ਹੋਟਲਾਂ ਤੇ ਢਾਬਿਆਂ ’ਤੇ ਭੱਠੀਆਂ ਦੀ ਵਰਤੋਂ ਵਧੀ, ਲੱਕੜ ਤੇ ਕੋਲੇ ਦੀ ਮੰਗ ’ਚ 30 ਫ਼ੀਸਦੀ ਵਾਧਾ
- ਦੂਜੇ ਸੂਬਿਆਂ ਤੋਂ
Publish Date: Fri, 27 Mar 2026 10:24 PM (IST)
Updated Date: Fri, 27 Mar 2026 10:26 PM (IST)

- ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਵੀ ਕਰਨ ਲੱਗੇ ਵਰਤੋਂ - ਭੱਠੀਆਂ ਤਿਆਰ ਕਰਨ ਵਾਲੇ ਹੋਏ ਵਿਅਸਤ ਜ. ਸ., ਜਲੰਧਰ : ਈਰਾਨ-ਇਜ਼ਰਾਈਲ ਯੁੱਧ ਦੌਰਾਨ ਐੱਲਪੀਜੀ ਗੈਸ ਦੀ ਕਮੀ ਕਾਰਨ ਢਾਬਿਆਂ ਅਤੇ ਛੋਟੇ ਵਪਾਰੀਆਂ ਨੂੰ ਰਵਾਇਤੀ ਢੰਗਾਂ ਦੀ ਵਰਤੋਂ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਐੱਲਪੀਜੀ ਗੈਸ ਦੇ ਬਦਲ ਵਜੋਂ ਇੱਥੇ ਲੱਕੜ ਅਤੇ ਕੋਲੇ ਦੀਆਂ ਭੱਠੀਆਂ ਦੀ ਵਰਤੋਂ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਗੈਸ ਸਿਲੰਡਰ ਦਾ ਕੁਨੈਕਸ਼ਨ ਨਾ ਲੈਣ ਵਾਲੇ ਦੂਜੇ ਸੂਬਿਆਂ ਦੇ ਮਜ਼ਦੂਰ ਵੀ ਇਨ੍ਹਾਂ ਰਵਾਇਤੀ ਢੰਗਾਂ ਦੀ ਵਰਤੋਂ ਕਰਨ ਲੱਗੇ ਹਨ। ਇਸ ਕਾਰਨ ਸ਼ਹਿਰ ਵਿਚ ਇਕ ਮਹੀਨੇ ਦੇ ਅੰਦਰ ਲੱਕੜ ਅਤੇ ਕੋਲੇ ਦੀ ਮੰਗ ਵਿਚ 30 ਫ਼ੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ। ਗੈਸ ਦੇ ਸੰਕਟ ਦੇ ਵਿਚਕਾਰ ਲੱਕੜ ਅਤੇ ਕੋਲੇ ਦੀਆਂ ਭੱਠੀਆਂ ਤਿਆਰ ਕਰਨ ਵਾਲੇ ਵੀ ਵਿਅਸਤ ਹੋ ਗਏ ਹਨ। ਜਾਣਕਾਰੀ ਅਨੁਸਾਰ ਲੱਕੜ ਅਤੇ ਕੋਲੇ ਦੀਆਂ ਭੱਠੀਆਂ ਤਿਆਰ ਕਰਨ ਵਾਲੇ ਜਿੱਥੇ ਪਹਿਲਾਂ ਮਹੀਨੇ ਵਿਚ 8 ਤੋਂ 10 ਭੱਠੀਆਂ ਵੇਚਦੇ ਸਨ, ਹੁਣ ਉਹ ਹਰ ਰੋਜ਼ ਔਸਤ 2 ਤੋਂ 3 ਭੱਟੀਆਂ ਤਿਆਰ ਕਰ ਕੇ ਵੇਚ ਰਹੇ ਹਨ। ਇਕ ਪਾਸੇ ਤੇਲ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰ ਦਾ ਕੋਟਾ ਸੀਮਿਤ ਕਰ ਦਿੱਤਾ ਹੈ, ਜਦਕਿ ਇਸ ਨੂੰ ਜਾਰੀ ਕਰਨ ਲਈ ਪ੍ਰਸ਼ਾਸਨਿਕ ਪੱਧਰ ’ਤੇ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਰਾਹੀਂ ਸਿਹਤ, ਸਿੱਖਿਆ ਅਤੇ ਸੰਵੇਦਨਸ਼ੀਲ ਉਦਯੋਗਾਂ ਨੂੰ ਵਪਾਰਕ ਗੈਸ ਸਿਲੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਵਿਚ ਛੋਟੇ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਇਲੈਕਟ੍ਰਿਕ ਚੁੱਲੇ ਅਤੇ ਇੰਡਕਸ਼ਨ ਦੇ ਨਾਲ-ਨਾਲ ਕਈ ਕੰਮਾਂ ਲਈ ਲੱਕੜ ਅਤੇ ਕੋਲੇ ਦੀਆਂ ਭੱਠੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦੀ ਵਰਤੋਂ ਵਾਤਾਵਰਣ ਅਤੇ ਹਵਾ ਦੀ ਗੁਣਵੱਤਾ ’ਤੇ ਵੀ ਪ੍ਰਭਾਵ ਪਾ ਸਕਦੀ ਹੈ। ਫਿਰ ਵੀ ਲੱਕੜ ਅਤੇ ਕੋਲੇ ਦੀਆਂ ਭੱਟੀਆਂ ਅਤੇ ਇਨ੍ਹਾਂ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ। ਬੁਕਿੰਗ ਤੋਂ ਬਾਅਦ ਸਪਲਾਈ ’ਚ ਦਿੱਕਤ, ਪਰੇਸ਼ਾਨੀ ਜਾਰੀ : ਰਸੋਈ ਗੈਸ ਸਿਲਿੰਡਰ ਦੀ ਡਲਿਵਰੀ ਦੇ 25 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਵੀ 5 ਤੋਂ 7 ਦਿਨ ਸਪਲਾਈ ਦੇਣ ਵਿਚ ਲੱਗ ਰਹੇ ਹਨ। ਜਿਸ ਕਾਰਨ ਲੋਕਾਂ ਦੀ ਭੀੜ ਸ਼ਹਿਰ ਦੀ ਗੈਸ ਏਜੰਸੀਆਂ ਅਤੇ ਗੁਦਾਮਾਂ ’ਤੇ ਲੱਗਣ ਲੱਗੀ ਹੈ। ਲੋਕ ਮੋਬਾਈਲ ’ਤੇ ਆਏ ਮੈਸੇਜ ਲੈ ਕੇ ਸਿਲੰਡਰ ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਅਰਬਨ ਅਸਟੇਟ ਇਲਾਕੇ ’ਚ ਗੈਸ ਸਿਲੰਡਰ ਲੈ ਕੇ ਲੋਕ ਏਜੰਸੀਆਂ ਦੇ ਬਾਹਰ ਪਹੁੰਚਣ ਲੱਗੇ। ਜਿਸ ਕਾਰਨ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਲੋਕਾਂ ਦੀ ਕਤਾਰ ਲੱਗੀ ਰਹੀ।