਾਪ ਦੇ ਬੁਲਾਰੇ ਪ੍ਰੋ. ਰਿਪੁਦਮਨ ਸਿੰਘ ਨੇ ਰਿਮੋਟ ਸੈਂਸਿੰਗ ਅਤੇ ਜੀਆਈਐੱਸ ਦੇ ਖੇਤਰ ਵਿਚ ਆਪਣੀ ਮਹਾਰਤ ਸਾਂਝੀ ਕਰਦੇ ਹੋਏ ਵੱਖ-ਵੱਖ ਖੇਤਰਾਂ ਵਿਚ ਇਸ ਦੇ ਉਪਯੋਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਵੇਂ ਕਿ ਵਾਤਾਵਰਨ ਨਿਗਰਾਨੀ ਅਤੇ ਮੁਲਾਂਕਣ, ਆਵਾਜਾਈ ਅਤੇ ਬੁਨਿਆਦੀ ਢਾਂਚੇ ਦੀ ਯੋਜਨਾ, ਸ਼ਹਿਰੀ ਯੋਜਨਾ ਅਤੇ ਵਿਕਾਸ, ਅਤੇ ਖੇਤੀਬਾੜੀ ਆਦਿ। ਭਾਗੀਦਾਰਾਂ ਨੂੰ ਸਾਫਟਵੇਅਰ ਅਤੇ ਵੱਖ-ਵੱਖ ਉਪਕਰਣਾਂ ਦੀ ਵਰਤੋਂ ਬਾਰੇ ਹੱਥ-ਉੱਤੇ ਸਿਖਲਾਈ ਵੀ ਦਿੱਤੀ ਗਈ। ਭੂਗੋਲ ਵਿਭਾਗ ਦੀ ਮੁਖੀ ਡਾ. ਪੂਜਾ ਰਾਣਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਕੁੱਲ 6 ਕਾਲਜਾਂ ਨੇ ਭਾਗ ਲਿਆ, ਜਿਸ ਵਿਚ 132 ਤੋਂ ਵੱਧ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਾਜ਼ਰੀ ਭਰੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜਾਣੂ ਰੱਖਣ ਲਈ ਇਸ ਤਰ੍ਹਾਂ ਦੇ ਕਾਰਜਕ੍ਰਮ ਬਹੁਤ ਜ਼ਰੂਰੀ ਹਨ। ਅੰਤ ਵਿਚ ਉਨ੍ਹਾਂ ਨੇ ਪ੍ਰਿੰਸੀਪਲ ਅਤੇ ਵਿਭਾਗ ਦੇ ਸਾਰੇ ਸਟਾਫ ਦਾ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਕਮਲਪ੍ਰੀਤ ਕੌਰ, ਪ੍ਰੋ. ਕਾਰਤਿਕ ਅਤੇ ਪ੍ਰੋ. ਇਸ਼ੂ ਵੀ ਮੌਜੂਦ ਸਨ।