ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ
ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ’ਚ ਮਨਾਇਆ ਵਿਸ਼ਵ ਰੰਗਮੰਚ ਦਿਹਾੜਾ ਵਿਸ਼ਵ ਭਰ ਦੀਆਂ ਜੰਗ ਵਿਰੋਧੀ, ਫਾਸਿਜ਼ਮ ਵਿਰੋਧੀ ਸ਼ਕਤੀਆਂ ਨਾਲ ਕਲਾ, ਕਲਮ ਅਤੇ ਰੰਗਮੰਚ ਦੀ ਗਲਵੱਕੜੀ ਪਾਉਣ ਦਾ ਸੁਨੇਹਾ ਦੇਣ ’ਚ ਸਫ਼ਲ ਰਿਹਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ’ਤੇ ਵੰਨ-ਸੁਵੰਨੀਆਂ ਰੰਗ ਟੋਲੀਆਂ, ਕਲਾਕਾਰਾਂ, ਚਿੱਤਰਕਾਰਾਂ, ਸਹਿਯੋਗੀ ਸੰਸਥਾਵਾਂ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ਼ ਜੁੜੇ ਪਰਿਵਾਰਾਂ ਨੇ ਸਮਾਗਮ ਵਿੱਚ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਦਿਆਂ ਅਹਿਦ ਲਿਆ ਕਿ ਰੰਗਕਰਮੀ ਹਮੇਸ਼ਾ ਫ਼ਿਰਕੂ ਫਾਸ਼ੀ, ਜੰਗਬਾਜ਼ਾਂ ਖ਼ਿਲਾਫ਼ ਡੱਟ ਕੇ ਖੜ੍ਹਨਗੇ। ਇਸ ਮੌਕੇ ‘ਜ਼ਿੰਦਗੀ ਰੰਗ ਮੰਚ ਹੈ’ ਵਿਸ਼ੇ ’ਤੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਜੋਕੇ ਉਦਾਸ ਮੌਸਮ ਅਤੇ ਪਤਝੜ ਦੇ ਮੌਸਮ ਵਿੱਚ ‘ਕੋਈ ਹਰਿਆ ਬੂਟ ਰਹਿਓ ਰੀ’ ਦੇ ਕਥਨ ਅਨੁਸਾਰ ਰੰਗ ਕਰਮੀ ਹੱਕ, ਸੱਚ, ਇਨਸਾਫ਼ ਦੀ ਲੋਅ ਜਗਦੀ ਰੱਖਣ ਲਈ ਮੁਬਾਰਕਵਾਦ ਦੇ ਹੱਕਦਾਰ ਨੇ।
ਅੱਜ ਦੇ ਸਮਾਗਮ ’ਚ ਪ੍ਰੋ. ਵਰਿਆਮ ਸਿੰਘ ਸੰਧੂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੱਬਰ ਅਕਾਲੀ ਸੰਗਰਾਮ ਬਾਰੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਜੰਗਬਾਜ਼ਾਂ ਦੇ ਕੈਪਟਨ ਅਮਰੀਕਨ ਸਾਮਰਾਜ ਵੱਲੋਂ ਵੱਖ-ਵੱਖ ਮੁਲਕਾਂ ਨੂੰ ਡਰਾਉਣ, ਧਮਕਾਉਣ, ਨਿਹੱਕੀ ਜੰਗ ਦੀ ਭੱਠੀ ਵਿੱਚ ਝੋਕਣ ਖ਼ਿਲਾਫ਼ ਦੁਨੀਆ ਭਰ ਦੇ ਲੋਕਾਂ ਵੱਲੋਂ ਵਿਰੋਧ ਦਾ ਇਜ਼ਹਾਰ ਇੱਕ ਸੁਲੱਖਣਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਕਲਮ, ਕਲਾ ਅਤੇ ਹੱਕਾਂ ਲਈ ਜੂਝਦੇ ਕਾਫ਼ਲਿਆਂ ਦੀ ਪ੍ਰਸਪਰ ਸਾਂਝ ਅਤੇ ਆਪੋ-ਆਪਣੀ ਕਰਮਭੂਮੀ ਲਈ ਵਿਸ਼ੇਸ਼ ਭੂਮਿਕਾ ਦੀ ਮਹੱਤਤਾ ਨੂੰ ਸਮਝ ਕੇ ਤੁਰਨਾ ਸਮੇਂ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਇਸ ਵਾਰ ਹਾਲੀਵੁੱਡ ਦੇ ਨਾਮਵਰ ਅਦਾਕਾਰ ਵਿਲੀਅਮ ਜੇਮਜ਼ ਡੇਫੀਓ (ਯੂਐੱਸਏ) ਦਾ ਕੌਮਾਂਤਰੀ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਦੁਨੀਆ ਵਿੱਚ ਰੰਗਮੰਚ ਦੀ ਵਿਧਾ ਦਾ ਕੋਈ ਬਦਲ ਨਹੀਂ। ਇਹ ਵਿਧਾ ਬੇਹੱਦ ਕਾਰਗਰ ਹੈ। ਸਮਾਗਮ ’ਚ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਕਰਾਂਤੀਪਾਲ ਦੀ ਨਿਰਦੇਸ਼ਨਾ ਅਤੇ ਪ੍ਰਿਤਪਾਲ ਦੀ ਸਹਿ ਨਿਰਦੇਸ਼ਨਾ ’ਚ ਗੁਰਸ਼ਰਨ ਭਾਅ ਦਾ ਲਿਖਿਆ ਨਾਟਕ ‘ਸੀਸ ਤਲੀ ’ਤੇ’ ਪੇਸ਼ ਕੀਤਾ ਗਿਆ। ‘ਮੋਇਆਂ ਦੇ ਖ਼ਤ’ ਵਿਸ਼ਵ ਪ੍ਰਸਿੱਧ ਰਚਨਾ ’ਤੇ ਆਧਾਰਤ ਦੋ ਲਘੂ ਨਾਟਕ ਅਰੂਸ਼ੀ ਅਤੇ ਐੱਸਪੀ ਸਿੰਘ ਨੇ ਬਾਖ਼ੂਬੀ ਪੇਸ਼ ਕੀਤੇ। ਇਹ ਨਾਟਕ ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ ’ਚ ਤਿਆਰ ਕੀਤੇ ਗਏ।
ਅੱਜ ਦੇ ਸਮਾਗਮ ’ਚ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਇੰਦਰਜੀਤ ਆਰਟਿਸਟ ਜਲੰਧਰ ਵੱਲੋਂ ਲਗਾਈ ਫੋਟੋ ਪ੍ਰਦਰਸ਼ਨੀ। ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਪੀਪਲਜ਼ ਵਾਈਸ ਡਾ. ਸੈਲੇਸ਼ ਵੱਲੋਂ ਵੀ ਤਸਵੀਰਾਂ ਲਾਈਆਂ ਗਈਆਂ। ਫੋਟੋ ਪ੍ਰਦਰਸ਼ਨੀ ਨੇ ਜੰਗ, ਫ਼ਿਰਕਾਪ੍ਰਸਤੀ ਅਤੇ ਫਾਸ਼ੀਵਾਦ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਮਿਲ ਕੇ ਜੂਝਣ ਦਾ ਪੈਗ਼ਾਮ ਦਿੱਤਾ। ਜਲ੍ਹਿਆਂ ਵਾਲਾ ਬਾਗ਼, ਬਬਰ ਲਹਿਰ, ਕਾਕੋਰੀ ਕਾਂਡ, ਜਮਹੂਰੀ ਹੱਕਾਂ ’ਤੇ ਵਾਰ ਆਦਿ ਬਾਰੇ ਪੰਜਾਬ ਦੇ ਨਾਮਵਰ ਕਵੀਆਂ ਦੀ ਕਾਵਿ ਪਰਦਰਸ਼ਨੀ ਨੇ ਲੋਕਾਂ ਉੱਪਰ ਅਮਿੱਟ ਪ੍ਰਭਾਵ ਪਾਇਆ। ਅੱਜ ਦੇ ਸਮਾਗਮ ’ਚ ਜੀਐੱਨਏ ਯੂਨੀਵਰਸਿਟੀ, ਫਗਵਾੜਾ ਦੇ ਪ੍ਰੋ. ਰਵੀ ਦੀ ਅਗਵਾਈ ’ਚ ਵੱਡੀ ਗਿਣਤੀ ਵਿੱਚ ਆਏ ਵਿਦਿਆਰਥੀਆਂ ਤੋਂ ਇਲਾਵਾ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਪਰਮਜੀਤ ਸਿੰਘ ਵਿਰਕ, ਜਸਪ੍ਰੀਤ ਸਿੰਘ ਸੈਣੀ, ਕਵਿਤਰੀ ਬਲਜੀਤ ਕੌਰ ਬੱਲ, ਰੰਗ ਕਰਮੀ ਬਖ਼ਸ਼ ਸੰਘਾ ਐਡਮਿੰਟਨ (ਕੈਨੇਡਾ) ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਦਰਜਨਾਂ ਕਲਾ ਪ੍ਰੇਮੀ ਹਾਜ਼ਰ ਸਨ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸੱਭਿਆਚਾਰਕ ਸਰਗਰਮੀਆਂ ਹਰ ਮਹੀਨੇ ਜਾਰੀ ਰਹਿਣਗੀਆਂ। ਸਮਾਗਮ ਦਾ ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।