ਸਰਕਾਰੀ ਕਾਲਜ ’ਚ ਇਨਾਮ ਵੰਡ ਸਮਾਗਮ ਕਰਵਾਇਆ
- ਪਰਮਿੰਦਰ ਸਿੰਘ ਪੰਡੋਰੀ
Publish Date: Fri, 27 Mar 2026 09:48 PM (IST)
Updated Date: Fri, 27 Mar 2026 09:50 PM (IST)

- ਪਰਮਿੰਦਰ ਸਿੰਘ ਪੰਡੋਰੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਡਾ. ਜਗਜੀਤ ਕੌਰ ਦੀ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ’ਚ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਅਕਾਦਮਿਕ ਅਤੇ ਸਹਿ-ਪਾਠਕ੍ਰਮ ਸਰਗਰਮੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਮੁੱਖ ਮਹਿਮਾਨ ਤੇ ਜਤਿੰਦਰਪਾਲ ਬੱਲਾ ਸਿੱਖਿਆ ਕੋਆਰਡੀਨੇਟਰ ਤੇ ਬੂਟਾ ਸਿੰਘ ਕਲਸੀ ਐੱਮਸੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਪਹਿਲੇ ਸਥਾਨ ਰਹਿਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਕਾਦਮਿਕ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ। ਕਾਲਜ ਵੱਲੋਂ 23 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਰਵਉੱਤਮ ਪ੍ਰਦਰਸ਼ਨ ਲਈ ਰੋਲ ਆਫ ਆਨਰ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ 45 ਵਿਦਿਆਰਥੀਆਂ ਨੂੰ ਸਹਿ-ਪਾਠਕ੍ਰਮ ਸਰਗਰਮੀਆਂ ਵਿੱਚ ਉਨ੍ਹਾਂ ਦੀਆਂ ਖਾਸ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਪਰਮਿੰਦਰ ਸਿੰਘ ਪੰਡੋਰੀ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਉੱਚੀਆਂ ਮੰਜਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਅਕਾਦਮਿਕ ਕਾਬਲੀਅਤ ਅਤੇ ਸਰਵੋਤਮ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਵਿਦਿਆਰਥੀਆਂ ਨੂੰ ਲਗਨ, ਅਨੁਸ਼ਾਸਨ ਤੇ ਮਿਹਨਤ ਨਾਲ ਪੜ੍ਹਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸੰਸਥਾ ਦੇ ਅਕਾਦਮਿਕ, ਸਹਿ ਪਾਠੀ ਕਿਰਿਆਵਾਂ ਤੇ ਖੇਡਾਂ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਪ੍ਰੋ. ਕੁਲਵੰਤ ਸਿੰਘ ਢਿੱਲੋਂ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਜਸਵਿੰਦਰ ਕੌਰ, ਡਾ. ਕਵਲਜੀਤ ਕੌਰ, ਪ੍ਰੋ. ਅਰਸ਼ਦੀਪ ਸਿੰਘ ਚੌਹਾਨ, ਡਾ. ਕਮਲਜੀਤ ਕੌਰ, ਚੰਦਰ ਕਮਲ, ਹਰਮਨਪ੍ਰੀਤ ਕੌਰ ਦੀ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਪਿੱਛੇ ਸਟਾਫ਼ ਦੀ ਅਗਵਾਈ ਅਤੇ ਮਿਹਨਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ‘ਆਪ’ ਆਗੂ ਰੂਪ ਲਾਲ ਸ਼ਰਮਾ, ਮੰਗਾ ਮੱਟੂ, ਸਰਤਾਜ ਸਿੰਘ ਆਦਿ ਹਾਜ਼ਰ ਸਨ।